ਮੋਦੀ ਨੇ ਕੈਨੇਡੀਅਨ ਖਿਡਾਰੀ ਦੇ ਬੰਨੇ ਸਿਫਤਾਂ ਦੇ ਪੁੱਲ, ਕਿਹਾ- ''ਕਿੰਨਾ ਵੱਡਾ ਹੌਂਸਲਾ''

Sunday, Feb 25, 2018 - 01:23 PM (IST)

ਸਸਕੈਚਵਾਨ— ਖਿਡਾਰੀ ਜਦੋਂ ਖੇਡ ਦੇ ਮੈਦਾਨ 'ਚ ਹੁੰਦੇ ਹਨ ਤਾਂ ਉਹ ਪੂਰੇ ਜੋਸ਼ ਨਾਲ ਖੇਡਦੇ ਹਨ, ਫਿਰ ਚਾਹੇ ਹਾਰ ਹੋਵੇ ਜਾਂ ਜਿੱਤ। ਕੁਝ ਅਜਿਹਾ ਹੀ ਹੌਂਸਲੇ ਅਤੇ ਮਜ਼ਬੂਤ ਇਰਾਦੇ ਵਾਲਾ ਹੈ, ਮਾਰਕ ਮੈਕਮੋਰਸ। ਮਾਰਕ ਕੈਨੇਡਾ ਦੇ ਸੂਬੇ ਸਸਕੈਚਵਾਨ ਦਾ ਰਹਿਣ ਵਾਲਾ ਹੈ, ਜੋ ਕਿ ਸਨੋਬੋਰਡਿੰਗ ਦਾ ਖਿਡਾਰੀ ਹੈ। ਮਾਰਕ ਦੀ ਜ਼ਿੰਦਗੀ ਅਤੇ ਕਹਾਣੀ ਤੋਂ ਮੋਦੀ ਪ੍ਰੇਰਿਤ ਹੋਏ ਅਤੇ ਉਨ੍ਹਾਂ ਨੇ ਭਾਰਤ 'ਚ ਵਿਦਿਆਰਥੀਆਂ ਨਾਲ ਉਸ ਦੀ ਕਹਾਣੀ ਨੂੰ ਸਾਂਝਾ ਕੀਤਾ। ਦਰਅਸਲ ਪਿਛਲੇ ਸਾਲ ਮਾਰਕ ਅਭਿਆਸ ਦੌਰਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ ਪਰ ਫਿਰ ਵੀ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਆਪਣੀ ਸਖਤ ਮਿਹਨਤ ਸਦਕਾ ਉਸ ਨੇ ਕਾਂਸੇ ਦਾ ਤਮਗਾ ਜਿੱਤਿਆ। ਉਹ ਤਮਗਾ ਉਸ ਨੇ ਦੱਖਣੀ ਕੋਰੀਆ 'ਚ ਹੋ ਰਹੀਆਂ ਵਿੰਟਰ ਓਲੰਪਿਕ ਖੇਡਾਂ 'ਚ ਬੀਤੇ ਦਿਨੀਂ ਜਿੱਤਿਆ। 
ਮੋਦੀ ਨੇ ਟਵਿੱਟਰ 'ਤੇ ਮਾਰਕ ਦੀ ਕਹਾਣੀ ਦੀ ਵੀਡੀਓ ਸ਼ੇਅਰ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿੰਟਰ ਓਲੰਪਿਕ 'ਚ ਕੈਨੇਡਾ ਦਾ ਇਕ ਨੌਜਵਾਨ ਮਾਰਕ ਖੇਡ ਰਿਹਾ ਹੈ। ਉਹ ਸਨੋਬੋਰਡ ਦਾ ਖਿਡਾਰੀ ਹੈ ਅਤੇ ਉਹ ਕਾਂਸੇ ਦਾ ਤਮਗਾ ਲੈ ਕੇ ਆਇਆ। ਉਸ ਨੂੰ 11 ਮਹੀਨੇ ਪਹਿਲਾਂ ਅਭਿਆਸ ਦੌਰਾਨ ਗੰਭੀਰ ਸੱਟਾਂ ਲੱਗੀਆਂ ਅਤੇ ਉਹ ਹਸਪਤਾਲ 'ਚ ਕੋਮਾ 'ਚ ਸੀ ਪਰ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਕਾਂਸੇ ਦਾ ਤਮਗਾ ਜਿੱਤਿਆ।

PunjabKesari

ਉਸ ਨੇ ਆਪਣੇ ਫੇਸਬੁੱਕ 'ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਇਕ ਹਸਪਤਾਲ 'ਚ ਇਲਾਜ ਦੌਰਾਨ ਦੀ ਤਸਵੀਰ ਅਤੇ ਨਾਲ ਹੀ ਜਿੱਤਿਆ ਤਮਗਾ ਦਿਖਾਉਂਦੇ ਦੀ ਤਸਵੀਰ ਅਤੇ ਨਾਲ ਲਿਖਿਆ ਹੈ, ''ਧੰਨਵਾਦ ਜ਼ਿੰਦਗੀ।'' ਮੋਦੀ ਨੇ ਕਿਹਾ ਕਿ ਕਿੰਨਾ ਵੱਡਾ ਹੌਂਸਲਾ ਕਿ ਗੰਭੀਰ ਰੂਪ ਨਾਲ ਜ਼ਖਮੀ ਫਿਰ ਵੀ ਖੇਡਣ ਗਿਆ ਅਤੇ ਕੈਨੇਡਾ ਲਈ ਸਨਮਾਨ ਪ੍ਰਾਪਤ ਕੀਤਾ।''


ਓਧਰ ਮਾਰਕ ਦੇ ਹਵਾਲੇ ਤੋਂ ਕੈਨੇਡੀਅਨ ਮੀਡੀਆ ਨੇ ਕਿਹਾ ਕਿ ਮਾਰਕ ਬਹੁਤ ਖੁਸ਼ ਸੀ ਕਿ ਵਿਦਿਆਰਥੀਆਂ ਨੂੰ ਪ੍ਰੇਰਣਾ ਦਿੰਦੇ ਹੋਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੇਰਾ ਜ਼ਿਕਰ ਕੀਤਾ। ਮਾਰਕ ਨੇ ਕਿਹਾ ਕਿ ਭਾਰਤ ਵਰਗੀ ਇੰਨੀ ਵੱਡੀ ਥਾਂ ਜਿੱਥੇ ਮੇਰੀ ਜ਼ਿੰਦਗੀ ਦੀ ਕਹਾਣੀ ਨੂੰ ਦੱਸਿਆ ਗਿਆ। ਮੈਨੂੰ ਖੁਸ਼ੀ ਹੈ ਕਿ ਮੇਰੀ ਕਹਾਣੀ ਨੂੰ ਇਸ ਤਰ੍ਹਾਂ ਇਸਤੇਮਾਲ ਕੀਤਾ ਜਾ ਰਿਹਾ ਹੈ। 


Related News