ਰਾਮ ਲੱਲਾ ਮੰਦਰ ਦੇ ਪੁਜਾਰੀ ਬੋਲੇ- ਸੰਘ ਦਾ ਮੁਖੌਟਾ ਬਣ ਕੇ ਕੰਮ ਨਹੀਂ ਕਰ ਸਕਦਾ
Friday, Nov 15, 2019 - 12:57 PM (IST)
ਅਯੁੱਧਿਆ— ਅਯੁੱਧਿਆ 'ਚ 6 ਦਸੰਬਰ 1992 ਨੂੰ ਝਗੜੇ ਵਾਲਾ ਢਾਂਚਾ ਢਾਹੇ ਜਾਣ ਤੋਂ ਬਾਅਦ ਪਿਛਲੇ 27 ਸਾਲਾਂ ਤੋਂ ਰਾਮ ਲੱਲਾ ਦੀ ਆਰਤੀ ਉਤਾਰਨ ਵਾਲੇ, ਭੋਗ ਲਾਉਣ ਵਾਲੇ ਅਤੇ ਪੂਜਾ-ਅਰਚਨਾ ਕਰਨ ਵਾਲੇ ਮੁੱਖ ਪੁਜਾਰੀ ਅਚਾਰੀਆ ਸਤਏਂਦਰ ਦਾਸ 82 ਸਾਲ ਦੇ ਹੋ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪੂਜਾ ਸਫਲ ਹੋਈ ਹੈ ਅਤੇ ਹੁਣ ਰਾਮ ਲੱਲਾ ਦਾ ਸ਼ਾਨਦਾਰ ਮੰਦਿਰ ਬਣਾਉਣ ਲਈ ਸੁਪਰੀਮ ਕੋਰਟ ਨੇ ਮੋਹਰ ਲਾ ਦਿੱਤੀ ਹੈ। ਛੇਤੀ ਹੀ ਉੱਥੇ ਮੰਦਰ ਦੀ ਉਸਾਰੀ ਹੋਣ ਲੱਗੇਗੀ ਪਰ ਅਚਾਰੀਆ ਨੂੰ ਇਹ ਭਰੋਸਾ ਨਹੀਂ ਹੈ ਕਿ ਅੱਗੇ ਵੀ ਉਹ ਨਵੇਂ ਮੰਦਰ ਦੇ ਪੁਜਾਰੀ ਬਣੇ ਰਹਿਣਗੇ।
ਮੰਦਰ ਦੀ ਪੂਜਾ ਵਿਵਸਥਾ 'ਚ ਖ਼ਾਮੀਆਂ ਵੱਲ ਇਸ਼ਾਰਾ ਕਰਦੇ ਹੋਏ ਸਤਏਂਦਰ ਦਾਸ ਆਖਦੇ ਹਨ ਕਿ ਮੈਂ ਦਰਜਨਾਂ ਵਾਰ ਵਿਵਸਥਾ 'ਚ ਸੁਧਾਰ ਦੀ ਮੰਗ ਕੀਤੀ ਹੈ। ਮੁਲਾਜ਼ਮਾਂ-ਪੁਜਾਰੀਆਂ ਦਾ ਮਿਹਨਤਾਨਾ ਵਧਾਉਣ ਦੀ ਮੰਗ ਕਰ ਚੁੱਕਿਆ ਹਾਂ। ਭਾਵੇਂ ਪਿਛਲੇ ਵਰ੍ਹਿਆਂ 'ਚ ਇਜ਼ਾਫ਼ਾ ਕੀਤਾ ਗਿਆ ਹੈ। ਇਸ ਸਾਲ ਆਨਰੇਰੀ ਤਨਖ਼ਾਹ ਦੀ ਰਕਮ ਵਧਾ ਕੇ 13 ਹਜ਼ਾਰ ਕਰ ਦਿੱਤੀ ਗਈ ਹੈ। ਮੇਰੇ ਨਾਲ ਦੇ 4 ਸਹਾਇਕ ਪੁਜਾਰੀਆਂ ਅਤੇ 4 ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵੀ ਵਧਾਈਆਂ ਗਈਆਂ ਹਨ।
ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਆਪਣੇ ਰਿਸ਼ਤਿਆਂ ਬਾਰੇ ਉਨ੍ਹਾਂ ਨੇ ਦੱਸਿਆ ਕਿ ਮੇਰਾ ਰਿਸ਼ਤਾ ਉਨ੍ਹਾਂ ਲੋਕਾਂ ਨਾਲ ਸੁਰੀਲਾ ਨਹੀਂ ਰਿਹਾ। ਇਹ ਦੀ ਵਜ੍ਹਾ ਇਹ ਸੀ ਕਿ ਮੈਂ ਉਹੋ ਕਰਦਾ ਅਤੇ ਕਹਿੰਦਾ ਸੀ, ਜਿਸ 'ਚ ਸੱਚਾਈ ਰਹੇ। ਇਹ ਗੱਲ ਇਨ੍ਹਾਂ ਲੋਕਾਂ ਨੂੰ ਪਸੰਦ ਨਹੀਂ ਆਉਂਦੀ ਸੀ। ਸੰਘ ਵਾਲੇ ਚਾਹੁੰਦੇ ਸਨ ਕਿ ਮੈਂ ਉਨ੍ਹਾਂ ਦਾ ਮੁਖੌਟਾ ਬਣ ਕੇ ਕੰਮ ਕਰਾਂ ਪਰ ਮੈਂ ਕਦੇ ਸਮਝੌਤਾ ਨਹੀਂ ਕੀਤਾ। ਮੇਰੇ ਵਿਰੋਧੀ ਬਹੁਤ ਹਨ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਲੋਕਾਂ ਨੇ ਤਾਂ ਮੈਨੂੰ ਹਟਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਰਿਸੀਵਰ ਅਤੇ ਕਮਿਸ਼ਨਰ ਨੇ ਲਾਚਾਰੀ ਵਿਖਾਈ।
ਕੀ ਅੱਗੋਂ ਵੀ ਪੂਜਾ ਦਾ ਅਵਸਰ ਮਿਲਣ ਦੀ ਉਮੀਦ ਹੈ?
ਦਾਸ ਕਹਿੰਦੇ ਹਨ ਕੁਝ ਕਹਿ ਨਹੀਂ ਸਕਦੇ। ਨਵੇਂ ਟਰੱਸਟ ਦੇ ਪ੍ਰਬੰਧਕਾਂ 'ਤੇ ਨਿਰਭਰ ਕਰੇਗਾ। ਜੇਕਰ ਟਰੱਸਟ 'ਚ ਮੈਨੂੰ ਵੀ ਥਾਂ ਮਿਲੇਗੀ ਅਤੇ ਪੂਜਾ ਜਾਰੀ ਰੱਖਣ ਲਈ ਕਿਹਾ ਜਾਵੇਗਾ ਤਾਂ ਮੈਂ ਹਾਜ਼ਰ ਰਹਾਂਗਾ। ਉਂਝ ਵੀ 82 ਸਾਲ ਦੀ ਉਮਰ ਹੋ ਚੁੱਕੀ ਹੈ। ਰਾਮ ਲੱਲਾ ਦੇ ਦਰਸ਼ਨ ਅਤੇ ਉਨ੍ਹਾਂ ਦੀ ਅਰਾਧਨਾ ਤਾਂ ਪੁਜਾਰੀ ਨਾ ਰਹਿ ਕੇ ਵੀ ਜਾਰੀ ਰਹੇਗੀ।