ਮੁੰਬਈ 'ਚ ਮਾਸਕ ਨਾ ਪਹਿਨਣ 'ਤੇ ਵਿਰੋਧ ਕਰਨਾ ਸ਼ਖਸ ਨੂੰ ਪਿਆ ਮਹਿੰਗਾ
Monday, May 04, 2020 - 11:30 AM (IST)

ਮੁੰਬਈ-ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ 'ਚ ਮਾਸਕ ਨਾ ਪਹਿਨਣ 'ਤੇ ਇਤਰਾਜ਼ ਜਤਾਉਣਾ ਸ਼ਖਸ ਨੂੰ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਉਸ 'ਤੇ ਤਲਵਾਰ ਅਤੇ ਚਾਕੂ ਨਾਲ ਹਮਲਾ ਹੋ ਗਿਆ ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ।
ਦੱਸਣਯੋਗ ਹੈ ਕਿ ਇਹ ਮਾਮਲਾ ਮੁੰਬਈ ਦੇ ਤਿਲਕ ਨਗਰ ਪੁਲਸ ਥਾਣੇ ਦਾ ਹੈ। ਪੁਲਸ ਮੁਤਾਬਕ ਐਤਵਾਰ ਨੂੰ ਸਵੇਰਸਾਰ ਕੁਝ ਲੋਕ ਬਿਨਾ ਮਾਸਕ ਲਾਏ ਅਤੇ ਬਿਨਾ ਸੋਸ਼ਲ ਡਿਸਟੈਂਸਿੰਗ ਦੇ ਸਬਜ਼ੀ ਖਰੀਦ ਰਹੇ ਸੀ। ਇਸ 'ਤੇ ਨਵਨੀਤ ਰਾਣਾ ਨਾਂ ਦੇ ਸ਼ਖਸ ਨੇ ਇਤਰਾਜ਼ ਜਤਾਇਆ। ਇਸ ਤੋਂ ਬਾਅਦ ਨਿਯਮਾਂ ਦੀਆਂ ਧੱਜੀਆ ਉਡਾ ਰਹੇ ਲੋਕਾਂ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਇਸ ਤੋਂ ਬਾਅਦ ਐਤਵਾਰ ਰਾਤ ਲਗਭਗ 8 ਵਜੇ ਕੁਝ ਬਦਮਾਸ਼ਾਂ ਨੇ ਹੱਥਾਂ 'ਚ ਤਲਵਾਰਾਂ ਅਤੇ ਚਾਕੂ ਲੈ ਕੇ ਸ਼ਖਸ ਨਵਨੀਤ ਰਾਣਾ ਦੇ ਘਰ ਪਹੁੰਚ ਗਏ ਪਰ ਨਵਨੀਤ ਘਰ ਨਹੀਂ ਸੀ ਤਾਂ ਬਦਮਾਸ਼ਾਂ ਨੇ ਨਵਨੀਤ ਦੇ ਦੋ ਭਰਾਵਾਂ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਕਾਫੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਉਨ੍ਹਾਂ ਨੂੰ ਰਾਜਾਵਾੜੀ ਦੇ ਹਸਪਤਾਲ ਭਰਤੀ ਕਰਵਾਇਆ ਗਿਆ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਭਾਲ ਜਾਰੀ ਹੈ ਅਤੇ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ।