ਪਾਣੀ ਦੇ ਟੈਂਕਰ ਨਾਲ ਬੱਸ ਦੀ ਭਿਆਨਕ ਟੱਕਰ, 8 ਲੋਕਾਂ ਦੀ ਮੌਤ
Friday, Dec 06, 2024 - 05:04 PM (IST)
ਕੰਨੌਜ- ਲਖਨਊ ਤੋਂ ਦਿੱਲੀ ਜਾ ਰਹੀ ਇਕ ਬੱਸ ਸ਼ੁੱਕਰਵਾਰ ਨੂੰ ਆਗਰਾ-ਲਖਨਊ ਐਕਸਪ੍ਰੈਸ ਵੇਅ 'ਤੇ ਬੂਟਿਆਂ ਦੀ ਸਿੰਚਾਈ ਲਈ ਪਾਣੀ ਦੇ ਇਕ ਟੈਂਕਰ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ, ਜਿਸ 'ਚ 8 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਸ ਹਾਦਸੇ 'ਚ 12 ਯਾਤਰੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਨੇੜਲੇ ਇਟਾਵਾ ਜ਼ਿਲੇ ਦੇ ਸੈਫਈ ਮੈਡੀਕਲ ਕਾਲਜ 'ਚ ਦਾਖਲ ਕਰਵਾਇਆ ਗਿਆ ਹੈ।
ਕਨੌਜ ਦੇ ਐਸ. ਪੀ ਅਮਿਤ ਕੁਮਾਰ ਆਨੰਦ ਨੇ ਦੱਸਿਆ ਕਿ ਇਹ ਹਾਦਸਾ ਦੁਪਹਿਰ ਕਰੀਬ 2 ਵਜੇ ਸਕਰਾਵਾ ਇਲਾਕੇ 'ਚ ਵਾਪਰਿਆ ਜਦੋਂ ਬੱਸ ਐਕਸਪ੍ਰੈਸ ਵੇਅ 'ਤੇ ਇਕ ਪਾਣੀ ਦੇ ਟੈਂਕਰ ਨਾਲ ਟਕਰਾ ਗਈ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਇਸ ਹਾਦਸੇ 'ਚ 8 ਯਾਤਰੀਆਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਸੈਫਈ ਮੈਡੀਕਲ ਕਾਲਜ 'ਚ ਇਲਾਜ ਅਧੀਨ ਹਨ। ਉਨ੍ਹਾਂ ਦੱਸਿਆ ਕਿ ਹੋਰ ਸਵਾਰੀਆਂ ਨੂੰ ਕਿਸੇ ਹੋਰ ਬੱਸ ਰਾਹੀਂ ਉਨ੍ਹਾਂ ਦੀ ਮੰਜ਼ਿਲ ਵੱਲ ਭੇਜ ਦਿੱਤਾ ਗਿਆ। ਹਾਦਸੇ ਦੇ ਸਮੇਂ ਉੱਥੋਂ ਲੰਘ ਰਹੇ ਜਲ ਸ਼ਕਤੀ ਰਾਜ ਮੰਤਰੀ ਸੁਤੰਤਰ ਦੇਵ ਸਿੰਘ ਨੇ ਜ਼ਖਮੀਆਂ ਨੂੰ ਬਚਾਉਣ ਅਤੇ ਹਸਪਤਾਲ ਪਹੁੰਚਾਉਣ ਵਿਚ ਮਦਦ ਲਈ ਆਪਣੇ ਕਾਫਲੇ ਨੂੰ ਰੁਕਵਾਇਆ।
ਸਿੰਘ ਨੇ ਦੱਸਿਆ ਕਿ ਪੁਲਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਜ਼ਖਮੀਆਂ ਨੂੰ ਵਧੀਆ ਡਾਕਟਰੀ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਇਕ ਮੰਦਭਾਗੀ ਘਟਨਾ ਹੈ। ਸਾਨੂੰ ਸੜਕਾਂ 'ਤੇ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣ ਕਰਨ ਦੀ ਲੋੜ ਹੈ।