ਪਿਤਾ ਦੀ ਹਾਰ ਦਾ ਬਦਲਾ ਲੈਣ ਲਈ ਨਹੀਂ, ਲੋਕਾਂ ਦੀ ਭਲਾਈ ਲਈ ਲੜਾਂਗਾ: ਲਵ ਸਿਨਹਾ

Sunday, Oct 18, 2020 - 06:46 PM (IST)

ਪਿਤਾ ਦੀ ਹਾਰ ਦਾ ਬਦਲਾ ਲੈਣ ਲਈ ਨਹੀਂ, ਲੋਕਾਂ ਦੀ ਭਲਾਈ ਲਈ ਲੜਾਂਗਾ: ਲਵ ਸਿਨਹਾ

ਨਵੀਂ ਦਿੱਲੀ— ਬਿਹਾਰ ਵਿਚ ਬਾਂਕੀਪੁਰ ਵਿਧਾਨਸਭਾ ਸੀਟ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਰਹੇ ਸਾਬਕਾ ਕੇਂਦਰੀ ਮੰਤਰੀ ਸ਼ਤਰੂਘਨ ਸਿਨਹਾ ਦੇ ਪੁੱਤਰ ਲਵ ਸਿਨਹਾ ਨੇ ਐਤਵਾਰ ਯਾਨੀ ਕਿ ਅੱਜ ਕਿਹਾ ਕਿ ਉਨ੍ਹਾਂ ਨੇ ਭਾਜਪਾ ਦੇ ਇਸ ਗੜ੍ਹ 'ਚ ਆਪਣੀ ਸਮਰੱਥਾ ਸਾਬਤ ਕਰ ਕੇ ਸਿਆਸੀ ਪਾਰੀ ਦੀ ਸ਼ੁਰੂਆਤ ਕਰਨ ਦਾ ਫ਼ੈਸਲਾ ਕੀਤਾ ਹੈ। ਲਵ ਨੇ ਕਿਹਾ ਕਿ ਉਹ ਪਟਨਾ ਸਾਹਿਬ ਲੋਕਸਭਾ ਖੇਤਰ ਤਹਿਤ ਆਉਣ ਵਾਲੀ ਬਾਂਕੀਪੁਰ ਵਿਧਾਨਸਭਾ ਸੀਟ ਤੋਂ ਚੋਣ, 2019 ਦੀਆਂ ਆਮ ਚੋਣਾਂ 'ਚ ਆਪਣੇ ਪਿਤਾ ਨੂੰ ਮਿਲੀ ਹਾਰ ਦਾ ਬਦਲਾ ਲੈਣ ਲਈ ਨਹੀਂ ਲੜ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਪਟਨਾ ਦੇ ਲੋਕਾਂ ਦੀ ਭਲਾਈ ਲਈ ਇਹ ਚੋਣਾਂ ਲੜ ਰਹੇ ਹਨ। ਆਪਣੇ ਪਿਤਾ ਦੇ ਵਾਂਗ ਹੀ ਅਭਿਨੇਤਾ ਤੋਂ ਨੇਤਾ ਬਣੇ ਲਵ ਨੇ ਇਕ ਇੰਟਰਵਿਊ ਵਿਚ ਕਿਹਾ ਕਿ 2014 ਤੋਂ ਬਾਅਦ ਭਾਜਪਾ ਬਦਲ ਚੁੱਕੀ ਹੈ।

ਲਵ ਨੇ ਦੋਸ਼ ਲਾਇਆ ਕਿ ਹੁਣ ਭਗਵਾ ਪਾਰਟੀ ਅੰਦਰ ਜ਼ਿਆਦਾ ਚਰਚਾ ਨਹੀਂ ਹੁੰਦੀ ਅਤੇ ਹੁਣ ਸਿਰਫ ਆਦੇਸ਼ ਜਾਰੀ ਕੀਤਾ ਜਾਂਦਾ ਹੈ। ਇਹ ਪੁੱਛ ਜਾਣ 'ਤੇ ਕਿ ਬਿਹਾਰ ਵਿਚ ਰਾਸ਼ਟਰੀ ਜਨਤਾ ਦਲ (ਰਾਜਦ) ਵਰਗੀ ਪਾਰਟੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਚੋਣਾਵੀ ਪਾਰੀ ਦੀ ਸ਼ੁਰੂਆਤ ਕਰਨ ਲਈ ਕਾਂਗਰਸ ਨੂੰ ਹੀ ਕਿਉਂ ਚੁਣਿਆ। ਲਵ ਨੇ ਇਸ ਦੇ ਜਵਾਬ ਵਿਚ ਕਿਹਾ ਕਿ ਸਿਰਫ ਮੈਂ ਕਾਂਗਰਸ ਨੂੰ ਨਹੀਂ ਚੁਣਿਆ ਹੈ, ਸਗੋਂ ਕਾਂਗਰਸ ਨੇ ਵੀ ਮੈਨੂੰ ਚੁਣਿਆ ਹੈ। ਮੈਂ ਆਪਣੀ ਸਮਰੱਥਾ ਸਾਬਤ ਕਰਨ ਅਤੇ ਆਪਣੀ ਸਮਰੱਥਾ ਦੁਨੀਆ ਨੂੰ ਵਿਖਾਉਣ ਲਈ ਲੜਾਈ ਲੜਨ 'ਚ ਯਕੀਨ ਰੱਖਦਾ ਹਾਂ। ਜਿੱਤ ਜਾਂ ਹਾਰ, ਕਿਤੋਂ ਵੀ ਮੇਰੇ ਹੱਥ ਵਿਚ ਨਹੀਂ ਹੈ। ਜਨਤਾ ਫ਼ੈਸਲਾ ਕਰੇਗੀ ਅਤੇ ਸਾਨੂੰ ਉਨ੍ਹਾਂ ਦੇ ਫ਼ੈਸਲੇ ਨੂੰ ਮਨਜ਼ੂਰ ਕਰਨਾ ਹੋਵੇਗਾ। 

ਲਵ ਨੇ ਆਪਣੇ ਪਿਤਾ ਕਾਰਨ ਟਿਕਟ ਮਿਲਣ ਦੀਆਂ ਅਟਕਲਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਜੇਕਰ ਇਹ ਪਰਿਵਾਰਵਾਦ ਹੁੰਦਾ ਤਾਂ ਉਨ੍ਹਾਂ ਨੇ ਲੋਕ ਸਭਾ ਚੋਣਾਂ ਲੜਨੀਆਂ ਸੀ, ਵਿਧਾਨਸਭਾ ਚੋਣਾਂ ਨਹੀਂ। ਜ਼ਿਕਰਯੋਗ ਹੈ ਕਿ ਲਵ ਨੇ ਜੇ. ਪੀ. ਦੱਤਾ ਦੀ ਫਿਲਮ 'ਪਲਟਨ' ਵਿਚ ਅਭਿਨੈ ਕੀਤਾ ਸੀ। ਸ਼ਤੂਰਘਨ ਸਿਨਹਾ 2009 ਅਤੇ 2014 ਵਿਚ ਭਾਜਪਾ ਦੀ ਟਿਕਟ 'ਤੇ ਚੁਣੇ ਗਏ ਸਨ। ਹਾਲਾਂਕਿ 2019 ਦੀਆਂ ਚੋਣਾਂ ਵਿਚ ਉਨ੍ਹਾਂ ਨੇ ਕਾਂਗਰਸ ਦੀ ਟਿਕਟ 'ਤੇ ਚੋਣ ਲੜੀ ਅਤੇ ਉਨ੍ਹਾਂ ਨੂੰ ਭਾਜਪਾ ਦੇ ਰਵੀਸ਼ੰਕਰ ਪ੍ਰਸਾਦ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।


author

Tanu

Content Editor

Related News