ਮੱਧ ਪ੍ਰਦੇਸ਼ ’ਚ ਜ਼ਹਿਰੀਲੀ ਸ਼ਰਾਬ ਕਾਂਡ ਨੂੰ ਲੈ ਕੇ ਕਾਂਗਰਸੀ ਆਗੂ ਗ੍ਰਿਫ਼ਤਾਰ
Tuesday, Nov 03, 2026 - 07:05 PM (IST)
ਇੰਦੌਰ, (ਏਜੰਸੀ)- ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲੇ ’ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਦੀ ਜਾਂਚ ਕਰ ਰਹੀ ਪੁਲਸ ਨੇ ਸਬੂਤਾਂ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਸੂਬਾਈ ਕਾਂਗਰਸ ਕਮੇਟੀ ਦੇ ਬੁਲਾਰੇ ਆਨੰਦ ਜੈਨ ਕਾਸਲੀਵਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰੀ ਤੋਂ ਬਾਅਦ ਉਸ ਨੇ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ।
ਇਸ ਤੋਂ ਪਹਿਲਾਂ ਇੰਦੌਰ ਸਥਿਤ ਇਕ ਕਾਂਗਰਸੀ ਆਗੂ ਦੇ ਪੁੱਤਰ ਅਮਨ ਨੂੰ ਸ਼ਰਾਬ ਰੈਕੇਟ ਦੇ ਸਰਗਨਾ ਨੂੰ ਰਸਾਇਣ ਸਪਲਾਈ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਦੇਵਾਸ ਕੋਤਵਾਲੀ ਪੁਲਸ ਸਟੇਸ਼ਨ ਦੇ ਇੰਚਾਰਜ ਸ਼ਸ਼ੀਕਾਂਤ ਚੌਰਸੀਆ ਨੇ ਕਿਹਾ ਕਿ ਜਾਂਚ ਦੌਰਾਨ ਆਨੰਦ ਜੈਨ ਕਾਸਲੀਵਾਲ ਦੀ ਇਸ ਮਾਮਲੇ ’ਚ ਕਥਿਤ ਸ਼ਮੂਲੀਅਤ ਦੇ ਸਬੂਤ ਮਿਲੇ ਹਨ। ਉਨ੍ਹਾਂ ਕਿਹਾ ਕਿ ਜਿਸ ਪ੍ਰਾਈਵੇਟ ਫਰਮ ਨੇ ਸ਼ਰਾਬ ਗਿਰੋਹ ਦੇ ਆਗੂ ਅਜੇ ਰਾਠੌਰ ਨੂੰ ਰਸਾਇਣ ਸਪਲਾਈ ਕੀਤੀ ਸੀ, ਉਹ ਉਂਝ ਤਾਂ ਕਾਸਲੀਵਾਲ ਦੇ ਪੁੱਤਰ ਅਮਨ ਦੇ ਨਾਂ ’ਤੇ ਹੈ, ਪਰ ਅਸਲ ’ਚ ਉਸ ਦੇ ਪਿਤਾ ਆਨੰਦ ਜੈਨ ਕਾਸਲੀਵਾਲ ਫਰਮ ਚਲਾਉਂਦੇ ਸਨ ਤੇ ਉਸ ਦੀ ਨਿਗਰਾਨੀ ਕਰਦੇ ਸਨ।
ਪੁਲਸ ਅਨੁਸਾਰ ਜਦੋਂ ਜ਼ਹਿਰੀਲੀ ਸ਼ਰਾਬ ਕਾਂਡ ਬਾਰੇ ਮੀਡੀਆ ਰਿਪੋਰਟਾਂ ਤੋਂ ਬਾਅਦ ਪੁਲਸ ਨੇ ਫਰਮ ਨਾਲ ਜੁੜੇ ਲੋਕਾਂ ਨੂੰ ਪੁੱਛਗਿੱਛ ਲਈ ਬੁਲਾਇਆ ਤਾਂ ਆਨੰਦ ਜੈਨ ਕਾਸਲੀਵਾਲ ਨੇ ਕਥਿਤ ਤੌਰ ’ਤੇ ਮੁਲਾਜ਼ਮਾਂ ਨੂੰ ਰਸਾਇਣਕ ਸਟਾਕ ਦੇ ਰਿਕਾਰਡ ਖਤਮ ਕਰਨ ਦੀ ਹਦਾਇਤ ਕੀਤੀ। ਆਪਣੀ ਗ੍ਰਿਫਤਾਰੀ ਤੋਂ ਬਾਅਦ ਆਨੰਦ ਜੈਨ ਕਾਸਲੀਵਾਲ ਨੇ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਕੀਤੀ ਤੇ ਉਸ ਨੂੰ ਦੇਵਾਸ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
