ਅਧਿਆਪਕਾ ਨੇ ਸਕੂਲ ''ਚ ਵਜਾਏ ਵਿਆਹ ਦੇ ਵਾਜੇ, ਕੋਰਟ ਨੇ ਲਗਾਈ ''ਕਲਾਸ''

Monday, Sep 09, 2024 - 05:32 PM (IST)

ਅਧਿਆਪਕਾ ਨੇ ਸਕੂਲ ''ਚ ਵਜਾਏ ਵਿਆਹ ਦੇ ਵਾਜੇ, ਕੋਰਟ ਨੇ ਲਗਾਈ ''ਕਲਾਸ''

ਹਮੀਰਪੁਰ (ਭਾਸ਼ਾ)- ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਹਮੀਰਪੁਰ ਦੇ ਇਕ ਸਰਕਾਰੀ ਸਕੂਲ ਕੰਪਲੈਕਸ 'ਚ ਆਪਣੇ ਬੇਟੇ ਦੇ ਵਿਆਹ ਦਾ ਸਮਾਰੋਹ ਆਯੋਜਿਤ ਕਰਨ ਲਈ ਇਕ ਅਧਿਆਪਕਾ ਨੂੰ ਫਟਕਾਰ ਲਗਾਈ ਹੈ ਅਤੇ ਉਸ ਨੂੰ ਕੰਪਲੈਕਸ 'ਚ 2 'ਵਾਟਰ ਪਿਊਰੀਫਾਇਰ' ਲਗਵਾਉਣ ਦਾ ਨਿਰਦੇਸ਼ ਦਿੱਤਾ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਪ੍ਰੋਗਰਾਮ 5 ਨਵੰਬਰ 2021 ਨੂੰ ਸੁਲਗਾਵਾਨ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਜਾਹੂ ਕਲਾਂ 'ਚ ਆਯੋਜਿਤ ਕੀਤਾ ਗਿਆ ਸੀ, ਜਿਸ 'ਚ ਪ੍ਰਿੰਸੀਪਲ ਅਤੇ ਹੋਰ ਕਰਮਚਾਰੀ ਵੀ ਮੌਜੂਦ ਸਨ। ਸਥਾਨਕ ਵਾਸੀ ਸ਼ਸ਼ੀਕਾਂਤ ਨੇ ਇਸ ਮਾਮਲੇ ਦੀ ਸ਼ਿਕਾਇਤ ਸਕੂਲ ਪ੍ਰਸ਼ਾਸਨ ਅਤੇ ਬਲਾਕ ਸਿੱਖਿਆ ਵਿਭਾਗ ਨੂੰ ਈ-ਮੇਲ ਦੇ ਮਾਧਿਅਮ ਨਾਲ ਕੀਤੀ ਸੀ। ਉਨ੍ਹਾਂ ਨੇ ਮੁੱਖ ਮੰਤਰੀ ਹੈਲਪਲਾਈਨ 'ਤੇ ਵੀ ਸ਼ਿਕਾਇਤ ਦਰਜ ਕਰਵਾਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ 8 ਨਵੰਬਰ ਨੂੰ ਬਲਾਕ ਸਿੱਖਿਆ ਅਧਿਕਾਰੀ (ਬੀ.ਈ.ਈ.ਓ.) ਜਾਂਚ ਲਈ ਪਹੁੰਚੇ ਤਾਂ ਸ਼ਿਕਾਇਤ ਸਹੀ ਪਾਈ ਗਈ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।

ਮੁੱਖ ਮੰਤਰੀ ਹੈਲਪਲਾਈਨ ਤੋਂ ਅਸਪੱਸ਼ਟ ਜਵਾਬ ਮਿਲਣ ਤੋਂ ਬਾਅਦ ਸ਼ਸ਼ੀਕਾਂਤ ਨੇ ਸੂਚਨਾ ਦਾ ਅਧਿਕਾਰ (ਆਰ.ਟੀ.ਆਈ.) ਐਕਟ ਦੇ ਅਧੀਨ ਅਰਜ਼ੀ ਦਾਖ਼ਲ ਕਰ ਕੇ ਤੱਥ ਜੁਟਾਏ। ਇਸ ਤੋਂ ਬਾਅਦ ਉਨ੍ਹਾਂ ਨੇ ਅਪ੍ਰੈਲ 2022 'ਚ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰ ਕੇ 2012 ਦੇ ਅਦਾਲਤ ਦੇ ਆਦੇਸ਼ ਦਾ ਹਵਾਲਾ ਦਿੱਤਾ। ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ 2012 'ਚ ਵਿਵਸਥਾ ਦਿੱਤੀ ਸੀ ਕਿ ਸਰਕਾਰੀ ਸਕੂਲਾਂ ਦੇ ਕੰਪਲੈਕਸ 'ਚ ਕਿਸੇ ਵੀ ਰਾਜਨੀਤਕ ਜਾਂ ਨਿੱਜੀ ਪ੍ਰੋਗਰਾਮ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ਸ਼ੀਕਾਂਤ ਦੀ ਪਟੀਸ਼ਨ 'ਚ ਰਾਜ ਸਿੱਖਿਆ ਵਿਭਾਗ ਦੇ ਸਕੱਤਰ, ਡਾਇਰੈਕਟਰ ਅਤੇ ਉੱਪ ਡਾਇਰੈਕਟਰ, ਬੀ.ਈ.ਈ.ਓ., ਸਕੂਲ ਦੇ ਪ੍ਰਿੰਸੀਪਲ ਅਤੇ ਵਿਆਹ ਦਾ ਆਯੋਜਨ ਕਰਨ ਵਾਲੀ ਅਧਿਆਪਕਾਂ ਨੂੰ ਪ੍ਰਤੀਵਾਦੀ ਬਣਾਇਆ ਗਿਆ। ਪਿਛਲੇ ਹਫ਼ਤੇ ਜਦੋਂ ਇਹ ਮਾਮਲਾ ਹਾਈ ਕੋਰਟ 'ਚ ਸੁਣਵਾਈ ਲਈ ਆਇਆ ਤਾਂ ਅਧਿਆਪਕਾ ਨੇ ਸਕੂਲ 'ਚ ਵਿਆਹ ਸਮਾਰੋਹ ਆਯੋਜਿਤ ਕਰਨ ਲਈ ਮੁਆਫ਼ੀ ਮੰਗੀ। ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਅਜੇ ਮੋਹਨ ਗੋਇਲ ਨੇ ਉਨ੍ਹਾਂ ਨੂੰ ਚਾਰ ਹਫ਼ਤਿਆਂ 'ਚ ਸਕੂਲ 'ਚ 2 ਆਰ.ਓ. (ਰਿਵਰਸ ਆਸਮੋਸਿਸ) 'ਵਾਟਰ ਪਿਊਰੀਫਾਇਰ' ਲਗਵਾਉਣ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਦੱਸਿਆ ਕਿ ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 18 ਅਕਤੂਬਰ ਨੂੰ ਤੈਅ ਕੀਤੀ ਹੈ ਅਤੇ ਸੇਵਾਮੁਕਤ ਪ੍ਰਿੰਸੀਪਲ ਨੂੰ ਅਦਾਲਤ 'ਚ ਹਾਜ਼ਰ ਹੋਣ ਦਾ ਆਦੇਸ਼ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News