ਰਾਜਸਥਾਨ ਤੇ ਬਿਹਾਰ ’ਚ ਰਿਹਾ ਬੰਦ, ਬਾਕੀ ਭਾਰਤ ’ਚ ਮਿਲਿਆ-ਜੁਲਿਆ ਅਸਰ

Wednesday, Aug 21, 2024 - 09:37 PM (IST)

ਨਵੀਂ ਦਿੱਲੀ, (ਏਜੰਸੀਆਂ)- ਦਲਿਤਾਂ ਅਤੇ ਆਦਿਵਾਸੀ ਸੰਗਠਨਾਂ ਦੇ ‘ਭਾਰਤ ਬੰਦ’ ਦੇ ਸੱਦੇ ਦਾ ਰਾਜਸਥਾਨ ਤੇ ਬਿਹਾਰ ’ਚ ਕਾਫੀ ਅਸਰ ਵੇਖਣ ਨੂੰ ਮਿਲਿਆ, ਜਦਕਿ ਬਾਕੀ ਭਾਰਤ ’ਚ ਇਸ ਦਾ ਅਸਰ ਮਿਲਿਆ-ਜੁਲਿਆ ਸੀ।

ਬਿਹਾਰ ’ਚ ਕਈ ਥਾਵਾਂ ’ਤੇ ਪੁਲਸ ਨੇ ਲਾਠੀਚਾਰਜ ਵੀ ਕੀਤਾ। ਰਾਜਸਥਾਨ ’ਚ ਕਈ ਐੱਸ. ਸੀ. ਤੇ ਐੱਸ. ਟੀ. ਜਥੇਬੰਦੀਆਂ ਨੇ ਬੰਦ ਨੂੰ ਆਪਣਾ ਸਮਰਥਨ ਦਿੱਤਾ ਸੀ।

‘ਭਾਰਤ ਬੰਦ’ ਦੀ ਅਪੀਲ ਤੋਂ ਬਾਅਦ ਰਾਜਸਥਾਨ ਦੇ ਜੈਪੁਰ, ਦੌਸਾ, ਭਰਤਪੁਰ ਤੇ ਗੰਗਾਪੁਰ ਸਿਟੀ ਸਮੇਤ 5 ਜ਼ਿਲਿਆਂ ਦੇ ਸਕੂਲਾਂ ’ਚ ਛੁੱਟੀ ਕਰ ਦਿੱਤੀ ਗਈ। ਇੱਥੇ ਬੰਦ ਦਾ ਕਾਫੀ ਅਸਰ ਵੇਖਣ ਨੂੰ ਮਿਲਿਆ।

ਬਿਹਾਰ ’ਚ ‘ਭਾਰਤ ਬੰਦ’ ਦੌਰਾਨ ਵੱਖ-ਵੱਖ ਥਾਵਾਂ ’ਤੇ ਸੜਕਾਂ ਤੇ ਰੇਲਵੇ ਟਰੈਕ ਨੂੰ ਜਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਭੀੜ ਨੂੰ ਕਾਬੂ ’ਚ ਕਰਨ ਲਈ ਪੁਲਸ ਟੀਮ ਨੇ ਲਾਠੀਚਾਰਜ ਕੀਤਾ, ਜਿਸ ਕਾਰਨ ਕੁਝ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ। ਇੱਥੇ ਟਰੈਫਿਕ ਜਾਮ ਹੋਣ ਤੇ ਰੇਲ ਸੇਵਾਵਾਂ ’ਚ ਵਿਘਨ ਪੈਣ ਕਾਰਨ ਆਮ ਲੋਕਾਂ ਨੂੰ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਬੰਦ ਦਾ ਦਿੱਲੀ ’ਚ ਅਸਰ ਨਹੀਂ

ਕੌਮੀ ਰਾਜਧਾਨੀ ਦਿੱਲੀ ’ਚ ਬੰਦ ਦਾ ਅਸਰ ਨਜ਼ਰ ਨਹੀਂ ਆਇਆ। ਪੰਜਾਬ ਤੇ ਹਰਿਆਣਾ ’ਚ ਵੀ ਬੰਦ ਦਾ ਕੋਈ ਖਾਸ ਅਸਰ ਨਹੀਂ ਸੀ। ਇੱਥੇ ਬੰਦ ਦੀ ਅਪੀਲ ਕੀਤੀ ਗਈ ਸੀ ਪਰ ਇਸ ਦਾ ਬਹੁਤਾ ਅਸਰ ਨਹੀਂ ਹੋਇਆ। ਆਮ ਜਨਜੀਵਨ ’ਚ ਕੋਈ ਵੱਡਾ ਵਿਘਨ ਨਹੀਂ ਪਿਆ, ਕਾਰੋਬਾਰੀ ਸਰਗਰਮੀਆਂ ਆਮ ਵਾਂਗ ਚੱਲਦੀਆਂ ਰਹੀਆਂ।

ਜਨਤਕ ਆਵਾਜਾਈ ਸੇਵਾਵਾਂ ’ਤੇ ਅਸਰ ਨਹੀਂ ਪਿਆ। ਸੜਕਾਂ ਆਮ ਵਾਂਗ ਖੁੱਲ੍ਹੀਆਂ ਰਹੀਆਂ। ਵਧੇਰੇ ਵਿੱਦਿਅਕ ਅਦਾਰੇ ਤੇ ਸਰਕਾਰੀ ਦਫ਼ਤਰ ਵੀ ਖੁੱਲ੍ਹੇ ਰਹੇ।


Rakesh

Content Editor

Related News