ਜਨਗਣਨਾ ਦਾ ਮੌਜੂਦਾ ਰੂਪ ਸਿਰਫ਼ ''ਧੋਖਾ'' ਅਤੇ ''ਲੀਪਾਪੋਤੀ'', ਇਹ ਮਨਜ਼ੂਰ ਨਹੀਂ : ਜੈਰਾਮ ਰਮੇਸ਼
Tuesday, Aug 25, 2026 - 05:57 PM (IST)
ਨਵੀਂ ਦਿੱਲੀ- ਕਾਂਗਰਸ ਨੇ ਜਨਗਣਨਾ ਦੀ ਪ੍ਰਸ਼ਨਾਵਲੀ ਨੂੰ ਲੈ ਕੇ ਸੋਮਵਾਰ ਨੂੰ ਸਵਾਲ ਖੜ੍ਹੇ ਕੀਤੇ ਅਤੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਵਲੋਂ ਜਿਸ ਤਰੀਕੇ ਨਾਲ ਇਹ ਪ੍ਰਕਿਰਿਆ ਕਰਵਾਈ ਜਾ ਰਹੀ ਹੈ, ਉਹ ਜਨਤਾ ਨਾਲ 'ਧੋਖਾ' ਅਤੇ ਲੀਪਾਪੋਤੀ ਹੈ ਅਤੇ ਪਾਰਟੀ ਇਸ ਨੂੰ ਸਵੀਕਾਰ ਨਹੀਂ ਕਰੇਗੀ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਸਰਕਾਰ ਨੂੰ ਮੌਜੂਦਾ ਪ੍ਰਸ਼ਨਾਵਲੀ ਨੂੰ ਰੱਦ ਕਰ ਕੇ, ਸਾਰੇ ਰਾਜਨੀਤਕ ਦਲਾਂ ਅਤੇ ਮਾਹਿਰਾਂ ਨਾਲ ਗੱਲਬਾਤ ਤੋਂ ਬਾਅਦ ਨਵੇਂ ਸਿਰੇ ਨਾਲ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਾਂਗਰਸ ਦੇ ਸੀਨੀਅਰ ਨੇਤਾਵਾਂ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਵਲੋਂ ਲਿਖੀ ਹਾਲੀਆ ਚਿੱਠੀ ਦਾ ਹਵਾਲਾ ਦਿੰਦੇ ਹੋਏ ਕਿਹਾ,''ਜਿਸ ਤਰ੍ਹਾਂ ਨਾਲ ਇਹ ਜਨਗਣਨਾ ਕਰਵਾਈ ਜਾ ਰਹੀ ਹੈ, ਉਸ ਨੂੰ ਅਸੀਂ ਸਵੀਕਾਰ ਨਹੀਂ ਕਰਾਂਗੇ, ਕਿਉਂਕਿ ਇਹ ਸਿਰਫ਼ ਲੀਪਾਪੋਤੀ ਹੈ।'' ਰਮੇਸ਼ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਪਹਿਲੇ ਕਈ ਸਾਲਾਂ ਤੱਕ ਜਾਤੀ ਜਨਗਣਨਾ ਨਹੀਂ ਕਰਨਾ ਚਾਹੁੰਦੇ ਸਨ ਪਰ ਇਸ ਦੇ ਐਲਾਨ ਦੇ ਬਾਅਦ ਤੋਂ ਲਗਾਤਾਰ 'ਯੂ-ਟਰਨ' ਲੈ ਰਹੇ ਹਨ।
ਕਾਂਗਰਸ ਆਗੂ ਨੇ ਕਿਹਾ ਕਿ ਖੜਗੇ ਅਤੇ ਰਾਹੁਲ ਗਾਂਧੀ ਨੇ ਇਸ ਵਿਸ਼ੇ 'ਤੇ ਪ੍ਰਧਾਨ ਮੰਤਰੀ ਨੂੰ ਕਈ ਚਿੱਠੀਆਂ ਲਿਖੀਆਂ ਹਨ ਪਰ ਅਜੇ ਤੱਕ ਉਨ੍ਹਾਂ ਦਾ ਕੋਈ ਜਵਾਬ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਇਸ ਮੁੱਦੇ ਨੂੰ ਨਹੀਂ ਛੱਡੇਗੀ ਅਤੇ ਉਮੀਦ ਕਰਦੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਪਾਰਟੀ ਆਗੂਆਂ ਦੀਆਂ ਚਿੱਠੀਆਂ ਅਤੇ ਉਨ੍ਹਾਂ 'ਚ ਦਿੱਤੇ ਗਏ ਸੁਝਾਵਾਂ ਨੂੰ ਗੰਭੀਰਤਾ ਨਾਲ ਲੈਣਗੇ। ਰਮੇਸ਼ ਨੇ 21 ਸਤੰਬਰ 2021 ਨੂੰ ਸਿੱਖਿਆ ਮੰਤਰਾਲਾ ਵਲੋਂ ਸੁਪਰੀਮ ਕੋਰਟ 'ਚ ਦਾਖ਼ਲ ਇਕ ਹਲਫਨਾਮੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਸ 'ਚ ਕਿਹਾ ਗਿਆ ਸੀ ਕਿ ਜਾਤੀ ਜਨਗਣਨਾ ਕਰਵਾਉਣ ਲਈ ਪਹਿਲਾਂ ਤੋਂ ਜਾਤੀਆਂ ਦੀ ਸੂਚੀ ਤਿਆਰ ਕਰਨੀ ਹੋਵੇਗੀ।
ਉਨ੍ਹਾਂ ਕਿਹਾ ਕਿ ਬਿਹਾਰ 'ਚ ਜਾਤੀਗਤ ਸਰਵੇਖਣ ਦੌਰਾਨ 215 ਜਾਤੀਆਂ ਦੀ ਸੂਚੀ ਤਿਆਰ ਕੀਤੀ ਗਈ ਸੀ ਅਤੇ ਤੇਲੰਗਾਨਾ 'ਚ ਵੀ ਇਸੇ ਤਰ੍ਹਾਂ ਦੀ ਵਿਵਸਥਾ ਅਪਣਾਈ ਗਈ ਸੀ। ਕਾਂਗਰਸ ਜਨਰਲ ਸਕੱਤਰ ਦਾ ਕਹਿਣਾ ਸੀ,''ਦੇਸ਼ 'ਚ ਕਰੀਬ 4,200 ਜਾਤੀਆਂ ਹਨ ਅਤੇ ਹਰੇਕ ਰਾਜ ਕੋਲ ਜਾਤੀਆਂ ਦੀ ਆਪਣੀ ਸੂਚੀ ਹੈ, ਜਿਸ ਦੇ ਆਧਾਰ 'ਤੇ ਰਾਖਵਾਂਕਰਨ ਦਿੱਤਾ ਜਾਂਦਾ ਹੈ। ਕੇਂਦਰ ਸਰਕਾਰ ਦੇ ਕੋਲ ਵੀ ਆਪਣੀ ਸੂਚੀ ਹੈ।'' ਰਮੇਸ਼ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜੇਕਰ ਸਰਕਾਰ ਦੀ ਨੀਅਤ ਸਾਫ਼ ਹੈ ਤਾਂ ਉਸ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਲੋਂ ਪ੍ਰਧਾਨ ਮੰਤਰੀ ਨੂੰ ਲਿਖੀਆਂ ਚਿੱਠੀਆਂ ਦਾ ਨੋਟਿਸ ਲੈਣਾ ਚਾਹੀਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
