ਮਣੀਪੁਰ ’ਚ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਫੋਰਸਾਂ ਵਿਚਾਲੇ ਝੜਪਾਂ, ਨੌਜਵਾਨਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਪ੍ਰਦਰਸ਼ਨ

Monday, Nov 02, 2026 - 10:46 PM (IST)

ਮਣੀਪੁਰ ’ਚ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਫੋਰਸਾਂ ਵਿਚਾਲੇ ਝੜਪਾਂ, ਨੌਜਵਾਨਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਪ੍ਰਦਰਸ਼ਨ

ਇੰਫਾਲ - ਗੁਆਂਢੀ ਸੈਨਾਪਤੀ ਜ਼ਿਲੇ ’ਚ 2 ਲਾਪਤਾ ਨੌਜਵਾਨਾਂ ਦੀਆਂ ਵਿਗੜੀ ਹਾਲਤ ’ਚ ਲਾਸ਼ਾਂ ਮਿਲਣ ਤੋਂ ਬਾਅਦ ਮਣੀਪੁਰ ਦੇ ਕਾਂਗਪੋਕਪੀ ਜ਼ਿਲੇ ’ਚ ਫਿਰ ਤਣਾਅ ਪੈਦਾ ਹੋ ਗਿਆ। ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਫੋਰਸਾਂ ਵਿਚਾਲੇ ਝੜਪਾਂ ਹੋਈਆਂ।

ਐਤਵਾਰ ਰਾਤ ਕਾਂਗਪੋਕਪੀ ਜ਼ਿਲੇ ਦੇ ਕਈ ਇਲਾਕਿਆਂ ’ਚ ਵਿਰੋਧ ਪ੍ਰਦਰਸ਼ਨ ਹੋਏ। ਪ੍ਰਦਰਸ਼ਨਕਾਰੀਆਂ ਨੇ ਕਈ ਸੜਕਾਂ 'ਤੇ ਟਾਇਰ ਸਾੜੇ ਤੇ ਸੜਕਾਂ ਨੂੰ ਲੱਕੜਾਂ ਤੇ ਵੱਡੇ ਪੱਥਰਾਂ ਨਾਲ ਰੋਕ ਦਿੱਤਾ। ਪੁਲਸ ਨੇ ਇਨ੍ਹਾਂ ’ਚੋਂ ਕੁਝ ਸੜਕਾਂ ਨੂੰ ਸਾਫ਼ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਫੋਰਸਾਂ ’ਤੇ ਪੱਥਰਾਅ ਕੀਤਾ ਜਿਸ ਕਾਰਨ ਪੁਲਸ ਨੂੰ ਉਨ੍ਹਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ ਤੇ ਲਾਠੀਚਾਰਜ ਕਰਨਾ ਪਿਆ। ਅਧਿਕਾਰੀਆਂ ਨੇ ਕਿਹਾ ਕਿ ਇਕ ਪ੍ਰਦਰਸ਼ਨਕਾਰੀ ਨੂੰ ਅੱਥਰੂ ਗੈਸ ਦੇ ਗੋਲੇ ਨਾਲ ਸਿਰ ’ਚ ਸੱਟ ਲੱਗੀ ਹੈ। ਉਸ ਦੀ ਹਾਲਤ ਸਥਿਰ ਹੈ। ਜ਼ਿਲੇ ’ਚ ਤਣਾਅ ਜਾਰੀ ਹੈ।

ਅਧਿਕਾਰੀਆਂ ਅਨੁਸਾਰ ਕੁਝ ਦਿਨ ਪਹਿਲਾਂ ਲਾਪਤਾ ਹੋਏ 2 ਨੌਜਵਾਨਾਂ ਦੀਆਂ ਲਾਸ਼ਾਂ ਐਤਵਾਰ ਸਵੇਰੇ ਸੈਨਾਪਤੀ ਜ਼ਿਲੇ ਦੇ ਇਕ ਪਹਾੜੀ ਖੇਤਰ ’ਚ ਮਿਲੀਆਂ ਸਨ। 29 ਅਕਤੂਬਰ ਨੂੰ ਤਾਫੌ ਕੁਕੀ ਪਿੰਡ ਤੋਂ ਲਾਪਤਾ ਹੋਏ ਟੀ. ਚੋਂਗਲੋਈ (21) ਤੇ ਪਾਓਗਿਨਲਾਲ ਹੈਂਗਸ਼ਿੰਗ (20) ਦੀ ਭਾਲ ਦੌਰਾਨ ਕੇਲਿਆਂ ਦੇ ਇਕ ਬਾਗ ’ਚ ਬੋਰੀਆਂ ’ਚ ਬੰਦ ਇਹ ਲਾਸ਼ਾਂ ਮਿਲੀਆਂ। ਦੋਹਾਂ ਉਪ ਮੁੱਖ ਮੰਤਰੀਆਂ ਨੇਮਚਾ ਕਿਪਗੇਨ ਤੇ ਲੋਸੀ ਦਿਖੋ ਨੇ ਇਨ੍ਹਾਂ ਹੱਤਿਆਵਾਂ ਦੀ ਨਿੰਦਾ ਕੀਤੀ ਹੈ।


author

Inder Prajapati

Content Editor

Related News