ਗੁਜਰਾਤ ਚੋਣਾਂ: ਕਾਂਗਰਸ ਵੱਲੋਂ 42 ਆਬਜ਼ਰਵਰਾਂ ਦੀ ਨਿਯੁਕਤੀ, ਸੀਨੀਅਰ ਨੇਤਾਵਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ
Monday, Nov 14, 2022 - 12:53 PM (IST)
ਗੁਜਰਾਤ- ਗੁਜਰਾਤ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੇ ਵੱਡੇ ਨੇਤਾਵਾਂ ਨੂੰ ਚੁਣਾਵੀ ਪ੍ਰਬੰਧਨ ’ਚ ਲਾਇਆ ਹੈ। ਪਾਰਟੀ ਨੇ ਸੋਮਵਾਰ ਯਾਨੀ ਕਿ ਅੱਜ ਮੁਕੁਲ ਵਾਸਨਿਕ, ਮੋਹਨ ਪ੍ਰਕਾਸ਼, ਪ੍ਰਿਥਵੀਰਾਜ ਚੌਹਾਨ, ਬੀ. ਕੇ. ਹਰੀਪ੍ਰਸਾਦ ਸਮੇਤ 42 ਨੇਤਾਵਾਂ ਨੂੰ ਆਬਜ਼ਰਵਰ ਨਿਯੁਕਤ ਕੀਤਾ ਹੈ। ਕਾਂਗਰਸ ਦੇ ਸੰਗਠਨ ਸਕੱਤਰ ਜਨਰਲ ਕੇ. ਸੀ. ਵੇਣੂਗੋਪਾਲ ਨੇ ਆਬਜ਼ਰਵਰਾਂ ਦੀ ਲਿਸਟ ਜਾਰੀ ਕੀਤੀ ਹੈ।
ਪਾਰਟੀ ਵਲੋਂ ਜਾਰੀ ਬਿਆਨ ਮੁਤਾਬਕ ਵਾਸਨਿਕ ਨੂੰ ਗੁਜਰਾਤ ਦੇ ਦੱਖਣੀ ਜ਼ੋਨ, ਮੋਹਨ ਪ੍ਰਕਾਸ਼ ਨੂੰ ਸੌਰਾਸ਼ਟਰ ਖੇਤਰ, ਚੌਹਾਨ ਨੂੰ ਮੱਧ ਜ਼ੋਨ, ਹਰੀਪ੍ਰਸਾਦ ਨੂੰ ਉੱਤਰ ਜ਼ੋਨ ਦਾ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਰਾਜਸਥਾਨ ਸਰਕਾਰ ਦੇ ਕੁਝ ਮੰਤਰੀਆਂ ਅਤੇ ਵਿਧਾਇਕਾਂ ਸਮੇਤ 32 ਨੇਤਾਵਾਂ ਨੂੰ ਗੁਜਰਾਤ ਦੇ 26 ਲੋਕ ਸਭਾ ਖੇਤਰਾਂ ਲਈ ਆਬਜ਼ਰਵਰ ਬਣਾਇਆ ਗਿਆ ਹੈ। ਪਾਰਟੀ ਦੇ ਸੀਨੀਅਰ ਨੇਤਾ ਸ਼ਕੀਲ ਅਹਿਮਦ ਖਾਨ, ਕਾਂਤੀਲਾਲ ਭੂਰੀਆ, ਰਾਜੇਸ਼ ਲਿਲੋਠੀਆ ਅਤੇ ਕੁਝ ਹੋਰ ਨੇਤਾਵਾਂ ਨੂੰ ਵੀ ਹੋਰ ਆਬਜ਼ਰਵਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਦੱਸਣਯੋਗ ਹੈ ਕਿ ਗੁਜਰਾਤ ਦੀਆਂ ਕੁੱਲ 182 ਵਿਧਾਨ ਸਭਾ ਸੀਟਾਂ ਦੇ ਪਹਿਲੇ ਗੇੜ ’ਚ 89 ਸੀਟਾਂ ’ਤੇ 1 ਦਸੰਬਰ ਨੂੰ ਚੋਣਾਂ ਹੋਣਗੀਆਂ ਅਤੇ ਬਾਕੀ 93 ਸੀਟਾਂ ’ਤੇ 5 ਦਸੰਬਰ ਨੂੰ ਵੋਟਾਂ ਪੈਣਗੀਆਂ। ਨਤੀਜੇ 8 ਦਸੰਬਰ ਨੂੰ ਐਲਾਨੇ ਜਾਣਗੇ।