ਕੇਂਦਰ ਨੇ ਪੰਜਾਬ ਸਮੇਤ 27 ਸੂਬਿਆਂ ਨੂੰ ਜਾਰੀ ਕੀਤੇ 47,346 ਕਰੋੜ ਰੁਪਏ
Thursday, Aug 29, 2019 - 04:02 PM (IST)

ਨਵੀਂ ਦਿੱਲੀ (ਭਾਸ਼ਾ)— ਵਾਤਾਵਰਣ ਮੰਤਰਾਲੇ ਨੇ 27 ਸੂਬਿਆਂ ਨੂੰ ਜੰਗਲਾਤ ਅਤੇ ਹੋਰ ਗ੍ਰੀਨ ਗਤੀਵਿਧੀਆਂ (ਵਾਤਾਵਰਣ ਨੂੰ ਹਰਿਆ-ਭਰਿਆ) ਬਣਾਉਣ ਲਈ ਵੀਰਵਾਰ ਯਾਨੀ ਕਿ ਅੱਜ 47,346 ਕਰੋੜ ਰੁਪਏ ਜਾਰੀ ਕੀਤੇ। ਇਨ੍ਹਾਂ ਗ੍ਰੀਨ ਗਤੀਵਿਧੀਆਂ ਵਿਚ ਜੰਗਲ ਦੀ ਅੱਗ, ਜੈਵ ਵਿਭਿੰਨਤਾ ਪ੍ਰਬੰਧਨ ਅਤੇ ਮਿੱਟੀ ਦਾ ਬਚਾਅ ਸ਼ਾਮਲ ਹੈ। ਕੇਂਦਰੀ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਜੰਗਲਾਤ ਫੰਡ ਪ੍ਰਬੰਧਨ ਅਤੇ ਯੋਜਨਾ ਅਥਾਰਟੀ ਤਹਿਤ ਇਹ ਰਾਸ਼ੀ ਜਾਰੀ ਕੀਤੀ। ਉਨ੍ਹਾਂ ਨੇ ਕਿਹਾ ਕਿ ਫੰਡ ਦੀ ਵਰਤੋਂ ਜੰਗਲਾਤ, ਜੰਗਲੀ ਜੀਵ ਪ੍ਰਬੰਧਨ, ਜੰਗਲ ਦੀ ਅੱਗ ਦੀ ਰੋਕਥਾਮ, ਜੰਗਲਾਂ ਦੀ ਮਿੱਟੀ ਅਤੇ ਨਮੀ ਬਚਾਅ ਦਾ ਕੰਮ, ਜੈਵਿਕ ਸਾਧਨਾਂ ਅਤੇ ਜੈਵਿਕ ਵਿਭਿੰਨਤਾ ਦੇ ਪ੍ਰਬੰਧਨ, ਪਿੰਡਾਂ ਦਾ ਸਵੈ-ਇੱਛਾ ਨਾਲ ਮੁੜਵਸੇਬਾ, ਜੰਗਲਾਤ ਦੀ ਖੋਜ ਅਤੇ ਕੈਂਪਾਂ ਦੀ ਨਿਗਰਾਨੀ ਲਈ ਕੀਤਾ ਜਾਵੇਗਾ।
ਜਿਨ੍ਹਾਂ 27 ਸੂਬਿਆਂ ਨੂੰ 47,346 ਕਰੋੜ ਰੁਪਏ ਮਿਲੇ ਹਨ, ਉਨ੍ਹਾਂ ’ਚ ਪੰਜਾਬ, ਓਡੀਸ਼ਾ, ਛੱਤੀਸਗੜ੍ਹ, ਮੱਧ ਪ੍ਰਦੇਸ਼, ਝਾਰਖੰਡ, ਮਹਾਰਾਸ਼ਟਰ, ਤੇਲੰਗਾਨਾ, ਉੱਤਰਾਖੰਡ, ਉੱਤਰ ਪ੍ਰਦੇਸ਼, ਰਾਜਸਥਾਨ, ਆਂਧਰਾ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਗੁਜਰਾਤ, ਕਰਨਾਟਕ, ਹਰਿਆਣਾ, ਅਸਾਮ, ਬਿਹਾਰ, ਸਿੱਕਮ, ਮਣੀਪੁਰ, ਗੋਆ, ਪੱਛਮੀ ਬੰਗਾਲ, ਮਿਜ਼ੋਰਮ, ਤ੍ਰਿਪੁਰਾ, ਮੇਘਾਲਿਆ, ਤਾਮਿਲਨਾਡੂ ਅਤੇ ਕੇਰਲ ਸ਼ਾਮਲ ਹਨ।