ਬਿਹਾਰ ’ਚ ਕਾਂਗਰਸ ਨੂੰ ਸਿਰਫ਼ 5 ਲੋਕ ਸਭਾ ਸੀਟਾਂ ਦੀ ਪੇਸ਼ਕਸ਼ ਕਰ ਸਕਦੀ ਹੈ ਜਦ-ਯੂ
Sunday, Dec 31, 2023 - 01:05 PM (IST)
ਨਵੀਂ ਦਿੱਲੀ- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਰਾਜੀਵ ਰੰਜਨ ਸਿੰਘ ਤੋਂ ਜਨਤਾ ਦਲ (ਯੂ) ਦੀ ਵਾਗਡੋਰ ਸੰਭਾਲਣ ਨਾਲ ‘ਇੰਡੀਆ’ ਗੱਠਜੋੜ ਦੇ ਭਾਈਵਾਲਾਂ ਵਿਚ ਬੇਯਕੀਨੀ ਪੈਦਾ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 30 ਸਾਲਾਂ ਦੌਰਾਨ ‘ਮਿਲੀ-ਜੁਲੀ ਸਰਕਾਰ’ (ਗੱਠਜੋੜ ਸਰਕਾਰਾਂ) ’ਤੇ ਤਿੱਖੇ ਹਮਲੇ ਸ਼ੁਰੂ ਕਰਨ ਤੋਂ ਬਾਅਦ, 28 ਪਾਰਟੀਆਂ ਦੇ ਨੇਤਾਵਾਂ ਨੂੰ ਇਕੱਠੇ ਹੋਣ ਦਾ ਸਮਾਂ ਆ ਗਿਆ ਸੀ ਪਰ ‘ਇੰਡੀਆ’ ਗੱਠਜੋੜ ਦੇ ਭਾਈਵਾਲ ਮਤਭੇਦ ਭੁਲਾਉਣ ਦੀ ਬਜਾਇ ਵੱਖਰੇ-ਵੱਖਰੇ ਸੁਰ ਬੋਲ ਰਹੇ ਹਨ।
ਹਾਲਾਂਕਿ ‘ਇੰਡੀਆ’ ਗੱਠਜੋੜ ਨੇ ਜੋ ਰਫਤਾਰ ਹਾਸਲ ਕੀਤੀ ਸੀ, ਉਸ ਨੂੰ ਮੁੜ ਹਾਸਲ ਕਰਨ ਲਈ ਕਾਂਗਰਸ ਅਗਲੇ ਹਫ਼ਤੇ ਦੇ ਅੰਦਰ ਸਹਿਯੋਗੀਆਂ ਨਾਲ ਗੱਲਬਾਤ ਸ਼ੁਰੂ ਕਰੇਗੀ, ਪਰ ਇਸ ਵਿਚ ਦੇਰੀ ਨੇ ਕੁਝ ਹੱਦ ਤੱਕ ਵਿਰੋਧੀ ਧਿਰ ਨੂੰ ਪਟੜੀ ਤੋਂ ਉਤਾਰ ਦਿੱਤਾ ਹੈ। ਉੱਤਰੀ ਭਾਰਤ ਦੇ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਸਹਿਯੋਗੀ ਪਾਰਟੀਆਂ ਸਖ਼ਤ ਰੁਖ਼ ਅਪਣਾ ਰਹੀਆਂ ਹਨ।
ਇਹ ਪਤਾ ਲੱਗਾ ਹੈ ਕਿ ਨਿਤੀਸ਼ ਕੁਮਾਰ ਕਾਂਗਰਸ ਨੂੰ ਬਿਹਾਰ ਦੀਆਂ 40 ’ਚੋਂ 5 ਤੋਂ ਵੱਧ ਲੋਕ ਸਭਾ ਸੀਟਾਂ ਦੇਣ ਲਈ ਤਿਆਰ ਨਹੀਂ ਹਨ, ਜਿਸ ਵਿਚ ਜਨਤਾ ਦਲ (ਯੂ) ਅਤੇ ਰਾਸ਼ਟਰੀ ਜਨਤਾ ਦਲ ਦੀ ਵੱਡੀ ਹਿੱਸੇਦਾਰੀ ਹੈ। ਖੱਬੀਆਂ ਪਾਰਟੀਆਂ ਨੂੰ 2 ਸੀਟਾਂ ਮਿਲ ਸਕਦੀਆਂ ਹਨ।
ਮਮਤਾ ਬੈਨਰਜੀ ਪੱਛਮੀ ਬੰਗਾਲ ’ਚ ਕਾਂਗਰਸ ਨੂੰ 42 ’ਚੋਂ 4 ਤੋਂ ਵੱਧ ਸੀਟਾਂ ਦੇਣ ਲਈ ਤਿਆਰ ਨਹੀਂ ਹੈ ਅਤੇ ਉਹ ਵੀ ਇਸ ਸ਼ਰਤ ’ਤੇ ਕਿ ਕਾਂਗਰਸ ਖੱਬੇ-ਪੱਖੀਆਂ ਨਾਲ ਗੱਠਜੋੜ ਨਹੀਂ ਕਰੇਗੀ। ਸਹਿਯੋਗੀ ਪਾਰਟੀਆਂ ਨਾਲ ਸੀਟਾਂ ਦੀ ਵੰਡ ’ਤੇ ਆਪਣੀਆਂ ਸੂਬਾਈ ਇਕਾਈਆਂ ਨਾਲ ਗੱਲਬਾਤ ਕਰਨ ਵਾਲੀ ਕਾਂਗਰਸ ਦੀ ਅੰਦਰੂਨੀ ਕਮੇਟੀ ਜਨਵਰੀ ’ਚ ਆਪਣੀ ਰਿਪੋਰਟ ਸੌਂਪੇਗੀ, ਜਿਸ ਤੋਂ ਬਾਅਦ ਸਹਿਯੋਗੀਆਂ ਨਾਲ ਗੱਲਬਾਤ ਦੀ ਪ੍ਰਕਿਰਿਆ ਜਲਦੀ ਸ਼ੁਰੂ ਹੋਵੇਗੀ।
ਜਿਵੇਂ ਕਿ ਰਾਹੁਲ ਗਾਂਧੀ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਭਾਰਤ ਨਿਆਏ ਯਾਤਰਾ ਦੀ ਸ਼ੁਰੂਆਤ ਕਰ ਰਹੇ ਹਨ, ਉਵੇਂ ਹੀ ਨਿਤੀਸ਼ ਕੁਮਾਰ ਨੇ ਵੀ ਬਿਹਾਰ ਤੋਂ ਬਾਹਰ ਆਪਣੇ-ਆਪ ਨੂੰ ਪੇਸ਼ ਕਰਨ ਲਈ ਅਜਿਹਾ ਕਰਨ ਦਾ ਫੈਸਲਾ ਕੀਤਾ ਹੈ। ਪਰ ‘ਇੰਡੀਆ’ ਗੱਠਜੋੜ ਇਕ ਘੱਟੋ-ਘੱਟ ਸਾਂਝਾ ਪ੍ਰੋਗਰਾਮ ਤਿਆਰ ਕਰਨ ਅਤੇ ਇਕ ਸਾਂਝੀ ਮੁਹਿੰਮ ਦੀ ਰਣਨੀਤੀ ਬਣਾਉਣ ਲਈ ਕਮੇਟੀ ਨਹੀਂ ਬਣਾ ਸਕਿਆ। ਇਹ ਵੀ ਸਪੱਸ਼ਟ ਹੈ ਕਿ ਨਿਤੀਸ਼ ਕੁਮਾਰ ਐੱਨ. ਡੀ. ਏ. ਵਿਚ ਸ਼ਾਮਲ ਨਹੀਂ ਹੋ ਰਹੇ ਹਨ ਅਤੇ ‘ਇੰਡੀਆ’ ਗੱਠਜੋੜ ਵਿਚ ਹੀ ਰਹਿਣਗੇ।