CAA ਦੇ ਵਿਰੋਧ 'ਚ ਕੱਲ ਕਾਂਗਰਸ ਕਰੇਗੀ ਪ੍ਰਦਰਸ਼ਨ, ਸੋਨੀਆ-ਰਾਹੁਲ ਵੀ ਹੋ ਸਕਦੇ ਹਨ ਸ਼ਾਮਲ
Saturday, Dec 21, 2019 - 07:18 PM (IST)

ਨਵੀਂ ਦਿੱਲੀ — ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਕਾਂਗਰਸ ਕੱਲ ਦਿੱਲੀ 'ਚ ਰਾਜਘਾਟ 'ਤੇ ਧਰਨਾ ਪ੍ਰਦਰਸ਼ਨ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਧਰਨਾ ਪ੍ਰਦਰਸ਼ਨ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਸ਼ਾਮਲ ਹੋ ਸਕਦੇ ਹਨ। ਕਾਂਗਰਸ ਪਾਰਟੀ ਦਾ ਇਹ ਧਰਨਾ ਪ੍ਰਦਰਸ਼ਨ ਦੁਪਹਿਰ 2 ਵਜੇ ਤੋਂ ਰਾਤ 8 ਵਜੇ ਤਕ ਚੱਲੇਗਾ।
ਸ਼ੁੱਕਰਵਾਰ ਨੂੰ ਕਾਂਗਰਸ ਪ੍ਰਧਾਨ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਸੀ ਕਿ ਲੋਕਤੰਤਰ 'ਚ ਲੋਕਾਂ ਨੂੰ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਫੈਸਲੇ ਦੇ ਵਿਰੁੱਧ ਆਵਾਜ਼ ਚੁੱਕਣ ਦਾ ਪੂਰਾ ਹੱਕ ਹੈ ਪਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਜਨਤਾ ਦੀ ਆਵਾਜ਼ ਦਬਾਉਣ ਲਈ ਜ਼ੁਲਮ ਦਾ ਰਾਹ ਚੁਣਿਆ ਹੈ। ਸੋਨੀਆ ਗਾਂਧੀ ਨੇ ਸ਼ੁੱਕਰਵਾਰ ਨੂੰ ਇਥੇ ਜਾਰੀ ਇਕ ਵੀਡੀਓ ਸੰਦੇਸ਼ 'ਚ ਨਾਗਰਿਕਤਾ ਸੋਧ ਬਿੱਲ ਨੂੰ ਭੇਦਭਾਅ ਭਰਿਆ ਦੱਸਿਆ ਅਤੇ ਕਿਹਾ ਕਿ ਨੋਟਬੰਦੀ ਵਾਂਗ ਲੋਕਾਂ ਨੂੰ ਇਕ ਵਾਰ ਫਿਰ ਆਪਣੀ ਅਤੇ ਆਪਣੇ ਪੂਰਖਾਂ ਦੀ ਨਾਗਰਿਕਤਾ ਸਾਬਿਤ ਕਰਨ ਲਈ ਲਾਈਨਾਂ 'ਚ ਖੜ੍ਹਾਂ ਹੋਣਾ ਹੋਵੇਗਾ। ਇਸ ਨਾਲ ਗਰੀਬ ਅਤੇ ਕਮਜ਼ੋਰ ਲੋਕਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਵੇਗਾ।