ਲੋਕ ਸਭਾ ਚੋਣਾਂ : ਸੋਸ਼ਲ ਮੀਡੀਆ 'ਤੇ ਇਸ਼ਤਿਹਾਰਬਾਜ਼ੀ ਦੇ ਮਾਮਲੇ 'ਚ ਭਾਜਪਾ ਅੱਵਲ
Sunday, May 19, 2019 - 10:09 PM (IST)

ਜਲੰਧਰ (ਵੈਬ ਡੈਸਕ)-ਸਿਆਸੀ ਪਾਰਟੀਆਂ ਵਲੋਂ ਡੀਜੀਟਲ ਪਲੇਟਫਾਰਮ (ਗੂਗਲ ਤੇ ਫੇਸਬੁੱਕ) ਉਤੇ ਫਰਵਰੀ ਤੋਂ 15 ਮਈ ਤਕ 53 ਕਰੋੜ ਰੁਪਏ ਖਰਚ ਕੀਤੇ ਗਏ। ਇਸ ਮਾਮਲੇ ਵਿਚ ਸਭ ਤੋਂ ਵੱਧ ਰੁਪਏ ਭਾਰਤੀ ਜਨਤਾ ਪਾਰਟੀ (ਭਾਜਪਾ) ਵਲੋਂ ਖਰਚ ਕੀਤੇ ਗਏ ਹਨ। ਫੇਸਬੁਕ ਐੱਡ ਲਾਇਬ੍ਰੇਰੀ ਰਿਪੋਰਟ ਦੇ ਮੁਤਾਬਕ ਸਿਆਸੀ ਪਾਰਟੀਆਂ ਵਲੋਂ 1.21 ਲੱਖ ਸਿਆਸੀ ਇਸ਼ਤਿਹਾਰਾਂ ਲਈ ਫਰਵਰੀ ਤੋਂ 15 ਮਈ ਤਕ ਕੁਲ 26.4 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸੇ ਤਰ੍ਹਾਂ ਹੀ ਗੂਗਲ, ਯੂ-ਟਿਊਬ ਅਤੇ ਹੋਰ ਡੀਜੀਟਲ ਮੀਡੀਆ ਉਤੇ 27 ਤੋਂ 36 ਕਰੋੜ ਰੁਪਏ 14,837 ਇਸ਼ਤਿਹਾਰਾਂ ਲਈ ਖਰਚ ਕੀਤੇ ਗਏ।
ਭਾਜਪਾ ਵਲੋਂ ਫੇਸਬੁਕ ਉਤੇ 4.23 ਕਰੋੜ ਰੁਪਏ ਦੀ ਲਾਗਤ ਨਾਲ 2500 ਇਸ਼ਤਿਹਾਰ ਫੇਸਬੁਕ ਉਤੇ ਲਗਾਏ ਗਏ। ਜਿਨ੍ਹਾਂ ਵਿਚ ‘ਮਾਈ ਫਰਸਟ ਵੋਟ’, ‘ਨੇਸ਼ਨ ਵਿਦ ਨਮੋ’ ਅਤੇ ‘ਭਾਰਤ ਕੇ ਮਨ ਕੀ ਬਾਤ’ ਵਰਗੇ ਪੇਜ ਸ਼ਾਮਲ ਹਨ। ਇਨ੍ਹਾਂ ਪੇਜਾ ਰਾਹੀਂ 4 ਕਰੋੜ ਰੁਪਏ ਤੋਂ ਵੀ ਵੱਧ ਰਾਸ਼ੀ ਦੇ ਇਸ਼ਤਹਾਰ ਫੇਸਬੁਕ ਰਾਹੀਂ ਭਾਰਤ ਦੇ 200 ਮੀਲੀਅਨ ਯੂਜਰਸ ਤਕ ਪਹੁੰਚ ਕਰਨ ਲਈ ਖਰਚ ਕੀਤੇ ਗਏ। ਇਸੇ ਤਰ੍ਹਾਂ ਗੂਗਲ ਪਲੇਟਫਾਰਮ ਉਤੇ ਭਾਜਪਾ ਵਲੋਂ 17 ਕਰੋੜ ਰੁਪਏ ਦੇ ਲਗਭਗ ਦੀ ਰਾਸ਼ੀ ਇਸ਼ਤਿਹਾਰਾਂ ਲਈ ਖਰਚ ਕੀਤੀ ਗਈ ਹੈ।
ਇਸੇ ਤਰ੍ਹਾਂ ਇੰਡੀਅਨ ਨੈਸ਼ਨਲ ਕਾਂਗਰਸ ਵਲੋਂ ਫੇਸਬੁਕ ਉਤੇ 3686 ਇਸ਼ਤਹਾਰਾਂ ਲਈ 1.46 ਕਰੋੜ ਰੁਪਏ ਅਤੇ ਗੂਗਲ ਪਲੇਟਫਾਰਮ ਉਤੇ 425 ਇਸ਼ਤਿਹਾਰਾਂ ਲਈ 2.71 ਕਰੋੜ ਰੁਪਏ ਦੀ ਰਕਮ ਖਰਚੀ ਗਈ। ਫੇਸਬੁਕ ਦੇ ਡਾਟਾ ਮੁਤਾਬਕ ਆਲ ਇੰਡੀਆਂ ਤ੍ਰਿਣਮੂਲ ਕਾਂਗਰਸ ਨੇ 29.28 ਲੱਖ ਰੁਪਏ ਖਰਚ ਕੀਤੇ ਹਨ। ਇਸ ਮਾਮਲੇ ਵਿਚ ਆਮ ਆਦਮੀ ਪਾਰਟੀ ਵੀ ਪਿੱਛੇ ਨਹੀਂ ਰਹੀ। ‘ਆਪ’ ਨੇ 13.62 ਲੱਖ ਰੁਪਏ ਖਰਚ ਕੇ 176 ਇਸ਼ਤਿਹਾਰ ਫੇਸਬੁਕ ਪੇਜਾ ਉਤੇ ਚਲਾਏ। ਇਸੇ ਤਰ੍ਹਾਂ ਗੂਗਲ ਦੇ ਸਿਆਸੀ ਇਸ਼ਤਿਹਾਰ ਡੈਸ਼ਬੋਰਡ ਮੁਤਾਬਕ ਔਬੇਰਨ ਡਿਜੀਟਲ ਸੋਲਯੂਸ਼ਨ ਵਲੋਂ ਆਪ ਦੀ ਸੋਸ਼ਲ ਮੀਡੀਆ ਮੁਹਿੰਮ ਚਲਾਈ ਗਈ, ਜਿਸਨੇ 2.18 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ।