ਬੱਸ ਅੱਡੇ ’ਤੇ 2 ਬੱਸਾਂ ਨੂੰ ਲੱਗੀ ਭਿਆਨਕ ਅੱਗ, ਅੰਦਰ ਸੌਂ ਰਿਹਾ ਵਿਅਕਤੀ ਜ਼ਿੰਦਾ ਸੜਿਆ
Tuesday, Mar 25, 2025 - 09:13 PM (IST)

ਸਿੰਗਰੌਲੀ, (ਭਾਸ਼ਾ)- ਮੱਧ ਪ੍ਰਦੇਸ਼ ਦੇ ਸਿੰਗਰੌਲੀ ਜ਼ਿਲੇ ਦੇ ਬੱਸ ਅੱਡੇ ’ਤੇ ਖੜ੍ਹੀਆਂ 2 ਬੱਸਾਂ ਨੂੰ ਸੋਮਵਾਰ ਰਾਤ ਦੇਰ ਗਏ ਅੱਗ ਲੱਗ ਗਈ ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਸਬੰਧੀ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਵੈਧਨ ਸ਼ਹਿਰ ਦੇ ਬੱਸ ਅੱਡੇ ’ਤੇ ਰਾਤ 12 ਵੱਜ ਕੇ 20 ਮਿੰਟ ’ਤੇ ਵਾਪਰੀ।
ਕੋਤਵਾਲੀ ਥਾਣਾ ਇੰਚਾਰਜ ਨਿਪੇਂਦਰ ਸਿੰਘ ਨੇ ਦੱਸਿਆ ਕਿ ਬੱਸ ਸਟੈਂਡ ’ਤੇ 2 ਬੱਸਾਂ ਖੜ੍ਹੀਆਂ ਸਨ। ਪਹਿਲਾਂ ਇਕ ਬੱਸ ਨੂੰ ਅੱਗ ਲੱਗੀ ਜੋ ਬਾਅਦ ’ਚ ਦੂਜੀ ਬੱਸ ਵਿਚ ਵੀ ਫੈਲ ਗਈ। ਇਕ ਬੱਸ ’ਚ ਡਰਾਈਵਰ, ਕੰਡਕਟਰ ਤੇ ਹੈਲਪਰ ਸੁੱਤੇ ਪਏ ਸਨ।
ਅਧਿਕਾਰੀ ਨੇ ਦੱਸਿਆ ਕਿ ਡਰਾਈਵਰ ਤੇ ਕੰਡਕਟਰ ਬੱਸ ’ਚੋਂ ਬਾਹਰ ਨਿਕਲਣ ’ਚ ਸਫਲ ਹੋ ਗਏ ਪਰ ਹੈਲਪਰ ਹਰੀਸ਼ (25) ਬਾਹਰ ਨਹੀਂ ਨਿਕਲ ਸਕਿਆ। ਉਸ ਦੀ ਸੜਨ ਨਾਲ ਮੌਤ ਹੋ ਗਈ। ਬਾਅਦ ’ਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਬੁਝਾ ਦਿੱਤੀ।