ਜੰਗਬੰਦੀ ਨੂੰ ਬਣਾਈ ਰੱਖਿਆ ਜਾਣਾ ਚਾਹੀਦਾ, ਲੋਕ ਸ਼ਾਂਤੀ ਚਾਹੁੰਦੇ ਹਨ : ਉਮਰ ਅਬਦੁੱਲਾ
Tuesday, May 13, 2025 - 05:12 PM (IST)

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ 'ਤੇ ਬਣੀ ਸਹਿਮਤੀ ਕਾਇਮ ਰਹਿਣੀ ਚਾਹੀਦੀ ਹੈ, ਕਿਉਂਕਿ ਸਰਹੱਦੀ ਇਲਾਕਿਆਂ ਦੇ ਲੋਕ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਨ। ਉਨ੍ਹਾਂ ਕਿਹਾ,"ਅਸੀਂ ਸਾਰੇ ਚਾਹੁੰਦੇ ਹਾਂ ਕਿ ਜੰਗਬੰਦੀ ਜਾਰੀ ਰਹੇ। ਇੱਥੋਂ ਦੂਰ ਨੋਇਡਾ ਅਤੇ ਬੰਬਈ 'ਚ ਬੈਠੇ ਟੀਵੀ ਚੈਨਲਾਂ ਦੇ ਕੁਝ ਐਂਕਰ ਹੀ ਜੰਗਬੰਦੀ ਨੂੰ ਪਸੰਦ ਨਹੀਂ ਕਰਦੇ।'' ਸਰਹੱਦਾਂ ਜਾਂ ਕੰਟਰੋਲ ਰੇਖਾ (LoC) ਦੇ ਨੇੜੇ ਰਹਿਣ ਵਾਲੇ ਲੋਕ ਅਤੇ ਜਿਨ੍ਹਾਂ ਨੇ ਜੰਮੂ ਅਤੇ ਸ਼੍ਰੀਨਗਰ ਦੀ ਸਥਿਤੀ ਦੇਖੀ ਹੈ, ਉਹ ਜੰਗਬੰਦੀ ਚਾਹੁੰਦੇ ਹਨ। ਇਹ ਚੰਗੀ ਗੱਲ ਹੈ। ਇਹ ਜੰਗਬੰਦੀ ਜਾਰੀ ਰਹਿਣੀ ਚਾਹੀਦੀ ਹੈ।" ਮੁੱਖ ਮੰਤਰੀ ਉੱਤਰੀ ਕਸ਼ਮੀਰ ਜ਼ਿਲ੍ਹੇ ਦੇ ਗੋਲਾਬਾਰੀ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਸਨ। ਉਨ੍ਹਾਂ ਕਿਹਾ,"ਜ਼ਿਲ੍ਹਾ ਪ੍ਰਸ਼ਾਸਨ ਨੁਕਸਾਨ ਦਾ ਮੁਲਾਂਕਣ ਕਰੇਗਾ ਅਤੇ ਫਿਰ ਜੋ ਵੀ ਮੁਆਵਜ਼ਾ ਦੇਣ ਦੀ ਲੋੜ ਹੋਵੇਗੀ, ਅਸੀਂ ਉਨ੍ਹਾਂ ਨੂੰ ਦੇਵਾਂਗੇ।"
ਅਬਦੁੱਲਾ ਨੇ ਕਿਹਾ ਕਿ ਸਰਕਾਰ ਲੋਕਾਂ ਲਈ ਵਿਅਕਤੀਗਤ ਬੰਕਰ ਬਣਾਉਣ ਲਈ ਇਕ ਨੀਤੀ ਤਿਆਰ ਕਰੇਗੀ। ਉਨ੍ਹਾਂ ਨੇ ਕਿਹਾ,"ਕਮਿਊਨਿਟੀ ਬੰਕਰ ਬਣਾਏ ਗਏ ਸਨ ਪਰ ਉਨ੍ਹਾਂ ਦੀ ਵਰਤੋਂ ਲੰਬੇ ਸਮੇਂ ਤੋਂ ਨਹੀਂ ਕੀਤੀ ਗਈ। ਪਿਛਲੇ ਸਾਲਾਂ ਤੋਂ ਕੋਈ ਨਵਾਂ ਬੰਕਰ ਨਹੀਂ ਬਣਿਆ ਹੈ। ਮੈਂ ਜਿੱਥੇ ਵੀ ਗਿਆ, ਲੋਕਾਂ ਨੇ ਕਿਹਾ ਕਿ ਸਾਨੂੰ ਵਿਅਕਤੀਗਤ ਬੰਕਰ ਬਣਾਉਣੇ ਚਾਹੀਦੇ ਹਨ।'' ਮੁੱਖ ਮੰਤਰੀ ਨੇ ਕਿਹਾ,''ਸਰਕਾਰ ਇਸ ਬਾਰੇ ਇਕ ਨੀਤੀ ਤਿਆਰ ਕਰੇਗੀ। ਕੰਟਰੋਲ ਰੇਖਾ ਅਤੇ ਸਰਹੱਦ ਨੇੜੇ ਸਥਿਤ ਇਨ੍ਹਾਂ ਖੇਤਰਾਂ ਦੇ ਲੋਕਾਂ ਲਈ ਇਕ ਯੋਜਨਾ ਤਿਆਰ ਕੀਤੀ ਜਾਵੇਗੀ ਅਤੇ ਫਿਰ ਇਸ ਨੂੰ ਕੇਂਦਰ ਸਰਕਾਰ ਦੇ ਸਾਹਮਣੇ ਚੁੱਕਿਆ ਜਾਵੇਗਾ।" ਅਬਦੁੱਲਾ ਨੇ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਰਾਹਤ ਦਾ ਭਰੋਸਾ ਦਿੱਤਾ। ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਜਾਰੀ ਇਕ ਪੋਸਟ 'ਚ ਕਿਹਾ,"ਤੰਗਧਾਰ ਦੇ ਗੋਲਾਬਾਰੀ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਪਰਿਵਾਰਾਂ ਨੂੰ ਮਿਲਿਆ ਜਿਨ੍ਹਾਂ ਨੇ ਡੂੰਘੇ ਦਰਦ ਦੇ ਬਾਵਜੂਦ ਸ਼ਲਾਘਾਯੋਗ ਹਿੰਮਤ ਦਿਖਾਈ ਹੈ।"
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e