‘ਮਿ੍ਰਤਕ ਫ਼ੌਜੀਆਂ ਦੀ ਗਿਣਤੀ ਦੱਸਣ ਨਾਲ ਚੀਨੀ ਜਨਤਾ ਕਮਿਊਨਿਸਟ ਪਾਰਟੀ ਨਾਲ ਨਾਰਾਜ਼’

Saturday, Feb 27, 2021 - 02:16 PM (IST)

‘ਮਿ੍ਰਤਕ ਫ਼ੌਜੀਆਂ ਦੀ ਗਿਣਤੀ ਦੱਸਣ ਨਾਲ ਚੀਨੀ ਜਨਤਾ ਕਮਿਊਨਿਸਟ ਪਾਰਟੀ ਨਾਲ ਨਾਰਾਜ਼’

ਹਾਲ ਹੀ ਵਿਚ ਚੀਨ ਨੇ ਪਿਛਲੇ ਸਾਲ ਜੂਨ ’ਚ ਹੋਈ ਗਲਵਾਨ ਘਾਟੀ ਵਿਚ ਭਾਰਤੀ ਫ਼ੌਜੀਆਂ ਨਾਲ ਝੜਪ ’ਚ ਆਪਣੇ ਮਿ੍ਰਤਕ ਫ਼ੌਜੀਆਂ ਦੀ ਗਿਣਤੀ ਦੱਸੀ, ਜੋ ਕਿ ਚਾਰ ਹੈ, ਚੀਨ ਨੇ ਲੱਗੇ ਹੱਥੀਂ ਇਸ ਘਟਨਾ ਦਾ ਵੀਡੀਓ ਵੀ ਜਾਰੀ ਕੀਤਾ ਹੈ ਪਰ ਵੀਡੀਓ ਚੀਨ ’ਤੇ ਭਾਰੀ ਪੈ ਗਿਆ। ਇਸ ਵੀਡੀਓ ਦੇ ਰਿਲੀਜ਼ ਹੋਣ ਤੋਂ ਬਾਅਦ ਚੀਨੀ ਨੌਜਵਾਨਾਂ ਨੇ ਪੀ. ਐੱਲ. ਏ., ਚੀਨੀ ਪ੍ਰਸ਼ਾਸਨ ਅਤੇ ਭਾਰਤੀ ਦੂਤਘਰ ਨੂੰ ਨਿਸ਼ਾਨਾ ਬਣਾ ਕੇ ਸੋਸ਼ਲ ਮੀਡੀਆ ’ਤੇ ਲਿਖਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਚੀਨ ਨੇ ਅਧਿਕਾਰਤ ਤੌਰ ’ਤੇ ਆਪਣੇ ਮਰੇ ਫ਼ੌਜੀਆਂ ਦਾ ਸਹੀ ਅੰਕੜਾ ਅਜੇ ਵੀ ਨਹੀਂ ਦਿੱਤਾ ਹੈ। ਇਸ ਗੱਲ ਨੂੰ ਲੈ ਕੇ ਚੀਨੀ ਨੌਜਵਾਨ ਆਪਣੀ ਸਰਕਾਰ ਅਤੇ ਪੀ. ਐੱਲ. ਏ. ਨਾਲ ਕਾਫੀ ਨਾਰਾਜ਼ ਹਨ। ਦਰਅਸਲ ਪੂਰਬੀ ਲੱਦਾਖ ਇਲਾਕੇ ’ਚੋਂ ਆਪਣੀ ਫ਼ੌਜ ਨੂੰ ਪਿੱਛੇ ਹਟਾਏ ਜਾਣ ਮਗਰੋਂ ਚੀਨ ਨੇ ਆਪਣੀ ਸ਼ਾਨ ’ਚ ਪ੍ਰਸ਼ੰਸਾ ਲਈ ਅਤੇ ਖ਼ੁਦ ਦੀ ਸ਼੍ਰੇਸ਼ਠਾ ਜ਼ਾਹਰ ਕਰਨ ਲਈ ਪਿਛਲੀਆਂ ਗਰਮੀ ’ਚ ਸ਼ੂਟ ਕੀਤੇ ਗਏ ਇਕ ਵੀਡੀਓ ਨੂੰ ਹਾਲ ਹੀ ’ਚ ਜਾਰੀ ਕੀਤਾ ਸੀ ਪਰ ਇਹ ਚਾਲ ਚੀਨ ਨੂੰ ਉਲਟੀ ਪੈ ਗਈ ਹੈ।

ਚੀਨੀ ਪ੍ਰਸ਼ਾਸਨ ਨੇ ਕਿਹਾ ਹੈ ਕਿ ਗਲਵਾਨ ਘਾਟੀ ਵਿਚ ਪਿਛਲੇ ਸਾਲ ਹੋਈ ਝੜਪ ’ਚ ਮਾਰੇ ਗਏ ਚੀਨੀ ਫ਼ੌਜੀਆਂ ਨੂੰ ਉਹ ਮਰਨ ਉਪਰੰਤ ਸਨਮਾਨਿਤ ਕਰੇਗਾ, ਸਹੀ ਮਿ੍ਰਤਕਾਂ ਦੀ ਗਿਣਤੀ ਦੱਸਣ ਤੋਂ ਚੀਨ ਨੇ ਇਕ ਵਾਰ ਫਿਰ ਨਾਂਹ ਕਰ ਦਿੱਤੀ ਹੈ ਪਰ ਸਿਰਫ਼ 4 ਚੀਨੀ ਫ਼ੌਜੀਆਂ ਦੇ ਮਾਰੇ ਜਾਣ ਦੀ ਗੱਲ ਕਹੀ ਹੈ। ਇਸ ਘਟਨਾ ਦੀ ਪ੍ਰਤੀਕਿਰਿਆ ’ਚ ਚੀਨੀ ਨੌਜਵਾਨ ਚੀਨ ਸਥਿਤ ਭਾਰਤੀ ਦੂਤਘਰ ਦੀ ਸੋਸ਼ਲ ਮੀਡੀਆ ਵੈੱਬਸਾਈਟ ਨੂੰ ਟੈਗ ਕਰ ਕੇ ਉਸ ’ਤੇ ਅਪ-ਸ਼ਬਦਾਂ ਦੀ ਝੜੀ ਲਗਾ ਕੇ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ।

ਦਰਅਸਲ ਗਲਵਾਨ ਝੜਪ ’ਚ, ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ 20 ਭਾਰਤੀ ਫ਼ੌਜੀ ਜਵਾਨ ਸ਼ਹੀਦ ਹੋਏ ਸਨ। ਓਧਰ ਚੀਨ ਦੇ ਫ਼ੌਜੀਆਂ ਦੀ ਮੌਤ ’ਤੇ ਅਨੁਮਾਨ ਲਾਇਆ ਸੀ ਕਿ ਇਹ ਅੰਕੜਾ ਕਿਤੇ ਜ਼ਿਆਦਾ ਹੈ। ਅਮਰੀਕੀ ਪੈਂਟਾਗਨ ਨੇ ਉਪਗ੍ਰਹਿ ਤੋਂ ਲਈਆਂ ਗਈਆਂ ਤਸਵੀਰਾਂ ਦੇ ਹਵਾਲੇ ਨਾਲ ਦੱਸਿਆ ਕਿ ਚੀਨੀ ਫ਼ੌਜੀਆਂ ਦੇ ਮਰਨ ਦੀ ਗਿਣਤੀ 40 ਤੋਂ ਵੱਧ ਹੈ। ਓਧਰ ਰੂਸੀ ਏਜੰਸੀ ਇਤਰ ਤਾਸ ਮੁਤਾਬਕ ਗਲਵਾਨ ਝੜਪ ਵਿਚ ਚੀਨ ਦੇ 45 ਫ਼ੌਜੀ ਮਾਰੇ ਗਏ ਸਨ।  ‘ਯੂਰੀਸ਼ੀਅਨ ਟਾਈਮਸ’ ਨੇ ਇਕ ਨਵਾਂ ਖ਼ੁਲਾਸਾ ਕਰ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ, ‘ਯੂਰੀਸ਼ੀਅਨ ਟਾਈਮਸ’ ਮੁਤਾਬਕ ਗਲਵਾਨ ਝੜਪ ’ਚ 100 ਤੋਂ ਵੱਧ ਚੀਨੀ ਫ਼ੌਜੀ ਮਾਰੇ ਗਏ ਸਨ, ਇਸ ਅਖ਼ਬਾਰ ਨੇ ਇਕ ਸਾਬਕਾ ਪੀ. ਐੱਲ. ਏ. ਫ਼ੌਜੀ ਅਧਿਕਾਰੀ ਯਾਂਗ ਚਿਯਾਨ ਲੀ ਦੇ ਹਵਾਲੇ ਨਾਲ ਕਿਹਾ ਹੈ, ਯਾਂਗ ਦੇ ਪਿਤਾ ਕਮਿਊਨਿਸਟ ਪਾਰਟੀ ਦੇ ਮਹੱਤਵਪੂਰਨ ਨੇਤਾ ਸਨ।

ਚੀਨ ਦੇ ਮੁੱਖ ਪੱਤਰ ‘ਗਲੋਬਲ ਟਾਈਮਸ’ ਨੇ ਹਮੇਸ਼ਾ ਵਾਂਗ ਇਸ ਮੁੱਦੇ ’ਤੇ ਵੀ ਸਰਕਾਰ ਦਾ ਬਚਾਅ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਉਸ ਸਮੇਂ ਚੀਨੀ ਫ਼ੌਜੀਆਂ ਦੇ ਮਰਨ ਦੀ ਖ਼ਬਰ ਇਸ ਲਈ ਛੁਪਾਈ ਕਿਉਂਕਿ ਅਜਿਹਾ ਕਰਨਾ ਸਰਹੱਦ ’ਤੇ ਸਥਿਰਤਾ ਦੇ ਲਈ ਜ਼ਰੂਰੀ ਸੀ। ਹੁਣ ਸਰਕਾਰ ਮਿ੍ਰਤਕ ਫ਼ੌਜੀਆਂ ਨੂੰ ਸਨਮਾਨ ਦੇਣਾ ਚਾਹੁੰਦੀ ਹੈ, ਇਸ ਲਈ ਇਹ ਜਾਣਕਾਰੀ ਜਨਤਕ ਕੀਤੀ ਗਈ ਹੈ। ਗਲੋਬਲ ਟਾਈਮਸ ਅੱਗੇ ਲਿਖਦਾ ਹੈ ਕਿ ਚੀਨੀ ਨੌਜਵਾਨਾਂ ਲਈ ਆਪਣੇ ਫ਼ੌਜੀਆਂ ਦੇ ਮਾਰੇ ਜਾਣ ਦੀ ਖ਼ਬਰ ਸੁਣਨਾ ਇਕ ਮਾੜੀ ਗੱਲ ਹੈ ਕਿਉਂਕਿ ਇਕ ਲੰਬੇ ਸਮੇਂ ਤੋਂ ਚੀਨ ਦੀ ਕਿਸੇ ਵੀ ਦੇਸ਼ ਨਾਲ ਜੰਗ ਨਹੀਂ ਲੱਗੀ ਹੈ ਪਰ ਅਸਲ ਗੱਲ ਇਹ ਹੈ ਕਿ ਚੀਨੀ ਜਨਤਾ ਅਤੇ ਉੱਥੋਂ ਦਾ ਨੌਜਵਾਨ ਵਰਗ ਕਈ ਮਹੀਨਿਆਂ ਬਾਅਦ ਹੋਏ ਇਸ ਖ਼ੁਲਾਸੇ ਕਾਰਨ ਆਪਣੀ ਸਰਕਾਰ ਨਾਲ ਬਹੁਤ ਨਾਰਾਜ਼ ਹੈ, ਦਹਾਕਿਆਂ ਬਾਅਦ ਚੀਨ ਦੀ ਸਰਕਾਰ ਨੂੰ ਇਕ ਬੇਹੱਦ ਕਰਾਰਾ ਜਵਾਬ ਮਿਲਿਆ ਹੈ।


author

Tanu

Content Editor

Related News