ਬਿਹਾਰ ਦੇ ਮੰਤਰੀ ਅਸ਼ੋਕ ਚੌਧਰੀ ਨੇ ਛੱਡੀ ਨੌਕਰੀ ! ਅਸਿਸਟੈਂਟ ਪ੍ਰੋਫ਼ੈਸਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

Sunday, Nov 29, 2026 - 02:28 PM (IST)

ਬਿਹਾਰ ਦੇ ਮੰਤਰੀ ਅਸ਼ੋਕ ਚੌਧਰੀ ਨੇ ਛੱਡੀ ਨੌਕਰੀ ! ਅਸਿਸਟੈਂਟ ਪ੍ਰੋਫ਼ੈਸਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਨੈਸ਼ਨਲ ਡੈਸਕ- ਜਨਤਾ ਦਲ (ਯੂਨਾਈਟਿਡ) ਦੇ ਸੀਨੀਅਰ ਆਗੂ ਅਤੇ ਬਿਹਾਰ ਦੇ ਮੰਤਰੀ ਅਸ਼ੋਕ ਚੌਧਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਸਹਾਇਕ ਪ੍ਰੋਫ਼ੈਸਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹਾਲ ਹੀ ਵਿਚ ਇਕ ਕਾਲਜ ਵਿਚ ਇਸ ਅਹੁਦੇ ਉੱਤੇ ਉਨ੍ਹਾਂ ਦੀ ਨਿਯੁਕਤੀ ਨੂੰ ਲੈ ਕੇ ਲਾਭ ਦੇ ਅਹੁਦੇ ਦਾ ਵਿਵਾਦ ਖੜ੍ਹਾ ਹੋ ਗਿਆ ਸੀ। 

ਸਮਰਾਟ ਚੌਧਰੀ ਸਰਕਾਰ ਵਿਚ ਖੁਰਾਕ ਅਤੇ ਖਪਤਕਾਰ ਸੁਰੱਖਿਆ ਵਿਭਾਗ ਸੰਭਾਲ ਰਹੇ ਚੌਧਰੀ ਨੇ ਹਾਲਾਂਕਿ ਕਿਹਾ ਕਿ ਇਹ ਵਿਵਾਦ ‘ਗ਼ੈਰ-ਜ਼ਰੂਰੀ’ ਸੀ ਅਤੇ ਸਿੱਖਿਆ ਸ਼ਾਸਤਰੀਆਂ ਦਾ ਵਿਧਾਇਕ ਅਤੇ ਮੰਤਰੀ ਬਣਨਾ ਕੋਈ ਨਵੀਂ ਗੱਲ ਨਹੀਂ ਹੈ।

ਜਦ(ਯੂ) ਦੇ ਰਾਸ਼ਟਰੀ ਜਨਰਲ ਸਕੱਤਰ ਚੌਧਰੀ ਨੇ ਕਿਹਾ ਕਿ ਮੈਂ ਸਬੰਧਤ ਅਧਿਕਾਰੀਆਂ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਹੈ ਕਿਉਂਕਿ ਗ਼ੈਰ-ਜ਼ਰੂਰੀ ਵਿਵਾਦ ਖੜ੍ਹਾ ਹੋ ਗਿਆ ਸੀ। ਇਹ ਮੇਰੀ ਪਾਰਟੀ ਦੇ ਨਾਲ-ਨਾਲ ਉਸ ਸਰਕਾਰ ਦੇ ਹਿੱਤ ਵਿਚ ਵੀ ਨਹੀਂ ਸੀ, ਜਿਸ ਦਾ ਮੈਂ ਹਿੱਸਾ ਹਾਂ। 50 ਸਾਲ ਤੋਂ ਵੱਧ ਉਮਰ ਦੇ ਚੌਧਰੀ ਦੀ ਪਿਛਲੇ ਸਾਲ ਰਾਜ ਯੂਨੀਵਰਸਿਟੀ ਸੇਵਾ ਕਮਿਸ਼ਨ ਵੱਲੋਂ ਕਰਵਾਈ ਗਈ ਪ੍ਰਵੇਸ਼ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਇਸ ਅਹੁਦੇ ਲਈ ਚੋਣ ਹੋਈ ਸੀ। 

ਮਗਧ ਯੂਨੀਵਰਸਿਟੀ ਤੋਂ ਰਾਜਨੀਤੀ ਵਿਗਿਆਨ ਵਿਚ ਪੀ.ਐੱਚ.ਡੀ. ਧਾਰਕ ਚੌਧਰੀ ਦੀ ਚੋਣ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਲਈ ਨਿਰਧਾਰਤ ਕੋਟੇ ਰਾਹੀਂ ਹੋਈ ਅਤੇ ਇਸ ਸਾਲ ਦੇ ਸ਼ੁਰੂ ਵਿਚ ਉਹ ਪਟਨਾ ਸਥਿਤ ਏ.ਐੱਨ. ਕਾਲਜ ਦੇ ਫੈਕਲਟੀ ਵਿਚ ਸ਼ਾਮਲ ਹੋ ਗਏ ਸਨ।


author

Harpreet SIngh

Content Editor

Related News