ਪ੍ਰਸਿੱਧ ਯੂਟਿਊਬਰ ਧਰੁਵ ਰਾਠੀ ਖ਼ਿਲਾਫ਼ ਕੇਂਦਰ ਸਰਕਾਰ ਦਾ ਵੱਡਾ ਕਦਮ

09/27/2022 5:40:05 PM

ਮੁੰਬਈ (ਬਿਊਰੋ) : ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਹੈ, ਜਿਸ ਤੋਂ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਮਿਲਦੀ ਹੈ ਪਰ ਕਈ ਵਾਰ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਨੂੰ ਭੜਕਾਇਆ ਵੀ ਜਾਂਦਾ ਹੈ। ਕਈ ਵਾਰ ਸੋਸ਼ਲ ਮੀਡੀਆ 'ਤੇ ਗਲ਼ਤ ਜਾਣਕਾਰੀ ਦੇ ਕੇ ਲੋਕਾਂ ਉਕਸਾਇਆ ਜਾਂਦਾ ਹੈ। ਇਸੇ ਮਾਮਲੇ ਨੂੰ ਲੈ ਕੇ ਹੁਣ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਅਹਿਮ ਫ਼ੈਸਲਾ ਲਿਆ ਹੈ। ਦਰਅਸਲ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਯੂਟਿਊਬ ਨੂੰ ਆਪਣੇ ਪਲੇਟਫਾਰਮ ਤੋਂ 45 ਵੀਡੀਓ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਇਹ ਵੀਡੀਓ ਦਸ ਵੱਖ-ਵੱਖ ਚੈਨਲਾਂ ਦੇ ਹਨ। ਬਲੌਕ ਕੀਤੇ ਗਏ ਵੀਡੀਓਜ਼ 'ਚੋਂ ਇਕ ਮਸ਼ਹੂਰ ਯੂਟਿਊਬਰ ਧਰੁਵ ਰਾਠੀ ਦਾ ਵੀ ਹੈ। ਇਹ ਫ਼ੈਸਲਾ 23 ਸਤੰਬਰ ਨੂੰ ਲਿਆ ਗਿਆ ਹੈ। ਸੁਰੱਖਿਆ ਏਜੰਸੀਆਂ ਦੇ ਇਨਪੁਟਸ ਦੇ ਆਧਾਰ 'ਤੇ। 

ਦੱਸ ਦਈਏ ਕਿ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ, "ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ 10 ਯੂਟਿਊਬ ਚੈਨਲਾਂ 'ਤੇ ਪਾਬੰਦੀ, ਮੁਅੱਤਲ ਕਰ ਦਿੱਤਾ ਹੈ। ਜਿਹੜੇ ਦੇਸ਼ ਖ਼ਿਲਾਫ਼ ਜ਼ਹਿਰ ਉਗਲਦੇ ਹਨ ਅਤੇ ਗੁਆਂਢੀ ਦੇਸ਼ਾਂ ਨਾਲ ਸਾਡੇ ਸਬੰਧਾਂ ਨੂੰ ਵਿਗਾੜਨ ਦੀ ਕੋਸ਼ਿਸ਼ ਕਰਦੇ ਹਨ। ਇਹ ਫ਼ੈਸਲਾ ਦੇਸ਼ ਦੇ ਹਿੱਤ 'ਚ ਲਿਆ ਗਿਆ ਹੈ। ਭਵਿੱਖ 'ਚ ਵੀ ਲੋੜ ਪੈਣ 'ਤੇ ਦੁਬਾਰਾ ਕੀਤਾ ਜਾਵੇਗਾ।"

PunjabKesari
ਮੰਤਰਾਲੇ ਦਾ ਦਾਅਵਾ ਹੈ ਕਿ ਇਨ੍ਹਾਂ ਵੀਡੀਓਜ਼ 'ਚ ਭਾਈਚਾਰਿਆਂ 'ਚ ਨਫ਼ਰਤ ਫੈਲਾਉਣ ਦੇ ਇਰਾਦੇ ਨਾਲ ਫਰਜ਼ੀ ਖ਼ਬਰਾਂ ਫੈਲਾਈਆਂ ਗਈਆਂ ਸਨ। ਮੰਤਰਾਲੇ ਨੇ ਇਹ ਵੀ ਕਿਹਾ ਕਿ ਇਨ੍ਹਾਂ ਵੀਡੀਓਜ਼ 'ਚ 'ਝੂਠੇ ਦਾਅਵੇ' ਕੀਤੇ ਗਏ ਹਨ। ਮਿਸਾਲ ਵਜੋਂ, ਸਰਕਾਰ ਨੇ ਕੁਝ ਧਾਰਮਿਕ ਫਿਰਕਿਆਂ ਦੇ ਅਧਿਕਾਰ ਖੋਹ ਲਏ, ਕਿਸੇ ਵਿਸ਼ੇਸ਼ ਧਰਮ ਨੂੰ ਹਿੰਸਕ ਧਮਕੀਆਂ ਦਿੱਤੀਆਂ, ਦੇਸ਼ 'ਚ ਘਰੇਲੂ ਯੁੱਧ ਦੀ ਸਥਿਤੀ ਪੈਦਾ ਕੀਤੀ ਜਾ ਰਹੀ ਹੈ। ਸੁਰੱਖਿਆ ਏਜੰਸੀਆਂ ਨੇ ਦਾਅਵਾ ਕੀਤਾ ਹੈ ਕਿ ਅਜਿਹੇ ਵੀਡੀਓ ਦੇਸ਼ 'ਚ ਫਿਰਕੂ ਅਸ਼ਾਂਤੀ ਪੈਦਾ ਕਰ ਸਕਦੇ ਹਨ ਅਤੇ ਜਨਤਕ ਵਿਵਸਥਾ ਨੂੰ ਵਿਗਾੜ ਸਕਦੇ ਹਨ।

ਬਲੌਕ ਚੈਨਲਾਂ ਦੀ ਸੂਚੀ
ਇੰਡੀਆ ਟੂਡੇ ਨਾਲ ਜੁੜੇ ਸੁਮਿਤ ਕੁਮਾਰ ਸਿੰਘ ਦੀ ਰਿਪੋਰਟ ਮੁਤਾਬਕ, ਬਲਾਕ ਕੀਤੇ ਗਏ ਵੀਡੀਓਜ਼ 'ਚ ਅਗਨੀਪਥ ਯੋਜਨਾ, ਭਾਰਤੀ ਫੌਜ, ਦੇਸ਼ ਦੀ ਰਾਸ਼ਟਰੀ ਸੁਰੱਖਿਆ ਪ੍ਰਣਾਲੀ ਵਰਗੇ ਮੁੱਦਿਆਂ 'ਤੇ ਗੱਲਬਾਤ ਸੀ। ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, ''ਇਹ ਵੀਡੀਓਜ਼ ਦੀ ਸਮੱਗਰੀ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ੀ ਰਾਜਾਂ ਨਾਲ ਭਾਰਤ ਦੇ ਦੋਸਤਾਨਾ ਸਬੰਧਾਂ ਦੇ ਦ੍ਰਿਸ਼ਟੀਕੋਣ ਤੋਂ ਗਲ਼ਤ ਅਤੇ ਸੰਵੇਦਨਸ਼ੀਲ ਪਾਈ ਗਈ ਸੀ। 23 ਸਤੰਬਰ 2022 ਨੂੰ ਆਈ. ਟੀ. ਨਿਯਮ 2021 ਦੇ ਉਪਬੰਧਾਂ ਦੇ ਤਹਿਤ ਸਬੰਧਤ ਵੀਡੀਓਜ਼ ਨੂੰ ਬਲਾਕ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਇਨ੍ਹਾਂ ਵੀਡੀਓਜ਼ 'ਚ ਇਕ ਵੀਡੀਓ ਧਰੁਵ ਰਾਠੀ ਦਾ ਵੀ ਹੈ।''


sunita

Content Editor

Related News