ਆਫ ਦ ਰਿਕਾਰਡ ; ਯੋਗੀ ਨੇ ਮਹਿਲਾ ਸ਼ਕਤੀ ਨੂੰ ਲੁਭਾਇਆ

Sunday, Nov 29, 2026 - 01:38 PM (IST)

ਆਫ ਦ ਰਿਕਾਰਡ ; ਯੋਗੀ ਨੇ ਮਹਿਲਾ ਸ਼ਕਤੀ ਨੂੰ ਲੁਭਾਇਆ

ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਇਕ ‘ਸੰਨਿਆਸੀ’ ਹਨ, ਇਸ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨਾਲ ਸਟੇਜ ਸਾਂਝੀ ਨਹੀਂ ਕਰਦੇ। ਹੋਰ ਪਾਰਟੀਆਂ ‘ਅੱਧੀ ਆਬਾਦੀ’ ਨੂੰ ਵੱਡੇ ਪੱਧਰ ’ਤੇ ਲੁਭਾਉਣ ’ਚ ਲੱਗੀਆਂ ਹੋਈਆਂ ਹਨ। ਸਪਾ ਮੁਖੀ ਅਖਿਲੇਸ਼ ਯਾਦਵ ਦੀ ਪਤਨੀ ਡਿੰਪਲ ਯਾਦਵ ਤੇ ਆਰ. ਐੱਲ. ਡੀ. ਦੇ ਪ੍ਰਧਾਨ ਜਯੰਤ ਚੌਧਰੀ ਦੀ ਪਤਨੀ ਚਾਰੂ ਚੌਧਰੀ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਡਿੰਪਲ ਪਹਿਲਾਂ ਹੀ ਕਈ ਵਾਰ ਲੋਕ ਸਭਾ ਮੈਂਬਰ ਰਹਿ ਚੁੱਕੀ ਹੈ।

ਕਈ ਹੋਰ ਮਹਿਲਾ ਆਗੂ ਵੀ ਵਧੇਰੇ ਸਰਗਰਮ ਹੋ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਬਸਪਾ ਮੁਖੀ ਮਾਇਆਵਤੀ ਆਪਣੀ ਭਤੀਜੀ ਦੀਪਿਕਾ ਨੂੰ ਆਪਣੇ ਭਤੀਜਿਆਂ ਆਕਾਸ਼ ਤੇ ਈਸ਼ਾਨ ਆਨੰਦ ਤੋਂ ਪਹਿਲਾਂ ਸਿਆਸੀ ਖੇਤਰ ’ਚ ਲਿਆਉਣ ਦੀ ਤਿਆਰੀ ਕਰ ਰਹੀ ਹੈ।

ਅਪਨਾ ਦਲ ਦੇ ਦੋਵੇਂ ਧੜੇ ਇਕ ਵਾਰ ਫਿਰ ਚੋਣ ਮੈਦਾਨ ’ਚ ਆਹਮੋ-ਸਾਹਮਣੇ ਹੋਣਗੇ, ਜਿਸ ’ਚ ਅਨੁਪ੍ਰਿਆ ਪਟੇਲ ਤੇ ਪੱਲਵੀ ਪਟੇਲ ਪ੍ਰਮੁੱਖ ਮਹਿਲਾ ਚਿਹਰੇ ਹਨ। ਕਾਂਗਰਸ ਦੀ ਆਗੂ ਪ੍ਰਿਅੰਕਾ ਗਾਂਧੀ ਹਾਲਾਂਕਿ ਵਾਇਨਾਡ ਤੋਂ ਸੰਸਦ ਮੈਂਬਰ ਹੈ, ਪਰ ਉਸ ਦੇ ਵੀ ਯੂ. ਪੀ. ਚੋਣ ਪ੍ਰਚਾਰ ’ਚ ਸਰਗਰਮ ਹੋਣ ਦੀ ਉਮੀਦ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਯੋਗੀ ਦੀਆਂ ਯੋਜਨਾਵਾਂ ’ਚ ਔਰਤਾਂ ਲਈ ਕੋਈ ਥਾਂ ਨਹੀਂ ਹੈ। ਯੂ. ਪੀ. ਵਿਧਾਨ ਸਭਾ ਦੀਆਂ ਆਉਣ ਵਾਲੀਆਂ ਚੋਣਾਂ ’ਚ ਔਰਤਾਂ ਇਕ ਫੈਸਲਾਕੁੰਨ ਸ਼ਕਤੀ ਵਜੋਂ ਉੱਭਰ ਰਹੀਆਂ ਹਨ। ਸੂਬਾ ਸਰਕਾਰ ਨੇ ਔਰਤਾਂ ਨੂੰ ਇਕ ਵੱਖਰੇ ਹਲਕੇ ਵਜੋਂ ਪਛਾਣਿਆ ਹੈ ਤੇ ਉਨ੍ਹਾਂ ਲਈ ਵਿਸ਼ੇਸ਼ ਤੌਰ ’ਤੇ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ।

ਇਸ ਦੌਰਾਨ ਭਾਜਪਾ ਦੀ ਜਨਰਲ ਸਕੱਤਰ ਸਮ੍ਰਿਤੀ ਇਰਾਨੀ ਇਕ ਮੁੱਖ ਭੂਮਿਕਾ ਨਿਭਾਉਣ ਲਈ ਤਿਆਰ ਹੈ। ਅਜਿਹੇ ਸੰਕੇਤ ਹਨ ਕਿ ਉਹ ਇਕ ਵਾਰ ਫਿਰ ਅਮੇਠੀ ਤੇ ਰਾਏਬਰੇਲੀ ’ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰ ਸਕਦੀ ਹੈ। ਯੋਗੀ ਭਾਜਪਾ ਲੀਡਰਸ਼ਿਪ ਨਾਲ ਮਿਲ ਕੇ ਮਹਿਲਾ ਵੋਟਰਾਂ ਨੂੰ ਲੁਭਾਉਣ ਲਈ ਵੱਡੀ ਗਿਣਤੀ ’ਚ ਮਹਿਲਾ ਨੇਤਾਵਾਂ ਨੂੰ ਮੈਦਾਨ ’ਚ ਉਤਾਰਨ ਲਈ ਕੰਮ ਕਰ ਰਹੇ ਹਨ। ਇਸ ਲਈ, ਯੂ. ਪੀ. ਚੋਣ ਮੁਹਿੰਮ ’ਚ ਧਾਰਮਿਕ ਬਿਰਤਾਂਤ ਦੇ ਨਾਲ-ਨਾਲ ਔਰਤਾਂ ਦਰਮਿਆਨ ਇਕ ਬਹੁਤ ਹੀ ਤਿੱਖਾ ਸਿਆਸੀ ਮੁਕਾਬਲਾ ਵੇਖਣ ਨੂੰ ਮਿਲਣ ਦੀ ਸੰਭਾਵਨਾ ਹੈ।


author

Harpreet SIngh

Content Editor

Related News