Fact Check: ਪੱਛਮੀ ਬੰਗਾਲ 'ਚ ਮੰਦਰ 'ਤੇ ਹਮਲੇ ਦੇ ਦਾਅਵੇ ਨਾਲ ਬੰਗਲਾਦੇਸ਼ ਦਾ ਵੀਡੀਓ ਵਾਇਰਲ
Thursday, Mar 20, 2025 - 03:19 AM (IST)

Fact Check By BOOM
ਪੱਛਮੀ ਬੰਗਾਲ 'ਚ ਹਿੰਦੂ ਮੰਦਰ ਦੀ ਭੰਨਤੋੜ ਦੇ ਦਾਅਵੇ ਨਾਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਹੱਥਾਂ 'ਚ ਡੰਡੇ ਲੈ ਕੇ ਕੁਝ ਲੋਕਾਂ ਨੂੰ ਭੰਨਤੋੜ ਕਰਦੇ ਦੇਖਿਆ ਜਾ ਸਕਦਾ ਹੈ।
ਬੂਮ ਨੇ ਆਪਣੀ ਜਾਂਚ 'ਚ ਪਾਇਆ ਕਿ ਵਾਇਰਲ ਵੀਡੀਓ ਪੱਛਮੀ ਬੰਗਾਲ ਦਾ ਨਹੀਂ ਹੈ। ਇਹ ਵੀਡੀਓ ਬੰਗਲਾਦੇਸ਼ 'ਚ ਸਥਿਤ ਇਕ ਸੂਫ਼ੀ ਦਰਗਾਹ 'ਤੇ ਹੋਏ ਹਮਲੇ ਦਾ ਹੈ।
ਇਕ ਇੰਸਟਾਗ੍ਰਾਮ ਯੂਜ਼ਰ ਨੇ ਵੀਡੀਓ ਸ਼ੇਅਰ ਕੀਤੀ ਹੈ, ਜਿਸ ਦੇ ਟੈਕਸਟ 'ਚ ਲਿਖਿਆ ਹੈ, ''ਹਿੰਦੂ ਭਰਾਵੋ ਦੇਖੋ, ਬੰਗਾਲ ਵਿੱਚ ਹਿੰਦੂਆਂ ਦੇ ਮੰਦਰ ਵਿਚ ਕੀ ਹੋ ਰਿਹਾ ਹੈ, ਹੋਰ ਨਿਭਾਓ ਭਾਈਚਾਰਾ।'
ਫੈਕਟ ਚੈੱਕ
ਵਾਇਰਲ ਵੀਡੀਓ ਦੀ ਜਾਂਚ ਕਰਨ ਲਈ ਅਸੀਂ ਬੰਗਾਲੀ ਭਾਸ਼ਾ ਵਿੱਚ ਸਬੰਧਿਤ ਕੀਵਰਡਸ ਨਾਲ ਖੋਜ ਕੀਤੀ। ਖੋਜ ਦੌਰਾਨ ਸਾਨੂੰ ਬੰਗਲਾਦੇਸ਼ੀ ਨਿਊਜ਼ ਪੋਰਟਲ ਦੇ ਫੇਸਬੁੱਕ ਪੇਜ 'ਤੇ ਵੀਡੀਓ ਦਾ ਲੰਬਾ ਸੰਸਕਰਣ ਮਿਲਿਆ। ਦੱਸਿਆ ਗਿਆ ਹੈ ਕਿ ਵੀਡੀਓ ਬੰਗਲਾਦੇਸ਼ ਦੇ ਦਿਨਾਜਪੁਰ 'ਚ ਰਹੀਮ ਬਾਬਾ ਦੀ ਦਰਗਾਹ 'ਤੇ ਭੰਨਤੋੜ ਦੀ ਘਟਨਾ ਨਾਲ ਸਬੰਧਤ ਹੈ।
ਸਾਨੂੰ 28 ਫਰਵਰੀ 2025 ਨੂੰ ਫੇਸਬੁੱਕ 'ਤੇ ਇੱਕ ਬੰਗਲਾਦੇਸ਼ੀ ਯੂਜ਼ਰ ਦੁਆਰਾ ਲਾਈਵ ਸਟ੍ਰੀਮ ਕੀਤੀ ਗਈ ਘਟਨਾ ਦਾ ਵੀਡੀਓ ਵੀ ਮਿਲਿਆ।
ਅਸੀਂ ਇਸ ਘਟਨਾ ਨਾਲ ਸਬੰਧਤ ਕੀਵਰਡਸ ਨਾਲ ਗੂਗਲ 'ਤੇ ਖੋਜ ਕੀਤੀ, ਸਾਨੂੰ ਡੇਲੀ ਪ੍ਰਥਮ ਆਲੋ ਨਿਊਜ਼ ਆਊਟਲੈੱਟ ਤੋਂ ਇੱਕ ਮੀਡੀਆ ਰਿਪੋਰਟ ਮਿਲੀ।
ਰਿਪੋਰਟ ਮੁਤਾਬਕ 28 ਫਰਵਰੀ ਨੂੰ ਸ਼ਾਮ ਕਰੀਬ 5 ਵਜੇ 'ਤੌਹੀਦੀ ਜਨਤਾ' (ਏਕੇਸ਼ਵਰਵਾਦੀ ਸੰਗਠਨ) ਦੇ ਲੋਕਾਂ ਨੇ ਸੀਰਤ ਮੁਸਤਕੀਮ ਪ੍ਰੀਸ਼ਦ ਦੇ ਬੈਨਰ ਹੇਠ ਲਾਠੀਆਂ ਨਾਲ ਜਲੂਸ ਕੱਢਿਆ। ਇਸ ਦੌਰਾਨ ਉਨ੍ਹਾਂ ਨੇ ਦਿਨਾਜਪੁਰ ਦੇ ਘੋੜਾਘਾਟ ਉਪ ਜ਼ਿਲ੍ਹੇ 'ਚ ਰਹੀਮ ਸ਼ਾਹ ਬਾਬਾ ਭੰਡਾਰੀ ਦਰਗਾਹ 'ਚ ਭੰਨਤੋੜ ਕੀਤੀ ਅਤੇ ਅੱਗ ਲਗਾ ਦਿੱਤੀ।
ਇਹ ਸਮੂਹ ਦਰਗਾਹ ’ਤੇ 2 ਤੋਂ 4 ਮਾਰਚ ਤੱਕ ਹੋਣ ਵਾਲੇ ਉਰਸ ਦਾ ਵਿਰੋਧ ਕਰ ਰਿਹਾ ਸੀ। ਤੌਹੀਦੀ ਲੋਕਾਂ ਦੇ ਸਮੂਹ ਨੇ ਉਰਸ ਦੇ ਆਯੋਜਨ ਨੂੰ ਨਸ਼ਿਆਂ ਦਾ ਸੇਵਨ ਕਰਨ, ਸੰਗੀਤ ਸੁਣਨ ਅਤੇ ਅਸ਼ਲੀਲ ਗਤੀਵਿਧੀਆਂ ਕਰਵਾਉਣ ਦਾ ਮੰਚ ਕਰਾਰ ਦਿੱਤਾ ਸੀ।
'ਤੌਹੀਦੀ ਜਨਤਾ' ਬੰਗਲਾਦੇਸ਼ ਵਿੱਚ ਇੱਕ ਕੱਟੜਪੰਥੀ ਇਸਲਾਮੀ ਧਾਰਮਿਕ ਸਮੂਹ ਹੈ, ਜਿਸਨੇ ਦੇਸ਼ ਵਿੱਚ ਕਈ ਹਿੰਸਕ ਹਮਲਿਆਂ ਦੀ ਅਗਵਾਈ ਕੀਤੀ ਹੈ।
ਖੋਜ ਦੌਰਾਨ ਸਾਨੂੰ ਬੰਗਲਾਦੇਸ਼ੀ ਨਿਊਜ਼ ਪੋਰਟਲ ਕਾਲਬੇਲਾ ਨਿਊਜ਼ ਦੁਆਰਾ 1 ਮਾਰਚ, 2025 ਨੂੰ ਯੂਟਿਊਬ 'ਤੇ ਅੱਪਲੋਡ ਕੀਤੀ ਗਈ ਵੀਡੀਓ ਰਿਪੋਰਟ ਵੀ ਮਿਲੀ। ਵਾਇਰਲ ਵੀਡੀਓ ਦੇ ਵਿਜ਼ੂਅਲ ਇਸ ਰਿਪੋਰਟ ਵਿੱਚ ਦੇਖੇ ਜਾ ਸਕਦੇ ਹਨ।
ਬੂਮ ਬੰਗਲਾਦੇਸ਼ ਨੇ ਵੀਡੀਓ ਦੀ ਪੁਸ਼ਟੀ ਕਰਨ ਲਈ ਘੋਰਾਘਾਟ ਪੁਲਸ ਸਟੇਸ਼ਨ ਇੰਚਾਰਜ ਮੁਹੰਮਦ ਨਜ਼ਮੁਲ ਹੱਕ ਨਾਲ ਵੀ ਸੰਪਰਕ ਕੀਤਾ। ਉਨ੍ਹਾਂ ਨੇ ਬੂਮ ਨੂੰ ਦੱਸਿਆ ਕਿ ਇਹ ਵੀਡੀਓ ਭਾਰਤ 'ਚ ਨਹੀਂ ਸਗੋਂ ਬੰਗਲਾਦੇਸ਼ 'ਚ ਹੋਏ ਹਮਲੇ ਦੀ ਹੈ।
ਬੂਮ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, "ਇਹ ਵੀਡੀਓ ਘੋੜਾਘਾਟ ਸਥਿਤ ਰਹੀਮ ਸ਼ਾਹ ਬਾਬਾ ਭੰਡਾਰੀ ਦਰਗਾਹ ਦੀ ਹੈ। ਤੌਹੀਦੀ ਲੋਕਾਂ ਨੇ 28 ਫਰਵਰੀ 2025 ਨੂੰ ਇੱਥੇ ਦਰਗਾਹ 'ਤੇ ਹਮਲਾ ਕੀਤਾ ਸੀ। ਇਸ ਘਟਨਾ ਵਿੱਚ ਹਿੰਦੂ-ਮੁਸਲਿਮ ਵਰਗਾ ਕੋਈ ਫਿਰਕੂ ਐਂਗਲ ਨਹੀਂ ਹੈ।"
(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ BOOM ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)