ਸੋਨੀਆ, ਰਾਹੁਲ ਨੂੰ ED ਦੇ ਨੋਟਿਸ ’ਤੇ ਕਾਂਗਰਸ ਨੇ ਕਿਹਾ- ਲੁਕਾਉਣ ਲਈ ਕੁਝ ਵੀ ਨਹੀਂ

06/08/2022 4:27:13 PM

ਨਵੀਂ ਦਿੱਲੀ- ਕਾਂਗਰਸ ਨੇ ਬੁੱਧਵਾਰ ਨੂੰ ਕਿਹਾ ਕਿ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਇਨਫੋਰਸਮੈਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਪੇਸ਼ ਹੋਣਗੇ ਕਿਉਂਕਿ ਉਨ੍ਹਾਂ ਕੋਲ ਲੁਕਾਉਣ ਲਈ ਕੁਝ ਵੀ ਨਹੀਂ ਹੈ। ਪਾਰਟੀ ਬੁਲਾਰੇ ਪਵਨ ਖੇੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਕਾਨੂੰਨ ਨੂੰ ਮੰਨਣ ਵਾਲੀ ਪਾਰਟੀ ਹਾਂ। ਅਸੀਂ ਨਿਯਮਾਂ ਦਾ ਪਾਲਣ ਕਰਦੇ ਹਾਂ। ਜੇਕਰ ਉਨ੍ਹਾਂ ਨੂੰ ਤਲਬ ਕੀਤਾ ਗਿਆ ਹੈ ਤਾਂ ਯਕੀਨੀ ਤੌਰ ’ਤੇ ਉਹ ਜਾਣਗੇ। ਸਾਡੇ ਕੋਲ ਲੁਕਾਉਣ ਲਈ ਕੁਝ ਵੀ ਨਹੀਂ ਹੈ। 

ਪਵਨ ਨੇ ਅੱਗੇ ਕਿਹਾ ਕਿ ਅਸੀਂ ਭਾਜਪਾ ਵਾਂਗ ਨਹੀਂ ਹਾਂ। ਸਾਨੂੰ ਯਾਦ ਹੈ ਕਿ ਅਮਿਤ ਸ਼ਾਹ 2002 ਤੋਂ 2013 ਦੌਰਾਨ ਦੌੜਦੇ-ਫਿਰਦੇ ਰਹੇ ਸਨ। ਸਾਨੂੰ ਕੋਈ ਘਬਰਾਹਟ ਨਹੀਂ ਹੈ। ਉਹ ਲੋਕ ਨਿਯਮਾਂ ਨੂੰ ਤੋੜ ਕੇ ਨੋਟਿਸ ਭਿਜਵਾਉਂਦੇ ਹਨ। ਉਨ੍ਹਾਂ ਨੂੰ ਸਮਝ ਆਵੇਗਾ ਕਿ ਕਿਸ ਨਾਲ ਪਾਲਾ ਪਿਆ ਹੈ। 

ਦੱਸਣਯੋਗ ਹੈ ਕਿ ਈਡੀ ਨੇ ਨੈਸ਼ਨਲ ਹੈਰਾਲਡ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਸੋਨੀਆ ਗਾਂਧੀ ਨੂੰ 8 ਜੂਨ ਯਾਨੀ ਕਿ ਅੱਜ ਪੇਸ਼ ਹੋਣ ਲਈ ਸੰਮਨ ਭੇਜਿਆ ਸੀ। ਹਾਲਾਂਕਿ ਉਨ੍ਹਾਂ ਨੇ ਪੇਸ਼ ਹੋਣ ਲਈ ਹੋਰ ਸਮਾਂ ਮੰਗਿਆ ਹੈ ਕਿਉਂਕਿ ਉਹ ਕੋਰੋਨਾ ਵਾਇਰਸ ਤੋਂ ਪੀੜਤ ਹੈ ਅਤੇ ਅਜੇ ਤੱਕ ਸਿਹਤਮੰਦ ਨਹੀਂ ਹੋਈ ਹੈ। ਜਾਣਕਾਰੀ ਮੁਤਾਬਕ ਸੋਨੀਆ ਗਾਂਧੀ ਬੀਤੇ ਵੀਰਵਾਰ ਨੂੰ ਕੋਰੋਨਾ ਤੋਂ ਪੀੜਤ ਹੋਈ ਸੀ ਅਤੇ ਉਨ੍ਹਾਂ ਦੀ ਜਾਂਚ ਰਿਪੋਰਟ ਅਜੇ ਨੈਗੇਟਿਵ ਨਹੀਂ ਆਈ ਹੈ। ਇਸ ਮਾਮਲੇ ’ਚ ਈਡੀ ਵਲੋਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ 13 ਜੂਨ ਨੂੰ ਪੁੱਛ-ਗਿੱਛ ਲਈ ਬੁਲਾਇਆ ਹੈ।


Tanu

Content Editor

Related News