ਭਾਜਪਾ ਆਗੂ ਦੀ ਬੇਰਹਿਮੀ ਨਾਲ ਹੱਤਿਆ ! ਸਿਗਰਟ ਨੂੰ ਲੈ ਕੇ ਹੋਏ ਮਾਮੂਲੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ

Thursday, May 28, 2026 - 06:47 PM (IST)

ਭਾਜਪਾ ਆਗੂ ਦੀ ਬੇਰਹਿਮੀ ਨਾਲ ਹੱਤਿਆ ! ਸਿਗਰਟ ਨੂੰ ਲੈ ਕੇ ਹੋਏ ਮਾਮੂਲੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਵਿਭੂਤੀ ਬਲਾਕ ਇਲਾਕੇ ਵਿੱਚ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਅਯੁੱਧਿਆ ਤੋਂ ਪਾਰਟੀ ਕਰਨ ਆਏ ਭਾਜਪਾ ਯੁਵਾ ਮੋਰਚਾ ਦੇ ਮੈਂਬਰ ਸ਼ਿਵਮ ਸਿੰਘ ਦੀ ਬੇਰਹਿਮੀ ਨਾਲ ਕੁਟਮਾਰ ਕਰ ਕੇ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਖ਼ੂਨੀ ਸੰਘਰਸ਼ ਮਹਿਜ਼ ਸਿਗਰਟ ਪੀਣ ਨੂੰ ਲੈ ਕੇ ਹੋਏ ਮਾਮੂਲੀ ਵਿਵਾਦ ਤੋਂ ਸ਼ੁਰੂ ਹੋਇਆ ਸੀ।

ਪੁਲਸ ਅਨੁਸਾਰ ਅਯੁੱਧਿਆ ਨਿਵਾਸੀ ਸ਼ਿਵਮ ਸਿੰਘ ਆਪਣੇ ਦੋਸਤਾਂ ਨੀਲੇਸ਼ ਅਤੇ ਜ਼ੀਸ਼ਾਨ ਨਾਲ ਪਾਰਟੀ ਕਰਨ ਲਈ ਲਖਨਊ ਆਇਆ ਸੀ। ਦੇਰ ਰਾਤ ਵਿਭੂਤੀ ਬਲਾਕ ਸਥਿਤ 'ਜਲਵਾ ਕਲੱਬ' ਦੇ ਬਾਹਰ ਸਿਗਰਟ ਪੀਣ ਨੂੰ ਲੈ ਕੇ ਕੁਝ ਨੌਜਵਾਨਾਂ ਨਾਲ ਉਸ ਦੀ ਬਹਿਸ ਹੋ ਗਈ। ਦੇਖਦਿਆਂ ਹੀ ਦੇਖਦਿਆਂ ਵਿਵਾਦ ਇੰਨਾ ਵਧ ਗਿਆ ਕਿ ਹਮਲਾਵਰਾਂ ਨੇ ਸ਼ਿਵਮ 'ਤੇ ਇੱਟਾਂ-ਪੱਥਰਾਂ ਨਾਲ ਹਮਲਾ ਕਰ ਦਿੱਤਾ ਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਹਮਲੇ ਤੋਂ ਬਾਅਦ ਸ਼ਿਵਮ ਗੰਭੀਰ ਰੂਪ ਵਿੱਚ ਜ਼ਖਮੀ ਹੋ ਕੇ ਬੇਸੁੱਧ ਹੋ ਗਿਆ।

ਘਟਨਾ ਤੋਂ ਬਾਅਦ ਸ਼ਿਵਮ ਨੂੰ ਤੁਰੰਤ ਰਾਮ ਮਨੋਹਰ ਲੋਹੀਆ ਹਸਪਤਾਲ ਲਿਜਾਇਆ ਗਿਆ, ਪਰ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉੱਥੇ ਬੈੱਡ ਖਾਲੀ ਨਾ ਹੋਣ ਕਾਰਨ ਉਸ ਨੂੰ ਗੋਮਤੀਨਗਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ। ਉੱਥੇ ਇਲਾਜ ਦੌਰਾਨ ਸ਼ਿਵਮ ਨੇ ਦਮ ਤੋੜ ਦਿੱਤਾ। ਮ੍ਰਿਤਕ ਦੇ ਭਰਾ ਸੌਰਭ ਸਿੰਘ ਨੇ ਪੁਲਸ ਕੋਲ ਅਣਪਛਾਤੇ ਹਮਲਾਵਰਾਂ ਵਿਰੁੱਧ ਕੇਸ ਦਰਜ ਕਰਵਾਇਆ ਹੈ। ਹਾਲਾਂਕਿ, ਪਰਿਵਾਰ ਨੇ ਸ਼ਿਵਮ ਦੇ ਨਾਲ ਮੌਜੂਦ ਦੋਸਤਾਂ 'ਤੇ ਵੀ ਗੰਭੀਰ ਸਵਾਲ ਚੁੱਕੇ ਹਨ। ਸੌਰਭ ਅਨੁਸਾਰ, ਸ਼ਿਵਮ ਦੇ ਨਾਲ ਮੌਜੂਦ 3-4 ਲੋਕਾਂ ਨੇ ਉਸ ਦੀ ਕੋਈ ਮਦਦ ਨਹੀਂ ਕੀਤੀ ਅਤੇ ਉਹ ਵੀ ਇਸ ਸਾਜ਼ਿਸ਼ ਦਾ ਹਿੱਸਾ ਹੋ ਸਕਦੇ ਹਨ। ਪਰਿਵਾਰ ਨੇ ਪੁਲਸ 'ਤੇ ਮਾਮਲੇ ਨੂੰ ਗੁੰਮਰਾਹ ਕਰਨ ਦਾ ਵੀ ਦੋਸ਼ ਲਗਾਇਆ ਹੈ।

ਪੁਲਸ ਨੇ ਦੱਸਿਆ ਕਿ ਸੀਸੀਟੀਵੀ (CCTV) ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ 'ਤੇ ਜਾਂਚ ਜਾਰੀ ਹੈ। ਵਿਭੂਤੀ ਬਲਾਕ ਥਾਣੇ ਦੇ ਇੰਸਪੈਕਟਰ ਅਨੁਸਾਰ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਸ਼ਿਵਮ ਸਿੰਘ ਅਯੁੱਧਿਆ ਵਿੱਚ ਭਾਜਪਾ ਕਾਰਜਕਾਰਨੀ ਦਾ ਮੈਂਬਰ ਸੀ ਤੇ ਉਸ ਦੀ ਮੌਤ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News