ਯੋਜਨਾਬੱਧ ਰਣਨੀਤੀ ਦਾ ਹਿੱਸਾ ਹੈ ਚੀਨ ਸਰਹੱਦੀ ਵਿਵਾਦ: ਰਾਹੁਲ ਗਾਂਧੀ

Monday, Jul 20, 2020 - 12:14 PM (IST)

ਯੋਜਨਾਬੱਧ ਰਣਨੀਤੀ ਦਾ ਹਿੱਸਾ ਹੈ ਚੀਨ ਸਰਹੱਦੀ ਵਿਵਾਦ: ਰਾਹੁਲ ਗਾਂਧੀ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਚੀਨ ਦੀ ਸਰਹੱਦ ਵਿਵਾਦ ਨੂੰ ਸੋਚੀ ਸਮਝੀ ਰਣਨੀਤੀ ਦਾ ਹਿੱਸਾ ਦੱਸਦੇ ਹੋਏ ਕਿਹਾ ਹੈ ਕਿ ਉਸ ਦਾ ਮਕਸਦ ਪਾਕਿਸਤਾਨ ਨਾਲ ਮਿਲ ਕੇ ਕਸ਼ਮੀਰ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਦਬਾਅ ਬਣਾਉਣਾ ਹੈ, ਇਸ ਲਈ ਕਰਾਰਾ ਜਵਾਬ ਦਿੱਤਾ ਜਾਣਾ ਜ਼ਰੂਰੀ ਹੈ। ਰਾਹੁਲ ਨੇ ਸੋਮਵਾਰ ਨੂੰ ਇੱਥੇ ਜਾਰੀ ਇਕ ਵੀਡੀਓ 'ਚ ਕਿਹਾ,''ਤੁਸੀਂ ਰਣਨੀਤਕ ਪੱਧਰ 'ਤੇ ਦੇਖੋ, ਉਹ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਵੇਂ ਗਲਵਾਨ ਹੋਵੇ, ਡੇਮਚੋਕ ਹੋਵੇ ਜਾਂ ਫਿਰ ਪੈਂਗੋਂਗ ਝੀਲ, ਉਸ ਦਾ ਇਰਾਦਾ ਆਪਣੀ ਸਥਿਤੀ ਨੂੰ ਮਜ਼ਬੂਤ ਕਰਨਾ ਹੈ। ਉਹ ਸਾਡੇ ਹਾਈਵੇਅ ਤੋਂ ਪਰੇਸ਼ਾਨ ਹਨ। ਉਹ ਸਾਡੇ ਹਾਈਵੇਅ ਨੂੰ ਨਸ਼ਟ ਕਰਨਾ ਚਾਹੁੰਦਾ ਹੈ ਅਤੇ ਪਾਕਿਸਤਾਨ ਨਾਲ ਮਿਲ ਕੇ ਕਸ਼ਮੀਰ 'ਚ ਕੁਝ ਕਰਨ ਦੀ ਸੋਚ ਰਿਹਾ ਹੈ। ਇਸ ਲਈ ਇਹ ਸਾਧਾਰਣ ਸਰਹੱਦ ਵਿਵਾਦ ਭਰ ਨਹੀਂ ਹੈ। ਇਹ ਯਕੀਨੀ ਸਰਹੱਦੀ ਵਿਵਾਦ ਹੈ, ਜਿਸ ਦਾ ਮਕਸਦ ਭਾਰਤੀ ਪ੍ਰਧਾਨ ਮੰਤਰੀ 'ਤੇ ਦਬਾਅ ਬਣਾਉਣਾ ਹੈ।''

ਕਾਂਗਰਸ ਨੇਤਾ ਨੇ ਸ਼੍ਰੀ ਮੋਦੀ 'ਤੇ ਵੀ ਹਮਲਾ ਕੀਤਾ ਅਤੇ ਚੀਨ ਦੀ ਰਣਨੀਤੀ ਨੂੰ ਲੈ ਕੇ ਜਾਰੀ ਆਪਣੇ ਵੀਡੀਓ ਨੂੰ ਪੋਸਟ ਕਰਦੇ ਹੋਏ ਟਵੀਟ ਕੀਤਾ,''ਸੱਤਾ ਪਾਉਣ ਲਈ ਪ੍ਰਧਾਨ ਮੰਤਰੀ ਨੇ ਇਕ ਮਜ਼ਬੂਤ ਨੇਤਾ ਹੋਣ ਦੀ ਝੂਠੀ ਅਕਸ ਬਣਾਈ ਅਤੇ ਇਹ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਵੀ ਬਣੀ ਪਰ ਇਹੀ ਸ਼ਕਤੀ ਹੁਣ ਦੇਸ਼ ਦੀ ਸਭ ਤੋਂ ਵੱਡੀ ਕਮਜ਼ੋਰੀ ਬਣ ਗਈ ਹੈ।''

 

ਉਨ੍ਹਾਂ ਨੇ ਕਿਹਾ ਕਿ ਚੀਨ ਬਹੁਤ ਯੋਜਨਾਬੱਧ ਤਰੀਕੇ ਨਾਲ ਕੰਮ ਕਰ ਰਿਹਾ ਹੈ। ਮੋਦੀ ਨੇ ਸੱਤਾ 'ਚ ਆਉਣ ਲਈ ਜੋ ਅਕਸ ਬਣਾਇਆ ਸੀ ਹੁਣ ਚੀਨ ਉਸੇ ਦਾ ਫਾਇਦਾ ਚੁੱਕਣਾ ਚਾਹੁੰਦਾ ਹੈ ਅਤੇ ਰਣਨੀਤੀ ਦੇ ਅਧੀਨ ਉਨ੍ਹਾਂ ਦੀ ਅਕਸ 'ਤੇ ਵੀ ਹਮਲਾ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ,''ਉਹ ਇਕ ਖਾਸ ਤਰੀਕੇ ਨਾਲ ਦਬਾਅ ਬਣਾਉਣ ਬਾਰੇ ਸੋਚ ਰਹੇ ਹਨ। ਉਹ ਉਨ੍ਹਾਂ ਦੇ ਅਕਸ 'ਤੇ ਹਮਲਾ ਕਰ ਰਿਹਾ ਹੈ। ਉਹ ਸਮਝਦਾ ਹੈ ਕਿ ਨਰਿੰਦਰ ਮੋਦੀ ਨੂੰ ਪ੍ਰਭਾਵੀ ਰਾਜਨੇਤਾ ਬਣਨ ਲਈ, ਇਕ ਰਾਜਨੇਤਾ ਦੇ ਰੂਪ 'ਚ ਬਣੇ ਰਹਿਣ ਲਈ ਆਪਣੀ 56 ਇੰਚ ਵਾਲੇ ਅਕਸ ਦੀ ਰਾਖੀ ਕਰਨੀ ਜ਼ਰੂਰੀ ਹੋਵੇਗੀ।'' 

ਕਾਂਗਰਸ ਨੇਤਾ ਨੇ ਕਿਹਾ ਕਿ ਚੀਨ ਸਮਝ ਗਿਆ ਹੈ ਕਿ ਉਸ ਨੂੰ ਕਿੱਥੇ ਹਮਲਾ ਕਰਨਾ ਹੈ ਅਤੇ ਇਸ ਲਈ ਉਹ ਜਾਣਦਾ ਹੈ ਕਿ ਇਹੀ ਉਹ ਅਸਲੀ ਜਗ੍ਹਾ ਹੈ, ਜਿੱਥੇ ਉਸ ਨੂੰ ਨਿਸ਼ਾਨਾ ਬਣਾਉਣਾ ਚਾਹੀਦਾ। ਉਨ੍ਹਾਂ ਨੇ ਕਿਹਾ,''ਉਹ ਸ਼੍ਰੀ ਮੋਦੀ ਨੂੰ ਕਹਿ ਰਹੇ ਹਨ ਕਿ ਜੇਕਰ ਤੁਸੀਂ ਉਹ ਨਹੀਂ ਕਰੋਗੇ ਜੋ ਚੀਨ ਚਾਹੁੰਦਾ ਹੈ ਤਾਂ ਉਹ ਤੁਹਾਡੀ ਮਜ਼ਬੂਤ ਨੇਤਾ ਵਾਲੇ ਅਕਸ ਨੂੰ ਨਸ਼ਟ ਕਰ ਦੇਣਗੇ। ਹੁਣ ਪ੍ਰਸ਼ਨ ਉੱਠਦਾ ਹੈ ਕਿ ਸ਼੍ਰੀ ਮੋਦੀ ਕੀ ਪ੍ਰਤੀਕਿਰਿਆ ਦੇਣਗੇ?'' ਕੀ ਉਹ ਉਨ੍ਹਾਂ ਦਾ ਸਾਹਮਣਾ ਕਰਨ? ਕੀ ਉਹ ਕਹਿਣਗੇ ਕਿ ਮੈਂ ਭਾਰਤ ਦਾ ਪ੍ਰਧਾਨ ਮੰਤਰੀ ਹਾਂ, ਮੈਂ ਆਪਣੇ ਅਕਸ ਦੀ ਚਿੰਤਾ ਨਹੀਂ ਕਰਦਾ, ਮੈਂ ਤੁਹਾਡਾ ਮੁਕਾਬਲਾ ਕਰਾਂਗਾ ਜਾਂ ਉਹ ਉਨ੍ਹਾਂ ਦੇ ਸਾਹਮਣੇ ਹਥਿਆਰ ਸੁੱਟ ਦੇਣਗੇ?


author

DIsha

Content Editor

Related News