20 ਕੁਇੰਟਲ ਮੱਖਣ ਨਾਲ ਤਿਆਰ ਹੋਈ ਦੇਵੀ ਮਾਂ ਦੀ ਮੂਰਤੀ ਬਣੀ ਖਿੱਚ ਦਾ ਕੇਂਦਰ, ਇਹ ਹੈ ਮਾਨਤਾ

01/16/2020 2:53:46 PM

ਕਾਂਗੜਾ— ਹਿਮਾਚਲ ਪ੍ਰਦੇਸ਼ ਦੇ ਕਾਂਗੜਾ 'ਚ ਸਥਿਤ ਬ੍ਰਜੇਸ਼ਵਰੀ ਦੇਵੀ ਮੰਦਰ ਭਗਤਾਂ 'ਚ ਸ਼ਰਧਾ ਅਤੇ ਆਸਥਾ ਦਾ ਪ੍ਰਤੀਕ ਹੈ। ਮੰਦਰ 'ਚ ਮੱਖਣ ਨਾਲ ਤਿਆਰ ਕੀਤੀ ਗਈ ਦੇਵੀ ਦੀ ਮੂਰਤੀ ਸ਼ਰਧਾਲੂ ਵਿਚਾਲੇ ਖਿੱਚ ਦਾ ਕੇਂਦਰ ਬਣੀ ਹੋਈ ਹੈ। ਦੇਵੀ ਦੀ ਇਸ ਮੂਰਤੀ ਨੂੰ 20 ਕੁਇੰਟਲ ਮੱਖਣ ਦਾ ਲੇਪ ਚੜ੍ਹਾਇਆ ਗਿਆ ਹੈ। ਬ੍ਰਜੇਸ਼ਵਰੀ ਸ਼ਕਤੀਪੀਠ ਮਾਂ ਦਾ ਅਜਿਹਾ ਧਾਮ ਹੈ, ਜਿੱਥੇ ਪਹੁੰਚ ਕੇ ਭਗਤਾਂ ਦੀ ਹਰ ਦੁੱਖ-ਤਕਲੀਫ ਮਾਂ ਦੀ ਇਕ ਝਲਕ ਪਾ ਕੇ ਦੂਰ ਹੋ ਜਾਂਦੀ ਹੈ। ਮਕਰ ਸੰਕ੍ਰਾਂਤੀ ਦੇ ਸ਼ੁੱਭ ਮੌਕੇ 'ਤੇ ਦੇਵੀ ਮਾਂ ਦੀ ਪਿੰਡੀ ਅਤੇ ਖੇਤਰਪਾਲ ਭਗਵਾਨ 'ਤੇ ਮੱਖਣ ਦਾ ਲੇਪ ਚੜ੍ਹਾ ਕੇ ਫਲ ਅਤੇ ਮੇਵਿਆਂ ਨਾਲ ਮਾਂ ਦੀ ਪਿੰਡੀ ਸ਼ਿੰਗਾਰ ਕੀਤਾ ਗਿਆ ਹੈ। 20 ਕੁਇੰਟਲ ਮੱਖਣ ਨਾਲ ਤਿਆਰ ਕੀਤੀ ਗਈ ਇਸ ਮੂਰਤੀ ਨੂੰ 11 ਪੰਡਤਾਂ ਵਲੋਂ 9 ਘੰਟਿਆਂ ਵਿਚ ਤਿਆਰ ਕੀਤਾ ਗਿਆ। ਬ੍ਰਜੇਸ਼ਵਰੀ ਦੇਵੀ ਮਾਂ 52 ਸ਼ਕਤੀਪੀਠਾਂ 'ਚੋਂ ਇਕ ਹੈ। ਮੰਗਲਵਾਰ ਨੂੰ ਵੱਡੀ ਗਿਣਤੀ 'ਚ ਸ਼ਰਧਾਲੂ ਦੇਵੀ ਦੇ ਦਰਸ਼ਨਾਂ ਲਈ ਪੁੱਜੇ। 

ਮੰਦਰ ਦੇ ਪੁਜਾਰੀਆਂ ਵਲੋਂ 101 ਵਾਰ ਪਵਿੱਤਰ ਜਲ ਨਾਲ ਸ਼ੁੱਧੀਕਰਨ ਕਰਨ ਤੋਂ ਬਾਅਦ ਦੇਵੀਵ ਦੀ ਮੂਰਤੀ ਨੂੰ ਮੱਖਣ ਨਾਲ ਤਿਆਰ ਕੀਤਾ ਗਿਆ ਹੈ। ਇਸ ਨੂੰ ਦਰਸ਼ਨਾਂ ਲਈ ਮੰਗਲਵਾਰ ਸਵੇਰੇ ਖੋਲ੍ਹਿਆ ਗਿਆ। ਇੱਥੇ ਦੱਸ ਦੇਈਏ ਕਿ ਉੱਤਰ ਭਾਰਤ ਦੇ ਸਭ ਤੋਂ ਰੁੱਝੇ ਤੀਰਥ ਅਸਥਾਨਾਂ 'ਚੋਂ ਇਕ ਬ੍ਰਜੇਸ਼ਵਰੀ ਦੇਵੀ ਮੰਦਰ 'ਚ ਪੰਜਾਬ, ਹਰਿਆਣਾ, ਉੱਤਰਾਖੰਡ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਸ਼ਰਧਾਲੂ ਵੱਡੀ ਗਿਣਤੀ 'ਚ ਮਾਂ ਦੇ ਦਰਬਾਰ 'ਚ ਸੀਸ ਝਕਾਉਂਦੇ ਹਨ। ਮੰਦਰ ਦੇ ਇਕ ਅਧਿਕਾਰੀ ਮੁਤਾਬਕ 20 ਜਨਵਰੀ ਨੂੰ ਦੇਵੀ ਦੀ 'ਪਿੰਡੀ' ਨੂੰ ਹਟਾ ਦਿੱਤਾ ਜਾਵੇਗਾ ਅਤੇ ਸ਼ਰਧਾਲੂਆਂ ਵਿਚਾਲੇ ਇਸ ਦਾ ਪ੍ਰਸਾਦ ਵੰਡਿਆ ਜਾਵੇਗਾ। ਇਹ ਮਾਨਤਾ ਹੈ ਕਿ ਮੂਰਤੀ ਦਾ ਮੱਖਣ ਪੁਰਾਣੇ ਚਮੜੀ ਦੇ ਰੋਗ ਅਤੇ ਜੋੜਾਂ ਦੇ ਦਰਦਾਂ ਨੂੰ ਠੀਕ ਕਰਦਾ ਹੈ। ਮਾਤਾ ਦੀ ਪਿੰਡੀ 'ਤੇ ਮੱਖਣ ਦੇ ਲੇਪ ਨੂੰ 5 ਦਿਨ ਚੜ੍ਹਿਆ ਰਹੇਗਾ। 20 ਜਨਵਰੀ ਨੂੰ ਸਵੇਰੇ 5 ਵਜੇ ਲੇਪ ਉਤਾਰਨ ਦਾ ਕੰਮ ਸ਼ੁਰੂ ਹੋ ਜਾਵੇਗਾ, ਇਸ ਤੋਂ ਬਾਅਦ ਪ੍ਰਸਾਦ ਦੇ ਰੂਪ ਵਿਚ ਸ਼ਰਧਾਲੂਆਂ 'ਚ ਮੱਖਣ ਵੰਡਿਆ ਜਾਵੇਗਾ।


Tanu

Content Editor

Related News