ਬਿਹਾਰ ਵਿਧਾਨ ਪ੍ਰੀਸ਼ਦ ਵਿਚ ਨਿਤੀਸ਼ ਤੇ ਰਾਬੜੀ ਵਿਚਾਲੇ ਫਿਰ ਟਕਰਾਅ

Friday, Mar 21, 2025 - 12:43 AM (IST)

ਬਿਹਾਰ ਵਿਧਾਨ ਪ੍ਰੀਸ਼ਦ ਵਿਚ ਨਿਤੀਸ਼ ਤੇ ਰਾਬੜੀ ਵਿਚਾਲੇ ਫਿਰ ਟਕਰਾਅ

ਪਟਨਾ, (ਭਾਸ਼ਾ)- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਰਾਬੜੀ ਦੇਵੀ ’ਤੇ ਵੀਰਵਾਰ ਨੂੰ ਇਕ ਵਾਰ ਫਿਰ ਨਿਸ਼ਾਨਾ ਵਿੰਨ੍ਹਦਿਆਂ ਯਾਦ ਦਿਵਾਇਆ ਕਿ ਉਹ ਉਸ ਦੇ ਪਤੀ ਨੂੰ ਇਸ ਅਹੁਦੇ ਤੋਂ ਹਟਾਏ ਜਾਣ ਕਾਰਨ ਹੀ ਮੁੱਖ ਮੰਤਰੀ ਬਣੀ ਸੀ। ਕੁਮਾਰ ਨੇ ਰਾਜ ਵਿਧਾਨ ਪ੍ਰੀਸ਼ਦ ਵਿਚ ਇਕ ਚਰਚਾ ਦੌਰਾਨ ਚਾਰਾ ਘਪਲੇ ’ਚ ਸੀ. ਬੀ. ਆਈ. ਵੱਲੋਂ ਦੋਸ਼ ਪੱਤਰ ਦਾਖਲ ਕੀਤੇ ਜਾਣ ਤੋਂ ਬਾਅਦ 1997 ’ਚ ਰਾਜਦ ਸੁਪਰੀਮੋ ਦੇ ਅਸਤੀਫ਼ੇ ਦਾ ਜ਼ਿਕਰ ਕੀਤਾ।

ਰਾਬੜੀ ਦੇਵੀ ਨੇ ਆਪਣਾ ਵਿਰੋਧ ਦਰਜ ਕਰਵਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਵਜੋਂ ਉਹ ਆਪਣੇ ਅੱਠ ਸਾਲਾਂ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਬਾਰੇ ਬੋਲ ਸਕਦੀ ਹੈ। ਓਧਰ ਕੁਮਾਰ ਨੇ ਮਗਹੀ ਭਾਸ਼ਾ ਵਿਚ ਉਨ੍ਹਾਂ ’ਤੇ ਤੰਜ ਕੱਸਦਿਆਂ ਕਿਹਾ, ‘ਛੋੜਾ ਨਾ ਤੋਹਰਾ ਕੁਛ ਮਾਲੁਮ ਹੈ।’ ਇਸ ਤੋਂ ਬਾਅਦ ਜਨਤਾ ਦਲ (ਯੂ) ਸੁਪਰੀਮੋ ਨੇ ਕਿਹਾ ਕਿ ਉਸ ਦੇ ਪਤੀ ਨੇ ਉਸ ਨੂੰ ਮੁੱਖ ਮੰਤਰੀ ਬਣਾਇਆ, ਜਦੋਂ ਉਸ ਨੂੰ (ਲਾਲੂ) ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।

ਇਹ ਸਭ ਪਰਿਵਾਰ ’ਚ ਹੀ ਰਿਹਾ। ਸੱਤਾ ’ਚ ਰਹਿੰਦਿਆਂ ਉਨ੍ਹਾਂ ਕੋਈ ਕੰਮ ਨਹੀਂ ਕੀਤਾ। ਉਸ ਦੀ ਸ਼ਰਾਰਤੀ ਪ੍ਰਵਿਰਤੀ ਨੇ ਮੈਨੂੰ ਉਸ ਨਾਲੋਂ ਨਾਤਾ ਤੋੜਨ ਲਈ ਮਜਬੂਰ ਕਰ ਦਿੱਤਾ। ਮੌਜੂਦਾ ਸੈਸ਼ਨ ਦੌਰਾਨ ਇਹ ਤੀਜਾ ਮੌਕਾ ਹੈ ਜਦੋਂ ਕੁਮਾਰ ਅਤੇ ਰਾਬੜੀ ਵਿਚਾਲੇ ਟਕਰਾਅ ਹੋਇਆ ਹੈ।


author

Rakesh

Content Editor

Related News