ਕੋਲਕਾਤਾ ਕਤਲਕਾਂਡ : DNA ਤੇ ਫੋਰੈਂਸਿਕ ਰਿਪੋਰਟ ''ਤੇ ਮਾਹਿਰਾਂ ਦੀ ਰਾਏ ਲਵੇਗੀ CBI
Tuesday, Aug 27, 2024 - 06:20 PM (IST)
ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਆਰਜੀ ਕਰ ਮੈਡੀਕਲ ਕਾਲਜ 'ਚ ਟਰੇਨੀ ਡਾਕਟਰ ਨਾਲ ਜਬਰ ਜ਼ਿਨਾਹ ਅਤੇ ਉਸ ਦੇ ਕਤਲ ਨਾਲ ਸੰਬੰਧ ਡੀ.ਐੱਨ.ਏ. ਅਤੇ ਫੋਰੈਂਸਿਕ ਰਿਪੋਰਟ 'ਤੇ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾ (ਏਮਜ਼) ਦੇ ਮਾਹਿਰਾਂ ਨਾਲ ਸਲਾਹ ਕਰੇਗਾ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੀ.ਬੀ.ਆਈ. ਮਾਮਲੇ ਨੂੰ ਮਜ਼ਬੂਤ ਬਣਾਉਣ ਲਈ ਆਪਣੀ ਰਿਪੋਰਟ ਏਮਜ਼ ਭੇਜ ਕੇ ਉਸ ਦੇ ਮਾਹਿਰਾਂ ਦੀ ਰਾਏ ਲਵੇਗੀ। ਅਧਿਕਾਰੀਆਂ ਅਨੁਸਾਰ ਇਨ੍ਹਾਂ ਰਿਪੋਰਟ ਤੋਂ ਏਜੰਸੀ ਨੂੰ ਇਹ ਪਤਾ ਲਗਾਉਣ 'ਚ ਮਦਦ ਮਿਲੇਗੀ ਕਿ ਕੀ ਸੰਜੇ ਰਾਏ ਇਕਲੌਤਾ ਦੋਸ਼ੀ ਸੀ, ਜਿਸ ਨੇ ਅਪਰਾਧ ਕੀਤਾ ਜਾਂ ਹੋਰ ਲੋਕ ਵੀ ਇਸ 'ਚ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਏਜੰਸੀ ਨੇ ਹੁਣ ਤੱਕ ਜਿਹੜੇ ਸੁਰਾਗਾਂ 'ਤੇ ਕੰਮ ਕੀਤਾ ਹੈ, ਉਨ੍ਹਾਂ ਅਨੁਸਾਰ ਅਪਰਾਧ 'ਚ ਸਿਰਫ਼ ਸੰਜੇ ਸ਼ਾਮਲ ਸੀ ਪਰ ਏਮਜ਼ ਦੇ ਮਾਹਿਰਾਂ ਦੀ ਰਾਏ ਮਿਲਣ ਤੋਂ ਬਾਅਦ ਹੀ ਹੋਰ ਲੋਕਾਂ ਦੇ ਸ਼ਾਮਲ ਹੋਣ ਜਾਂ ਨਹੀਂ ਹੋਣ ਦੀ ਗੱਲ ਸਪੱਸ਼ਟ ਹੋਵੇਗੀ। ਹਸਪਤਾਲ ਦੇ ਆਡੀਟੋਰੀਅਮ 'ਚ ਇਕ ਜੂਨੀਅਰ ਡਾਕਟਰ ਨਾਲ ਜਬਰ ਜ਼ਿਨਾਹ ਅਤੇ ਉਸ ਦੇ ਕਤਲ ਤੋਂ ਬਾਅਦ ਪੂਰੇ ਦੇਸ਼ 'ਚ ਵਿਰੋਧੀ ਪ੍ਰਦਰਸ਼ਨ ਹੋਏ ਹਨ। 9 ਅਗਸਤ ਨੂੰ ਮਹਿਲਾ ਡਾਕਟਰ ਦੀ ਲਾਸ਼ ਮਿਲੀ ਸੀ, ਜਿਸ ਤੋਂ ਬਾਅਦ ਕੋਲਕਾਤਾ ਪੁਲਸ ਨੇ ਅਗਲੇ ਦਿਨ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਸੰਜੇ ਨੂੰ ਗ੍ਰਿਫ਼ਤਾਰ ਕੀਤਾ ਸੀ।
ਸੀ.ਸੀ.ਟੀ.ਵੀ. ਫੁਟੇਜ 'ਚ ਸੰਜੇ 9 ਅਗਸਤ ਸਵੇਰੇ 4.30 ਵਜੇ ਆਡੀਟੋਰੀਅਮ 'ਚ ਜਾਂਦੇ ਹੋਏ ਦੇਖਿਆ ਜਾ ਸਕਦਾ ਹੈ, ਜਿਸ ਸਮੇਂ ਅਪਰਾਧ ਹੋਇਆ ਸੀ। ਸੀ.ਸੀ.ਟੀ.ਵੀ. ਫੁਟੇਜ ਦੇ ਆਧਾ ਰ'ਤੇ ਸੰਜੇ ਤੋਂ ਪੁੱਛ-ਗਿੱਛ ਕੀਤੀ ਗਈ ਅਤੇ ਪੁਲਸ ਨੇ ਉਸ ਦੇ ਸੱਟਾਂ ਦੇ ਨਿਸ਼ਾਨ ਦੇਖੇ, ਜੋ ਸੰਘਰਸ਼ ਦਾ ਸੰਕੇਤ ਦੇ ਰਹੇ ਸਨ। ਅਧਿਕਾਰੀਆਂ ਨੇ ਕਿਹਾ ਕਿ ਦੋਸ਼ੀ ਦੇ ਵੀਰਜ, ਵਾਲ, ਨਹੁੰ ਆਦਿ ਦੇ ਨਮੂਨੇ ਜੁਟਾਏ ਗਏ। ਕਲਕੱਤਾ ਹਾਈ ਕੋਰਟ ਨੇ 13 ਅਗਸਤ ਨੂੰ ਜਾਂਚ ਕੋਲਕਾਤਾ ਪੁਲਸ ਤੋਂ ਸੀ.ਬੀ.ਆਈ. ਨੂੰ ਸੌਂਪਣ ਦਾ ਆਦੇਸ਼ ਦਿੱਤਾ ਸੀ। ਸੀ.ਬੀ.ਆਈ. ਨੇ 14 ਅਗਸਤ ਨੂੰ ਜਾਂਚ ਆਪਣੇ ਹੱਥ 'ਚ ਲੈ ਲਈ। ਸੀ.ਬੀ.ਆਈ. ਨੇ ਕੋਲਕਾਤਾ ਪੁਲਸ ਤੋਂ ਸਾਰੇ ਫੋਰੈਂਸਿਕ ਸਬੂਤ ਆਪਣੇ ਕਬਜ਼ੇ 'ਚ ਲੈ ਲਏ ਅਤੇ ਅਪਰਾਧ ਬਾਰੇ ਅੱਗੇ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸੰਜੇ, ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼, ਪੀੜਤਾ ਨਾਲ ਡਿਊਟੀ 'ਤੇ ਮੌਜੂਦ ਚਾਰ ਡਾਕਟਰਾਂ ਅਤੇ ਇਕ ਸਿਵਲੀਅਨ ਵਲੰਟੀਅਰ ਦੇ ਪੋਲੀਗ੍ਰਾਫ਼ ਟੈਸਟ ਵੀ ਕਰਵਾਏ। ਅਧਿਕਾਰੀਆਂ ਨੇ ਕਿਹਾ ਕਿ ਸੀ.ਐੱਫ.ਐੱਸ.ਐੱਲ. ਦੀ ਸ਼ੁਰੂਆਤੀ ਰਿਪੋਰਟ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਅਤੇ ਸਬੂਤਾਂ ਨਾਲ ਉਨ੍ਹਾਂ ਦਾ ਮਿਲਾਨ ਕੀਤਾ ਜਾ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8