ਬਿਹਾਰ ਦੇ ਇਸ ਪਿੰਡ ਨੇ ਲਾਈ ਕੁੜੀਆਂ ਦੇ ਮੋਬਾਇਲ ਤੇ ਵਿਆਹ ’ਚ ਡਾਂਸ ’ਤੇ ਪਾਬੰਦੀ
Tuesday, Aug 27, 2019 - 07:59 PM (IST)

ਮਧੂਬਨੀ— ਸਮੇਂ-ਸਮੇਂ ’ਤੇ ਵੱਖਰੀਆਂ-ਵੱਖਰੀਆਂ ਪੰਚਾਇਤਾਂ ਦੇ ਤੁਗਲਕੀ ਫਰਮਾਨ ਸਾਹਮਣੇ ਆਉਂਦੇ ਰਹਿੰਦੇ ਹਨ। ਇਸ ਵਾਰ ਬਿਹਾਰ ਦੇ ਮਧੂਬਨੀ ਜਲਿੇ ’ਚ ਇਕ ਪੰਚਾਇਤ ਨੇ ਤੁਗਲਕੀ ਫਰਮਾਨ ਜਾਰੀ ਕਰਦੇ ਹੋਏ ਕਿਹਾ ਕਿ ਕੁਆਰੀਆਂ ਕੁੜੀਆਂ ਮੋਬਾਇਲ ਨਹੀਂ ਰੱਖ ਸਕਦੀਆਂ। ਇਸ ਫਰਮਾਨ ’ਚ ਇਹ ਵੀ ਕਿਹਾ ਗਿਆ ਹੈ ਕਿ ਪਿੰਡ ਦੀ ਕੋਈ ਕੁੜੀ ਮੋਬਾਇਲ ’ਤੇ ਗੱਲ ਵੀ ਨਹੀਂ ਕਰੇਗੀ। ਨਾਲ ਹੀ ਉਹ ਸ਼ਾਮ ਤੋਂ ਪਹਿਲਾਂ ਘਰ ਪਰਤ ਆਏਗੀ। 21ਵੀਂ ਸਦੀ ’ਚ ਪੰਚਾਇਤ ਦੇ ਇਸ ਫਰਮਾਨ ’ਤੇ ਸੋਸ਼ਲ ਮੀਡੀਆ ’ਤੇ ਲੋਕਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।
ਇਹ ਬਾਸੋਪੱਟੀ ਬਲਾਕ ਦੇ ਅਧੀਨ ਹਤਥਾਰਪੁਰ ਪਰਸਾ ਪੰਚਾਇਤ ਦਾ ਮਾਮਲਾ ਹੈ। ਸੋਮਵਾਰ ਸ਼ਾਮ ਨੂੰ ਪੰਚਾਇਤ ਨੇ ਇਸ ਤੁਗਲਕੀ ਫਰਮਾਨ ਦੌਰਾਨ ਇਹ ਵੀ ਹੁਕਮ ਦਿੱਤਾ ਕਿ ਪਿੰਡ ਦੀ ਕੋਈ ਵੀ ਕੁੜੀ ਜਾਂ ਔਰਤ ਸ਼ਾਮ 8 ਵਜੇ ਤੋਂ ਬਾਅਦ ਖੇਤਾਂ ’ਚ ਨਹੀਂ ਜਾਏਗੀ। ਪੰਚਾਇਤ ਦੇ ਸਰਪੰਚ ਯੋਗੇਂਦਰ ਮੰਡਲ ਨੇ ਕਿਹਾ ਕਿ ਸਾਰੇ ਲੋਕਾਂ ਦੀਆਂ ਵੋਟਾਂ ਨਾਲ ਇਹ ਫੈਸਲਾ ਲਿਆ ਗਿਆ ਹੈ ਕਿ ਕੁਆਰੀਆਂ ਕੁੜੀਆਂ ਨੂੰ ਮੋਬਾਇਲ ਫੋਨ ਦਾ ਇਸਤੇਮਾਲ ਨਹੀਂ ਕਰਨ ਦਿੱਤਾ ਜਾਏਗਾ। ਲੋੜ ਪੈਣ ’ਤੇ ਉਹ ਪਰਿਵਾਰ ਦੇ ਕਿਸੇ ਮੈਂਬਰ ਦੀ ਮੌਜੂਦਗੀ ’ਚ ਗੱਲ ਕਰ ਸਕਦੀਆਂ ਹਨ। ਪੰਚਾਇਤ ਨੇ ਇਹ ਵੀ ਫਰਮਾਨ ਸੁਣਾਇਆ ਹੈ ਕਿ ਕਿਸੇ ਪ੍ਰੋਗਰਾਮ ’ਚ ਕੋਈ ਵੀ ਔਰਤ ਜਾਂ ਕੁੜੀ ਡਾਂਸ ਕਰਦੇ ਹੋਏ ਦਿਸੀ ਤਾਂ ਉਸ ਦਾ ਸਮਾਜਿਕ ਬਾਈਕਾਟ ਕੀਤਾ ਜਾਏਗਾ।