ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 477ਵੇਂ ਟਰੱਕ ਦੀ ਸਮੱਗਰੀ

Wednesday, Jul 04, 2018 - 10:28 AM (IST)

ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 477ਵੇਂ ਟਰੱਕ ਦੀ ਸਮੱਗਰੀ

ਜਲੰਧਰ/ਸ਼੍ਰੀਨਗਰ (ਜੁਗਿੰਦਰ ਸੰਧੂ)— ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਲੋਕਾਂ ਲਈ ਹਾਲਾਤ ਪਿਛਲੇ ਕਾਫੀ ਸਮੇਂ ਤੋਂ ਦੁਖਦਾਈ ਅਤੇ ਦਰਦਨਾਕ ਬਣੇ ਹੋਏ ਹਨ। ਪਾਕਿਸਤਾਨ ਦੀਆਂ ਘਿਨਾਉਣੀਆਂ ਹਰਕਤਾਂ ਨੇ ਇਸ ਸੂਬੇ ਦੇ ਲੋਕਾਂ ਨੂੰ ਬੇਹੱਦ ਜ਼ਖ਼ਮ ਦਿੱਤੇ ਹਨ। ਬਹੁਤ ਸਾਰੇ ਪਰਿਵਾਰ ਪਾਕਿਸਤਾਨ ਦੀ ਸ਼ਹਿ ਹੇਠ ਚਲਾਏ ਜਾ ਰਹੇ ਅੱਤਵਾਦ ਨੇ ਉਜਾੜ ਦਿੱਤੇ ਅਤੇ ਅਣਗਿਣਤ ਲੋਕਾਂ ਨੂੰ ਸਰਹੱਦ ਪਾਰ ਤੋਂ ਆਉਂਦੀ ਗੋਲੀਆਂ ਦੀ ਵਾਛੜ ਕਾਰਨ ਆਪਣੇ ਘਰ-ਘਾਟ ਛੱਡ ਕੇ ਸ਼ਰਨਾਰਥੀਆਂ ਵਾਲਾ ਜੀਵਨ ਗੁਜ਼ਾਰਨਾ ਪੈ ਰਿਹਾ ਹੈ। 
ਇਸ ਦੋਹਰੀ ਮਾਰ ਕਾਰਨ ਕੱਖਾਂ ਤੋਂ ਹੌਲੇ ਹੋ ਗਏ ਲੋਕਾਂ ਦੀ ਗਿਣਤੀ ਲੱਖਾਂ ਵਿਚ ਹੈ ਅਤੇ ਅਜੇ ਵੀ ਪਾਕਿਸਤਾਨ ਆਪਣੇ ਘਟੀਆ ਇਰਾਦਿਆਂ ਵਿਚ ਤਬਦੀਲੀ ਕਰਨ ਦਾ ਕੋਈ ਸੰਕੇਤ ਨਹੀਂ ਦਿਖਾ ਰਿਹਾ। ਸੰਕਟਾਂ ਨਾਲ ਜੂਝ ਰਹੇ ਜੰਮੂ-ਕਸ਼ਮੀਰ ਦੇ ਇਨ੍ਹਾਂ ਪਰਿਵਾਰਾਂ ਲਈ ਹੀ 'ਪੰਜਾਬ ਕੇਸਰੀ ਪੱਤਰ ਸਮੂਹ' ਦੇ ਮੁਖੀ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੇ ਹਮਦਰਦੀ ਭਰੇ ਬੁਲੰਦ ਇਰਾਦਿਆਂ ਅਧੀਨ ਇਕ ਵਿਸ਼ੇਸ਼ ਰਾਹਤ ਮੁਹਿੰਮ ਅਕਤੂਬਰ 1999  ਤੋਂ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ 477ਵੇਂ ਟਰੱਕ ਦੀ ਰਾਹਤ ਸਮੱਗਰੀ ਇਨ੍ਹਾਂ ਲੋੜਵੰਦ ਪਰਿਵਾਰਾਂ ਲਈ ਭਿਜਵਾਈ ਗਈ।
ਇਸ ਵਾਰ ਦੀ ਰਾਹਤ ਸਮੱਗਰੀ ਕਾਰ ਡੀਲਰਜ਼ ਐਸੋਸੀਏਸ਼ਨ ਪਾਤੜਾਂ ਵਲੋਂ ਪ੍ਰਧਾਨ ਸ਼੍ਰੀ ਜਗਦੀਸ਼ ਰਾਏ ਪੱਪੂ ਜੀ ਦੇ ਯਤਨਾਂ ਸਦਕਾ ਭਿਜਵਾਈ ਗਈ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ ਵਿਚ ਐਸੋਸੀਏਸ਼ਨ ਦੇ ਸ਼ੀਸ਼ ਪਾਲ ਗਰਗ, ਸਤੀਸ਼ ਗਰਗ, ਜਸਪਾਲ ਸਿੰਘ, ਸੁਨੀਲ ਗੋਇਲ, ਗੋਲਡੀ ਗੋਇਲ ਅਤੇ ਹੋਰ ਮੈਂਬਰਾਂ ਨੇ ਵਿਸ਼ੇਸ਼ ਯੋਗਦਾਨ ਪਾਇਆ।
ਜਲੰਧਰ ਤੋਂ ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵਲੋਂ ਪੀੜਤ ਖੇਤਰਾਂ ਲਈ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ 300 ਪਰਿਵਾਰਾਂ ਲਈ ਪ੍ਰਤੀ ਪਰਿਵਾਰ 10 ਕਿਲੋ ਆਟਾ, 10 ਕਿਲੋ ਚਾਵਲ ਅਤੇ ਇਕ ਕੰਬਲ ਸ਼ਾਮਿਲ ਸੀ। 
ਰਾਹਤ ਮੁਹਿੰਮ ਦੇ ਆਗੂ ਲਾਇਨ ਜੇ. ਬੀ. ਸਿੰਘ ਚੌਧਰੀ ਅੰਬੈਸਡਰ ਆਫ ਗੁਡਵਿੱਲ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਜਾਣ ਵਾਲੀ ਟੀਮ ਵਿਚ ਕਾਰ ਡੀਲਰਜ਼ ਐਸੋਸੀਏਸ਼ਨ ਪਾਤੜਾਂ ਦੇ ਮੈਂਬਰਾਂ ਤੋਂ ਇਲਾਵਾ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਅਤੇ ਇਕਬਾਲ ਸਿੰਘ ਅਰਨੇਜਾ ਵੀ ਸ਼ਾਮਲ ਸਨ।


Related News