ਕਾਂਗਰਸ ਦੇ ਬਾਗੀ ਰਾਜ ਸਭਾ ਸੀਟਾਂ ਲਈ ਨਾਮਜ਼ਦਗੀਆਂ ਦੀ ਆਖਰੀ ਮਿਤੀ ਤੱਕ ਕਰਨਗੇ ਉਡੀਕ

Tuesday, May 17, 2022 - 05:39 PM (IST)

ਨਵੀਂ ਦਿੱਲੀ– ਜੀ-23 ਦੇ ਨੇਤਾਵਾਂ ਨੂੰ ਚਿੰਤਨ ਕੈਂਪ ਜਿੱਥੇ ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚੋਂ ਕੋਈ ਵੀ ਸਵੀਕਾਰ ਨਹੀਂ ਕੀਤੀ ਗਈ ਸੀ, ਵਿਖੇ ਪਈ ਹਲਕੀ ਝਿੜਕ ਤੋਂ ਬਾਅਦ ਅਜਿਹਾ ਲੱਗਦਾ ਹੈ ਕਿ ਹੁਣ ਤਲਵਾਰਾਂ ਖਿੱਚੀਆਂ ਗਈਆਂ ਹਨ। ਪਾਰਟੀ ਦਾ ਬਾਗੀ ਕੈਂਪ ਵੱਧ ਤੋਂ ਵੱਧ 31 ਮਈ ਤੱਕ ਉਡੀਕ ਕਰੇਗਾ ਜੋ 57 ਰਾਜ ਸਭਾ ਸੀਟਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ ਹੈ।

ਗੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ, ਕਪਿਲ ਸਿੱਬਲ, ਵਿਵੇਕ ਅਤੇ ਕਈ ਹੋਰ ਅਾਗੂ ਪਾਰਟੀ ਹਾਈ ਕਮਾਂਡ ਵੱਲੋਂ ਉਨ੍ਹਾਂ ਦੀ ਮੁੜ ਨਾਮਜ਼ਦਗੀ ਦੀ ਉਡੀਕ ਕਰ ਰਹੇ ਹਨ। ਸੋਨੀਆ ਗਾਂਧੀ ਪਹਿਲਾਂ ਹੀ ਪਾਰਟੀ ਮੈਂਬਰਾਂ ਨੂੰ ਕਹਿ ਚੁੱਕੀ ਹੈ ਕਿ ਪਾਰਟੀ ਨੇ ਉਨ੍ਹਾਂ ਨੂੰ ਬਹੁਤ ਕੁਝ ਦਿੱਤਾ ਹੈ ਅਤੇ ਹੁਣ ਕਰਜ਼ਾ ਚੁਕਾਉਣ ਦਾ ਸਮਾਂ ਹੈ। ਸੰਕੇਤ ਸਪੱਸ਼ਟ ਹੈ।

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਸੂਝਵਾਨ ਸਨ । ਗਾਂਧੀ ਪਰਿਵਾਰ ਦੇ ਮਨ ਵਿੱਚ ਕੀ ਚੱਲ ਰਿਹਾ ਹੈ, ਇਸ ਨੂੰ ਉਹ ਪਹਿਲਾਂ ਹੀ ਸਮਝ ਚੁੱਕੇ ਸਨ, ਇਸ ਲਈ ਉਨ੍ਹਾਂ ਪਾਰਟੀ ਛੱਡ ਦਿੱਤੀ। ਹਾਲਾਂਕਿ ਕਿਆਸ ਲਾਏ ਜਾ ਰਹੇ ਹਨ ਕਿ ਭਾਜਪਾ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਜਾਖੜ ਨੇ ਅਜੇ ਤੱਕ ਪੱਤਾ ਨਹੀਂ ਖੋਲ੍ਹਿਆ। ਜੇ ਉਨ੍ਹਾਂ ਦੀ 35 ਮਿੰਟ ਦੀ ਐੱਫ. ਬੀ. ਪੋਸਟ ਵੀਡੀਓ ਨੂੰ ਸੰਕੇਤ ਵਜੋਂ ਲਿਆ ਜਾਵੇ ਤਾਂ ਉਨ੍ਹਾਂ ਦੀ ਅਗਲੀ ਮੰਜ਼ਿਲ ‘ਆਪ’ ਹੋ ਸਕਦੀ ਹੈ। ਉਨ੍ਹਾਂ ਦੇ ਅਗਲੇ ਕਦਮ ਬਾਰੇ ਜਾਣਨ ਲਈ ਉਡੀਕ ਕਰਨੀ ਹੋਵੇਗੀ।

ਇਸ ਦੌਰਾਨ ਭਾਜਪਾ ਨੇ ਕਾਂਗਰਸ ਨੂੰ ਵੱਡਾ ਝਟਕਾ ਦੇਣ ਲਈ ਦੋਹਰੀ ਰਣਨੀਤੀ ਬਣਾਈ ਹੈ। ਜਿੱਥੇ ਉਹ ਸੂਬਿਆਂ ’ਚ ਕਾਂਗਰਸੀ ਆਗੂਆਂ ਨੂੰ ਆਪਣੇ ਪਾਲੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ, ਉੱਥੇ ਉਹ ਵੱਡੇ-ਵੱਡੇ ਲੀਡਰਾਂ ਨੂੰ ‘ਬਾਗੀ’ ਜਮਾਤ’ ਬਣਾਉਣ ਲਈ ਵੀ ਕਹਿ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਭਾਜਪਾ ਪਹਿਲਾਂ 100 ਬਾਗੀਆਂ ਦਾ ਪ੍ਰੈਸ਼ਰ ਗਰੁੱਪ ਬਣਾਉਣਾ ਚਾਹੁੰਦੀ ਹੈ। ਇਹ ਗੈਰ-ਸਿਆਸੀ ਮੰਚ ਗਾਂਧੀ ਪਰਿਵਾਰ ਨੂੰ ਪ੍ਰੇਸ਼ਾਨ ਕਰਨ ਲਈ ਅਹਿਮ ਮੁੱਦੇ ਉਠਾਏਗਾ।

ਉਦਾਹਰਣ ਵਜੋਂ ਮਨੀਸ਼ ਤਿਵਾੜੀ ਨੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਦਾ ਵਾਦੀ ਵਿੱਚ ਸੂਰਜ ਮੰਦਰ ਦਾ ਦੌਰਾ ਕਰਨ ਲਈ ਸਵਾਗਤ ਕੀਤਾ ਜਦਕਿ ਸਥਾਨਕ ਕਾਂਗਰਸੀ ਆਗੂ , ਐੱਨ. ਸੀ. ਅਤੇ ਪੀ. ਡੀ. ਪੀ. ਇਸ ਦੇ ਖਿਲਾਫ ਗੱਲ ਕਰ ਰਹੇ ਸਨ। ਰਿਪੁਨ ਬੋਰਾ ਜੋ ਰਾਹੁਲ ਗਾਂਧੀ ਦੇ ਵਫ਼ਾਦਾਰ ਹਨ, ਅਾਸਾਮ ਵਿੱਚ ਆਪਣੀ ਰਾਜ ਸਭਾ ਸੀਟ ਹਾਰ ਗਏ ਹਾਲਾਂਕਿ ਪਾਰਟੀ ਕੋਲ ਕਾਫ਼ੀ ਗਿਣਤੀ ’ਚ ਵਿਧਾਇਕ ਸਨ। ਗੁਜਰਾਤ ਵਿੱਚ ਕਾਂਗਰਸੀਆਂ ਦਾ ਪਾਰਟੀ ਛੱਡਣਾ ਇੱਕ ਆਮ ਗੱਲ ਹੋ ਗਈ ਹੈ।

ਜਾਣਕਾਰੀ ਹੈ ਕਿ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਮਨੀਸ਼ ਤਿਵਾੜੀ, ਪ੍ਰਨੀਤ ਕੌਰ ਅਤੇ ਹੋਰ ਕਈ ਸੰਸਦ ਮੈਂਬਰ ਭਾਜਪਾ ਦੇ ਸੰਪਰਕ ਵਿੱਚ ਹਨ । ਦੂਜੇ ਰਾਜਾਂ ਵਿੱਚ ਵੀ ਇਹੀ ਸਥਿਤੀ ਹੈ।


Rakesh

Content Editor

Related News