ਪਟਨਾ ਬੈਠਕ ਤੋਂ ਪਹਿਲਾਂ ਕਾਂਗਰਸ ਕਰੇਗੀ ਮੈਗਾ ਸਵਾਗਤ ਪ੍ਰੋਗਰਾਮ
Tuesday, Jun 20, 2023 - 01:16 PM (IST)
ਨਵੀਂ ਦਿੱਲੀ- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ 23 ਜੂਨ ਨੂੰ ਪਟਨਾ ਵਿੱਚ 16 ਵਿਰੋਧੀ ਪਾਰਟੀਆਂ ਦੀ ਬੈਠਕ ਕਰਨ ਦੀ ਤਿਆਰੀ ਕਰ ਰਹੇ ਹਨ, ਜਦੋਂ ਕਿ ਕਾਂਗਰਸ ਲੀਡਰਸ਼ਿਪ ਇੱਕ ਮੈਗਾ ਰੋਡ ਸ਼ੋਅ ਅਤੇ ਸ਼ਾਨਦਾਰ ਸਵਾਗਤ ਰੈਲੀ ਕਰਨ ਦੀ ਯੋਜਨਾ ਬਣਾ ਰਹੀ ਹੈ।
ਇਸ ਤੋਂ ਪਤਾ ਲੱਗਦਾ ਹੈ ਕਿ ਕਾਂਗਰਸ ਦੇ ਮੌਜੂਦਾ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਦਾ ਪਟਨਾ ਹਵਾਈ ਅੱਡੇ ਤੋਂ ਬਿਹਾਰ ਕਾਂਗਰਸ ਕਮੇਟੀ ਹੈੱਡਕੁਆਰਟਰ ਤੱਕ ਰੈੱਡ ਕਾਰਪੇਟ ਸਵਾਗਤ ਕੀਤਾ ਜਾਵੇਗਾ।
ਪਾਰਟੀ ਦੇ ਪ੍ਰਮੁੱਖ ਨੇਤਾਵਾਂ ਦੇ ਹਵਾਈ ਅੱਡੇ ਤੋਂ ਬਾਹਰ ਨਿਕਲਣ ਸਮੇ ਉਨ੍ਹਾਂ ਦੇ ਸਵਾਗਤ ਲਈ ਘੱਟੋ-ਘੱਟ 30 ਸੁਆਗਤੀ ਗੇਟ ਬਣਾਏ ਜਾਣਗੇ । ਹਜ਼ਾਰਾਂ ਲੋਕ ਕਾਂਗਰਸ ਹੈੱਡਕੁਆਰਟਰ ਵੱਲ ਜਾਣ ਵਾਲੀ ਸੜਕ ਦੇ ਦੋਵੇਂ ਪਾਸੇ ਖੜੇ ਹੋਣਗੇ।
ਕਿਉਂਕਿ ਨਿਤੀਸ਼ ਕੁਮਾਰ ਵੱਲੋਂ ਕੋਈ ਵੀ ਜਨਤਕ ਰੈਲੀ ਨਹੀਂ ਬੁਲਾਈ ਗਈ, ਇਸ ਲਈ ਕਾਂਗਰਸ ਲੀਡਰਸ਼ਿਪ ਨੇ ਸਿਖਰਲੀ ਲੀਡਰਸ਼ਿਪ ਦਾ ਨਿੱਘਾ ਸਵਾਗਤ ਕਰਨ ਦਾ ਫੈਸਲਾ ਕੀਤਾ ਹੈ । ਭਾਜਪਾ ਬਿਹਾਰ ਵਿੱਚ ਸਹਿਯੋਗੀ ਪਾਰਟੀਆਂ ਨੂੰ ਜੋੜਨ ਲਈ ਬੇਤਾਬ ਹੈ।
ਅਜਿਹੀਆਂ ਖਬਰਾਂ ਹਨ ਕਿ ਮਾਂਝੀ ਦੀ ‘ਹਮ’ ਪਾਰਟੀ ਦੇ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਉਪੇਂਦਰ ਕੁਸ਼ਵਾਹਾ ਦੀ ਰਾਸ਼ਟਰੀ ਲੋਕ ਜਨਤਾ ਦਲ (ਆਰ.ਐੱਲ.ਜੇ.ਡੀ.) ਅਤੇ ਮੁਕੇਸ਼ ਸਾਹਨੀ ਦੀ ਵਿਕਾਸਸ਼ੀਲ ਇੰਸਾਨ ਪਾਰਟੀ (ਵੀ.ਆਈ.ਪੀ.) ਵੀ ਭਾਜਪਾ ’ਚ ਸ਼ਾਮਲ ਹੋ ਸਕਦੀ ਹੈ। ਚਿਰਾਗ ਪਾਸਵਾਨ ਦੀ ਅਗਵਾਈ ਵਾਲੀ ਐੱਲ. ਜੇ. ਪੀ. (ਰਾਮ ਵਿਲਾਸ) ਨੂੰ ਵੀ ਸ਼ਾਮਲ ਕਰਨ ਲਈ ਗੱਲਬਾਤ ਜਾਰੀ ਹੈ। ਪਸ਼ੂਪਤੀ ਪਾਰਸ (ਕੈਬਿਨੇਟ ਮੰਤਰੀ) ਦੀ ਅਗਵਾਈ ਵਾਲੀ ਐਲ. ਜੇ. ਪੀ. ਦਾ ਦੂਜਾ ਧੜਾ ਪਹਿਲਾਂ ਹੀ ਰਾਜਗ ਵਿੱਚ ਹੈ।
ਭਾਜਪਾ ਲਈ ਆਰ. ਜੇ. ਡੀ. ਜਾਂ ਜਨਤਾ ਦਲ (ਯੂ) ਨੂੰ ਤੋੜਨਾ ਮੁਸ਼ਕਲ ਹੋ ਰਿਹਾ ਹੈ । ਇਸ ਲਈ ਹੁਣ ਉਹ ਇਨ੍ਹਾਂ ਛੋਟੀਆਂ ਪਾਰਟੀਆਂ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਛੋਟੀਆਂ ਪਾਰਟੀਆਂ ਵਲੋਂ ਛੱਡ ਜਾਣ ਨਾਲ ਨਿਤੀਸ਼ ਕੁਮਾਰ ਕੋਲ 6 ਪਾਰਟੀਆਂ ਲਾਲੂ ਦੀ ਰਾਸ਼ਟਰੀ ਜਨਤਾ ਦਲ, ਜਨਤਾ ਦਲ (ਯੂ), ਕਾਂਗਰਸ, ਸੀ.ਪੀ.ਆਈ. (ਐੱਮ.ਐੱਲ.), ਸੀ.ਪੀ.ਆਈ. (ਐੱਮ) ਅਤੇ ਸੀ.ਪੀ.ਆਈ. ਰਹਿ ਜਾਣਗੀਆਂ।