ਭਾਰਤ ਨੂੰ RSS, ਮੋਦੀ ਤੇ ਅਮਿਤ ਸ਼ਾਹ ਤੋਂ ਖਤਰਾ : ਖੜਗੇ

Monday, Nov 11, 2024 - 11:40 AM (IST)

ਮੁੰਬਈ (ਭਾਸ਼ਾ)- ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ 'ਏਕ ਹੈਂ ਤੋ ਸੇਫ ਹੈਂ' ਅਤੇ 'ਬੰਟੇਂਗੇ ਤੋ ਕਟੇਂਗੇ' ਦੇ ਨਾਅਰਿਆਂ ਦੀ ਆਲੋਚਨਾ ਕਰਦੇ ਹੋਏ ਐਤਵਾਰ ਦੋਸ਼ ਲਾਇਆ ਕਿ ਭਾਰਤ ਨੂੰ ਰਾਸ਼ਟਰੀ ਸਵੈਮ ਸੇਵਕ (ਆਰ.ਐੱਸ.ਐੱਸ.) ਵੱਲੋਂ ਵੰਡਿਆ ਜਾ ਰਿਹਾ ਹੈ। ਭਾਰਤੀ ਜਨਤਾ ਪਾਰਟੀ , ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਰ.ਐੱਸ.ਐੱਸ. ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਦੇਸ਼ ਨੂੰ ਖ਼ਤਰਾ ਹੈ। ਮੁੰਬਈ 'ਚ 'ਸੰਵਿਧਾਨ ਬਚਾਓ' ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਖੜਗੇ ਨੇ ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਵਿੰਨ੍ਹਦਿਆਂ ਦੋਸ਼ ਲਾਇਆ ਕਿ ਸੰਸਦ 'ਚ ਚਰਚਾ ਤੇ ਬਹਿਸ ਦੀ ਇਜਾਜ਼ਤ ਨਹੀਂ ਹੈ। ਪ੍ਰਧਾਨ ਮੰਤਰੀ ਕਹਿੰਦੇ ਹਨ ‘ਏਕ ਹੈਂ ਤੋ ਸੇਫ ਹੈਂ’ ਜਦਕਿ ਦੂਜੇ ਭਾਜਪਾ ਨੇਤਾ ‘ਬੰਟੇਂਗੇ ਤੋ ਕਟੇਂਗੇ’ ਦੀ ਗੱਲ ਕਰਦੇ ਹਨ। ਕੌਣ ਖਤਰੇ ’ਚ ਹੈ? ਕੀ ਸਮੱਸਿਆ ਹੈ? ਅਸਲ ’ਚ ਦੇਸ਼ ਨੂੰ ਆਰ. ਐੱਸ. ਐੱਸ., ਭਾਜਪਾ , ਮੋਦੀ ਤੇ ਸ਼ਾਹ ਤੋਂ ਹੀ ਖ਼ਤਰਾ ਹੈ।

ਖੜਗੇ ਨੇ ਮੋਦੀ ’ਤੇ ਹਮਲਾ ਜਾਰੀ ਰੱਖਦਿਆਂ ਪੁੱਛਿਆ ਕਿ ਕੀ ਉਨ੍ਹਾਂ ਨੂੰ ਲੋਕਤੰਤਰੀ ਪ੍ਰਧਾਨ ਮੰਤਰੀ ਕਿਹਾ ਜਾ ਸਕਦਾ ਹੈ? ਗੱਲਬਾਤ ਰਾਹੀਂ ਮੁੱਦਿਆਂ ਨੂੰ ਸੁਲਝਾਇਆ ਜਾ ਸਕਦਾ ਹੈ। ਇਸ ਨਾਲ ਲੋਕਤੰਤਰ ਮਜ਼ਬੂਤ ​​ਹੋਵੇਗਾ ਪਰ ਭਾਜਪਾ ਲੋਕਤੰਤਰ ਨੂੰ ਤਬਾਹ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀਆਂ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਤੇ ਅਟਲ ਬਿਹਾਰੀ ਵਾਜਪਾਈ ਦੇ ਕਾਰਜਕਾਲ ਦੇ ਉਲਟ ਮੋਦੀ ਦੀ ਅਗਵਾਈ ਹੇਠ ਕੋਈ ਸਿਆਸੀ ਸ਼ਿਸ਼ਟਾਚਾਰ ਨਹੀਂ ਹੈ। 'ਵਾਜਪਾਈ, ਨਹਿਰੂ ਤੇ ਇੰਦਰਾ ਗਾਂਧੀ ਨੇ ਆਪਣੇ ਸਿਆਸੀ ਮਤਭੇਦਾਂ ਦੇ ਬਾਵਜੂਦ ਇਕ-ਦੂਜੇ ਦਾ ਸਤਿਕਾਰ ਕੀਤਾ ਸੀ ਪਰ ਮੋਦੀ ਲਗਾਤਾਰ ਸਾਡੇ ’ਤੇ ਹਮਲੇ ਕਰਦੇ ਹਨ ਤੇ ਸਾਨੂੰ ਜਵਾਬ ਦੇਣਾ ਪੈਂਦਾ ਹੈ। ਖੜਗੇ ਵਿਧਾਨ ਸਭਾ ਚੋਣਾਂ ਲਈ ਸ਼ਿਵ ਸੈਨਾ-ਊਧਵ ਬਾਲਾ ਸਾਹਿਬ ਠਾਕਰੇ , ਕਾਂਗਰਸ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ-ਸ਼ਰਦ ਚੰਦਰ ਪਵਾਰ ਦੇ ਮਹਾ ਵਿਕਾਸ ਆਘਾੜੀ ਗਠਜੋੜ ਦੇ ਚੋਣ ਮੈਨੀਫੈਸਟੋ ਨੂੰ ਜਾਰੀ ਕਰਨ ਲਈ ਮੁੰਬਈ ’ਚ ਸਨ। ਮਹਾਰਾਸ਼ਟਰ ’ਚ ਐਮ. ਵੀ. ਏ. ਤੇ ਭਾਜਪਾ ਦੀ ਅਗਵਾਈ ਵਾਲੇ ਸੱਤਾਧਾਰੀ ਮਹਾਯੁਤੀ ਗੱਠਜੋੜ ਵਿਚਾਲੇ ਸਖ਼ਤ ਮੁਕਾਬਲਾ ਹੈ। ਖੜਗੇ ਨੇ ਭਾਜਪਾ ’ਤੇ ਮੁੱਦਿਆਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਤੇ ਲੋਕਾਂ ਨੂੰ ਵੰਡਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਆਰ. ਐੱਸ. ਐੱਸ. ਨੇ ਪਹਿਲਾਂ ਹੀ ਲੋਕਾਂ ਨੂੰ ਵੰਡਿਆ ਹੋਇਆ ਹੈ। ਅਸੀਂ ਲੋਕਾਂ ਨੂੰ ਇਕਜੁੱਟ ਕਰਨ ਲਈ ਕੰਮ ਕਰਦੇ ਹਾਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News