ਹੜ੍ਹ ਪ੍ਰਭਾਵਿਤ ਸੂਬਿਆਂ ਨੂੰ ਫੰਡ ਦੇਣ ’ਚ ਕੇਂਦਰ ਕਰ ਰਿਹਾ ਭੇਦਭਾਵ : ਕਾਂਗਰਸ
Monday, Jul 29, 2024 - 12:48 AM (IST)
ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਨੇ ਐਤਵਾਰ ਨੂੰ ਕੇਂਦਰ ਸਰਕਾਰ ’ਤੇ ਹੜ੍ਹ ਪ੍ਰਭਾਵਿਤ ਸੂਬਿਆਂ ਨੂੰ ਫੰਡ ਦੇਣ ’ਚ ‘ਦੋਹਰੇ ਮਾਪਦੰਡ’ ਅਪਣਾਉਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਉਹ ਹਿਮਾਚਲ ਪ੍ਰਦੇਸ਼ ਦੇ ਲੋਕਾਂ ਕੋਲੋਂ ਵਿਧਾਨ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਵੋਟਾਂ ਨਾ ਪਾਉਣ ਦਾ ‘ਬਦਲਾ’ ਲੈ ਰਹੀ ਹੈ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਲਿਖਿਆ, ‘‘ਕੱਲ ਆਪੇ ਬਣੇ ‘ਨਾਨ ਬਾਇਓਲਾਜੀਕਲ’ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਸਿਤ ਸੂਬੇ ਵਿਕਸਿਤ ਭਾਰਤ ਬਣਾਉਣਗੇ। ਵਾਹ, ਕਿੰਨੀ ਡੂੰਘੀ ਗੱਲ ਹੈ। ਕਾਸ਼ ਉਹ ਟੈਕਸਦਾਤਿਆਂ ਦਾ ਪੈਸਾ ਉੱਥੇ ਖਰਚ ਕਰਦੇ ਜਿੱਥੇ ਇਸ ਦੀ ਸਭ ਤੋਂ ਵੱਧ ਲੋੜ ਹੈ।
ਉਨ੍ਹਾਂ ਕਿਹਾ, ‘‘2023 ਦੇ ਵਿਨਾਸ਼ਕਾਰੀ ਹੜ੍ਹਾਂ ਤੋਂ ਬਾਅਦ ਹਿਮਾਚਲ ਪ੍ਰਦੇਸ਼ ਸਰਕਾਰ ਨੇ ਕਈ ਵਾਰ ਮੰਗ ਕੀਤੀ ਕਿ ਕੇਂਦਰ ਸਰਕਾਰ ਹੜ੍ਹਾਂ ਨੂੰ ਰਾਸ਼ਟਰੀ ਆਫ਼ਤ ਐਲਾਨੇ ਪਰ ਵਿੱਤ ਮੰਤਰੀ (ਨਿਰਮਲਾ ਸੀਤਾਰਾਮਨ) ਨੇ ਇਸ ਮੰਗ ਨੂੰ ਵਾਰ-ਵਾਰ ਖਾਰਿਜ ਕਰ ਦਿੱਤਾ।’’
ਰਮੇਸ਼ ਨੇ ਕਿਹਾ, ‘‘ਹੁਣ ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ਵਿਚ ਸਿੰਚਾਈ ਅਤੇ ਹੜ੍ਹ ਕੰਟਰੋਲ ਲਈ ਫੰਡ ਅਲਾਟ ਕਰਦੇ ਸਮੇਂ ‘ਨਾਨ ਬਾਇਓਲਾਜੀਕਲ’ ਪ੍ਰਧਾਨ ਮੰਤਰੀ ਦੀ ਸਰਕਾਰ ਵਿਚ ਕੰਮ ਕਰਨ ਦੇ ਦੋਹਰੇ ਮਾਪਦੰਡਾਂ ਦੀ ਉਦਾਹਰਣ ਪੇਸ਼ ਕੀਤੀ ਹੈ।’’
ਰਮੇਸ਼ ਨੇ ਕਿਹਾ ਕਿ ਸਾਰੇ ਸੂਬਿਆਂ ਨੂੰ ਕੇਂਦਰ ਸਰਕਾਰ ਕੋਲੋਂ ਗ੍ਰਾਂਟਾਂ ਦੇ ਰੂਪ ’ਚ ਬਿਨਾਂ ਸ਼ਰਤ ਸਹਾਇਤਾ ਦਾ ਭਰੋਸਾ ਮਿਲਿਆ ਪਰ ਜਦੋਂ ਕਾਂਗਰਸ ਸ਼ਾਸਿਤ ਹਿਮਾਚਲ ਪ੍ਰਦੇਸ਼ ਦੀ ਗੱਲ ਆਈ ਤਾਂ ਕਿਹਾ ਗਿਆ ਕਿ ਸਹਾਇਤਾ ਦੀ ਵਿਵਸਥਾ ‘ਬਹੁ-ਪੱਖੀ ਵਿਕਾਸ ਸਹਾਇਤਾ’ ਰਾਹੀਂ ਕੀਤੀ ਜਾਵੇਗੀ ਭਾਵ ਇਹ ਕਰਜ਼ਾ ਹੋਵੇਗਾ, ਜਿਸ ਨੂੰ ਚੁਕਾਉਣਾ ਹੋਵੇਗਾ।
ਕਾਂਗਰਸ ਨੇਤਾ ਨੇ ਕਿਹਾ ਆਪਣੇ ਭੂਗੋਲਿਕ ਅਤੇ ਚੁਣੌਤੀਪੂਰਨ ਖੇਤਰ ਕਾਰਨ ਵਿੱਤੀ ਤੌਰ ’ਤੇ ਸੰਘਰਸ਼ ਕਰ ਰਹੇ ਹਿਮਾਚਲ ਪ੍ਰਦੇਸ਼ ਨੂੰ ਕੇਂਦਰੀ ਫੰਡ ਮੁਹੱਈਆ ਕਰਵਾਉਣ ਦੀ ਬਜਾਏ ਹੁਣ ਉਸ ਨੂੰ ਕਰਜ਼ੇ ਦੇ ਬੋਝ ਹੇਠ ਦੱਬਿਆ ਜਾਵੇਗਾ।