ਮੋਹਲੇਧਾਰ ਮੀਂਹ ਕਾਰਨ ਨਾਲੇ ''ਚ ਵਹਿ ਗਏ 6 ਲੋਕ, 5 ਲਾਸ਼ਾਂ ਬਰਾਮਦ

03/18/2023 5:02:14 PM

ਸੋਨਭੱਦਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਸੋਨਭੱਦਰ 'ਚ ਸ਼ੁੱਕਰਵਾਰ ਸ਼ਾਮ ਅਚਾਨਕ ਮੋਹਲੇਧਾਰ ਮੀਂਹ ਅਤੇ ਗੜੇਮਾਰੀ ਤੋਂ ਬਾਅਦ ਪਹਾੜੀ ਇਲਾਕੇ 'ਚ ਸਥਿਤ ਇਕ ਨਾਲੇ 'ਚ 6 ਲੋਕ ਵਹਿ ਗਏ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਉਨ੍ਹਾਂ 'ਚੋਂ 5 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਵਧੀਕ ਪੁਲਸ ਸੁਪਰਡੈਂਟ (ਹੈੱਡ ਕੁਆਰਟਰ) ਕਾਲੂ ਸਿੰਘ ਨੇ ਦੱਸਿਆ ਕਿ ਥਾਣਾ ਰਾਮਪੁਰ ਬਰਕੋਨੀਆ ਦੇ ਅਧੀਨ ਸਥਿਤ ਗੜਵਾਨ ਪਿੰਡ 'ਚ ਬੈਤਰਾ ਨਾਲਾ ਕੋਲ ਜੰਗਲ 'ਚ ਸ਼ੁੱਕਰਵਾਰ ਨੂੰ 6 ਲੋਕ ਲੱਕੜ ਇਕੱਠੀ ਕਰਨ ਲਈ ਗਏ ਸਨ।

ਉਨ੍ਹਾਂ ਦੱਸਿਆ,''ਸ਼ਾਮ ਦੇ ਸਮੇਂ ਅਚਾਨਕ ਤੇਜ਼ ਮੀਂਹ ਅਤੇ ਗੜੇਮਾਰੀ ਸ਼ੁਰੂ ਹੋ ਗਈ, ਜਿਸ ਤੋਂ ਬਚਣ ਲਈ ਸਾਰੇ ਇੱਧਰ-ਉੱਧਰ ਲੁੱਕਣ ਲਈ ਜਗ੍ਹਾ ਲੱਭਣ ਲੱਗੇ ਪਰ ਮੀਂਹ ਕਾਰਨ ਬੈਤਰਾ ਨਾਲੇ 'ਚ ਪਾਣੀ ਦਾ ਤੇਜ਼ ਵਹਾਅ ਸ਼ੁਰੂ ਹੋ ਗਿਆ, ਜਿਸ 'ਚ ਸਾਰੇ ਲੋਕ ਪਾਣੀ ਦੀ ਲਪੇਟ 'ਚ ਆ ਕੇ ਨਾਲੇ 'ਚ ਵਹਿ ਗਏ।'' ਉਨ੍ਹਾਂ ਦੱਸਿਆ ਕਿ ਪੁਲਸ ਅਤੇ ਹੋਰ ਖੋਜੀ ਦਸਤਿਆਂ ਦੀ ਕੋਸ਼ਿਸ਼ ਨਾਲ 5 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦੋਂ ਕਿ ਇਕ ਔਰਤ ਦੀ ਲਾਸ਼ ਦੀ ਭਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰਾਜ ਕੁਮਾਰੀ (40), ਰੀਤਾ (32), ਰਾਜਪਤੀ (10), ਹੀਰਾਵਤੀ (22) ਅਤੇ ਵਿਮਲੇਸ਼ (12) ਵਜੋਂ ਹੋਈ ਹੈ।


DIsha

Content Editor

Related News