ਮੌਸਮ ਵਿਭਾਗ ਦੀ ਭਵਿੱਖਬਾਣੀ; ਦੇਸ਼ ’ਚ ਸਤੰਬਰ ਮਹੀਨੇ ਪੈ ਸਕਦੈ ਆਮ ਨਾਲੋਂ ਵੱਧ ਮੀਂਹ
Wednesday, Sep 01, 2021 - 04:06 PM (IST)
ਨਵੀਂ ਦਿੱਲੀ (ਭਾਸ਼ਾ)— ਭਾਰਤ ਮੌਸਮ ਵਿਗਿਆਨ ਵਿਭਾਗ (ਆਈ. ਐੱਮ. ਡੀ.) ਦਾ ਕਹਿਣਾ ਹੈ ਕਿ ਅਗਸਤ ਮਹੀਨੇ ਦੌਰਾਨ ਆਮ ਨਾਲੋਂ 24 ਫ਼ੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਸੀ ਪਰ ਦੇਸ਼ ’ਚ ਸਤੰਬਰ ਮਹੀਨੇ ਵਿਚ ਆਮ ਨਾਲੋਂ ਵੱਧ ਮੀਂਹ ਪੈਣ ਦਾ ਅਨੁਮਾਨ ਹੈ। ਆਈ. ਐੱਮ. ਡੀ. ਦੇ ਡਾਇਰੈਕਟਰ ਜਨਰਲ ਮਿ੍ਰਤੁੰਜਯ ਮਹਾਪਾਤਰਾ ਨੇ ਬੁੱਧਵਾਰ ਨੂੰ ਦੱਸਿਆ ਕਿ ਸਤੰਬਰ ’ਚ ਮੱਧ ਭਾਰਤ ਦੇ ਕਈ ਹਿੱਸਿਆਂ ਵਿਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਦਿੱਲੀ ’ਚ ਮੀਂਹ ਕਾਰਨ ਕਈ ਥਾਂਵਾਂ ’ਤੇ ਭਰਿਆ ਪਾਣੀ, ਆਵਾਜਾਈ ਪ੍ਰਭਾਵਿਤ (ਤਸਵੀਰਾਂ)
ਮਾਨਸੂਨ ਦੀ ਕਮੀ ਹੁਣ 9 ਫ਼ੀਸਦੀ ਰਹਿ ਗਈ ਹੈ ਅਤੇ ਸਤੰਬਰ ਦੌਰਾਨ ਚੰਗਾ ਮੀਂਹ ਪੈਣ ਨਾਲ ਇਸ ’ਚ ਹੋਰ ਕਮੀ ਆ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਅਗਸਤ ਤੋਂ ਪਹਿਲਾਂ ਜੂਨ ਵਿਚ ਵੀ 7 ਫ਼ੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਸੀ। ਆਈ. ਐੱਮ. ਡੀ. ਨੇ ਆਪਣੇ ਪੂਰਵ ਅਨੁਮਾਨ ’ਚ ਕਿਹਾ ਕਿ ਦੇਸ਼ ’ਚ ਅਗਸਤ ਵਿਚ ਆਮ ਨਾਲੋਂ 24 ਫ਼ੀਸਦੀ ਘੱਟ ਮੀਂਹ ਪਿਆ ਪਰ ਸਤੰਬਰ ਵਿਚ ਮੀਂਹ ਆਮ ਨਾਲੋਂ ਵੱਧ ਪੈਣ ਦੀ ਉਮੀਦ ਹੈ। ਮਹਾਪਾਤਰ ਨੇ ਇਹ ਵੀ ਕਿਹਾ ਕਿ ਉੱਤਰ ਅਤੇ ਪੂਰਬੀ-ਉੱਤਰ ਭਾਰਤ ਅਤੇ ਦੱਖਣੀ ਭਾਰਤ ਦੇ ਦੱਖਣੀ ਹਿੱਸਿਆਂ ਵਿਚ ਆਮ ਜਾਂ ਉਸ ਤੋਂ ਘੱਟ ਮੀਂਹ ਪੈਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ: ‘ਸਕੂਲ ਚਲੇ ਹਮ’ ; ਕੋਰੋਨਾ ਦੇ ਸਾਏ ਹੇਠ ਅੱਜ ਦੇਸ਼ ਦੇ ਇਨ੍ਹਾਂ ਸੂਬਿਆਂ ’ਚ ਖੁੱਲ੍ਹੇ ਸਕੂਲ
ਦੱਸ ਦੇਈਏ ਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਮੀਂਹ ਪੈ ਰਿਹਾ ਹੈ, ਜਿੱਥੇ ਹੜ੍ਹ ਵਰਗੀ ਗੰਭੀਰ ਸਥਿਤੀ ਦਾ ਵੀ ਲੋਕ ਸਾਹਮਣਾ ਕਰ ਰਹੇ ਹਨ। ਆਸਾਮ ਵਿਚ ਇਸ ਸਮੇਂ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਇਸ ਤੋਂ ਇਲਾਵਾ ਦੇਸ਼ ਦੀ ਰਾਜਧਾਨੀ ਦਿੱਲੀ ’ਚ ਵੀ ਅੱਜ ਮੋਹਲੇਧਾਰ ਮੀਂਹ ਪਿਆ। ਮੀਂਹ ਪੈਣ ਕਾਰਨ ਭਾਵੇਂ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਇਸ ਦੇ ਨਾਲ-ਨਾਲ ਲੋਕਾਂ ਨੂੰ ਕਈ ਪਰੇਸ਼ਾਨੀਆਂ ਨਾਲ ਵੀ ਦੋ-ਚਾਰ ਹੋਣਾ ਪੈ ਰਿਹਾ ਹੈ।