59 ਸਾਲਾਂ ਬਾਅਦ ਕਾਂਗਰਸ ਦੀ ਸਰਕਾਰ ''ਚ ਵਾਪਸੀ, CM ਵਿਜੇ ਦੀ ਕੈਬਨਿਟ ''ਚ ਸ਼ਾਮਲ ਹੋਣਗੇ 2 ਮੰਤਰੀ

Thursday, May 21, 2026 - 12:57 AM (IST)

59 ਸਾਲਾਂ ਬਾਅਦ ਕਾਂਗਰਸ ਦੀ ਸਰਕਾਰ ''ਚ ਵਾਪਸੀ, CM ਵਿਜੇ ਦੀ ਕੈਬਨਿਟ ''ਚ ਸ਼ਾਮਲ ਹੋਣਗੇ 2 ਮੰਤਰੀ

ਚੇਨਈ : ਤਮਿਲਨਾਡੂ ਦੀ ਸਿਆਸਤ ਵਿੱਚ ਬੁੱਧਵਾਰ ਨੂੰ ਇੱਕ ਅਜਿਹਾ ਇਤਿਹਾਸਕ ਫੈਸਲਾ ਹੋਇਆ ਹੈ, ਜਿਸ ਨੇ ਪਿਛਲੇ ਲਗਭਗ ਛੇ ਦਹਾਕਿਆਂ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ ਹੈ। ਮੁੱਖ ਮੰਤਰੀ ਵਿਜੇ ਦੀ ਅਗਵਾਈ ਵਾਲੀ ਸਰਕਾਰ ਦੇ ਆਉਣ ਵਾਲੇ ਕੈਬਨਿਟ ਵਿਸਥਾਰ ਵਿੱਚ ਕਾਂਗਰਸ ਸ਼ਾਮਲ ਹੋਣ ਜਾ ਰਹੀ ਹੈ। ਸੂਬੇ ਵਿੱਚ ਪੂਰੇ 59 ਸਾਲਾਂ ਦੇ ਲੰਬੇ ਅੰਤਰਾਲ ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਜਦੋਂ ਕਾਂਗਰਸ ਸਰਕਾਰ ਦਾ ਹਿੱਸਾ ਬਣੇਗੀ।

ਕਾਂਗਰਸ ਦੇ 2 ਵਿਧਾਇਕ ਚੁੱਕਣਗੇ ਸਹੁੰ
ਕਾਂਗਰਸ ਹਾਈਕਮਾਂਡ ਨੇ ਐਲਾਨ ਕੀਤਾ ਹੈ ਕਿ ਪਾਰਟੀ ਦੇ ਦੋ ਵਿਧਾਇਕ, ਐਡਵੋਕੇਟ ਐਸ. ਰਾਜੇਸ਼ ਕੁਮਾਰ ਅਤੇ ਪੀ. ਵਿਸ਼ਵਨਾਥਨ, ਵੀਰਵਾਰ (21 ਮਈ 2026) ਨੂੰ ਸਵੇਰੇ 10 ਵਜੇ ਰਾਜ ਭਵਨ ਵਿੱਚ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੁੱਖ ਮੰਤਰੀ ਵਿਜੇ ਦੀ ਕੈਬਨਿਟ ਵਿੱਚ ਇਨ੍ਹਾਂ ਦੋਵਾਂ ਨੂੰ ਸ਼ਾਮਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਰਾਜੇਸ਼ ਕੁਮਾਰ ਕੰਨਿਆਕੁਮਾਰੀ ਦੇ ਕਿੱਲੀਯੂਰ ਤੋਂ ਅਤੇ ਪੀ. ਵਿਸ਼ਵਨਾਥਨ ਮਦੁਰੈ ਦੀ ਮੇਲੂਰ ਸੀਟ ਤੋਂ ਵਿਧਾਇਕ ਚੁਣੇ ਗਏ ਹਨ।

ਕਿਉਂ ਟੁੱਟਿਆ DMK-ਕਾਂਗਰਸ ਦਾ ਪੁਰਾਣਾ ਰਿਸ਼ਤਾ?
ਹਾਲੀਆ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ DMK ਨਾਲ ਗਠਜੋੜ ਕਰਕੇ ਚੋਣ ਲੜੀ ਸੀ, ਪਰ ਸੱਤਾ ਵਿੱਚ ਹਿੱਸੇਦਾਰੀ  ਲੈ ਕੇ ਮਤਭੇਦ ਹੋਣ ਕਾਰਨ ਇਹ ਰਿਸ਼ਤਾ ਟੁੱਟ ਗਿਆ। DMK ਦੇ ਸਖ਼ਤ ਰੁਖ਼ ਦੇ ਉਲਟ, ਮੁੱਖ ਮੰਤਰੀ ਵਿਜੇ ਨੇ ਆਪਣੇ ਸਹਿਯੋਗੀਆਂ ਨੂੰ ਸੱਤਾ ਵਿੱਚ ਬਣਦੀ ਹਿੱਸੇਦਾਰੀ ਦੇਣ ਦਾ ਵਾਅਦਾ ਕੀਤਾ ਸੀ, ਜਿਸ ਤੋਂ ਬਾਅਦ ਕਾਂਗਰਸ ਨੇ ਵਿਜੇ ਸਰਕਾਰ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ।

1967 ਤੋਂ ਬਾਅਦ ਪਹਿਲੀ ਵਾਰ ਸੱਤਾ 'ਚ ਵਾਪਸੀ
ਕਾਂਗਰਸ ਦੀ ਇਹ ਵਾਪਸੀ ਬੇਹੱਦ ਖ਼ਾਸ ਮੰਨੀ ਜਾ ਰਹੀ ਹੈ ਕਿਉਂਕਿ 1967 ਵਿੱਚ DMK ਦੇ ਸੱਤਾ ਵਿੱਚ ਆਉਣ ਤੋਂ ਬਾਅਦ ਕਾਂਗਰਸ ਕਦੇ ਵੀ ਸਰਕਾਰ ਦਾ ਹਿੱਸਾ ਨਹੀਂ ਬਣ ਸਕੀ ਸੀ। ਹਾਲਾਂਕਿ ਕਾਂਗਰਸ ਨੇ ਵੱਖ-ਵੱਖ ਸਮਿਆਂ 'ਤੇ DMK ਅਤੇ AIADMK ਨਾਲ ਗਠਜੋੜ ਕੀਤੇ, ਪਰ ਸੱਤਾ ਵਿੱਚ ਹਿੱਸੇਦਾਰੀ ਕਦੇ ਨਹੀਂ ਮਿਲੀ। ਹੁਣ ਮੁੱਖ ਮੰਤਰੀ ਵਿਜੇ ਦੀ ਅਗਵਾਈ ਵਿੱਚ ਤਮਿਲਨਾਡੂ ਦੀ ਰਾਜਨੀਤੀ ਵਿੱਚ ਗਠਜੋੜ ਸਰਕਾਰਾਂ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਣ ਜਾ ਰਹੀ ਹੈ।

ਕਾਂਗਰਸ ਦੇ ਸੀਨੀਅਰ ਨੇਤਾਵਾਂ ਨੇ ਇਸ ਨੂੰ ਪਾਰਟੀ ਲਈ ਇੱਕ ਇਤਿਹਾਸਕ ਮੌਕਾ ਦੱਸਿਆ ਹੈ ਅਤੇ ਉਮੀਦ ਜਤਾਈ ਹੈ ਕਿ ਨਵੇਂ ਮੰਤਰੀ ਜਨਤਾ ਦੀਆਂ ਉਮੀਦਾਂ 'ਤੇ ਖਰੇ ਉਤਰਨਗੇ।


author

Inder Prajapati

Content Editor

Related News