ਕਾਂਗਰਸ ਤੇ ‘ਆਪ’ ਨੇਤਾਵਾਂ ਦਾ ਸਿਆਸੀ ਭਵਿੱਖ ਤੈਅ ਕਰੇਗੀ 30 ਅਗਸਤ ਨੂੰ ਹੋਣ ਵਾਲੀ ਮੁੰਬਈ ਦੀ ਮੀਟਿੰਗ

Saturday, Aug 19, 2023 - 12:28 PM (IST)

ਕਾਂਗਰਸ ਤੇ ‘ਆਪ’ ਨੇਤਾਵਾਂ ਦਾ ਸਿਆਸੀ ਭਵਿੱਖ ਤੈਅ ਕਰੇਗੀ 30 ਅਗਸਤ ਨੂੰ ਹੋਣ ਵਾਲੀ ਮੁੰਬਈ ਦੀ ਮੀਟਿੰਗ

ਜਲੰਧਰ, (ਨਰਿੰਦਰ ਮੋਹਨ)- ਪੰਜਾਬ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਸਿਆਸੀ ਭਵਿੱਖ 30 ਅਗਸਤ ਨੂੰ ਮੁੰਬਈ ਵਿਚ ਹੋਣ ਵਾਲੀ 26 ਸਿਆਸੀ ਪਾਰਟੀਆਂ ਦੀ ਮੀਟਿੰਗ ਵਿਚ ਤੈਅ ਕੀਤਾ ਜਾਵੇਗਾ।

ਆਈ. ਐੱਨ. ਡੀ. ਆਈ. ਏ. (ਇੰਡੀਆ) ਨਾਂ ਹੇਠ ਬਣੇ ਗਠਜੋੜ ਦਾ ਸੈਮੀਫਾਈਨਲ ਟੀਚਾ ਇਸ ਸਾਲ ਦੇ ਅਖੀਰ ਤੇ ਅਗਲੇ ਸਾਲ ਦੀ ਸ਼ੁਰੂਆਤ ਵਿਚ ਹੋਣ ਵਾਲੀਆਂ 5 ਸੂਬਿਆਂ ਦੀਆਂ ਚੋਣਾਂ ਅਤੇ ਫਾਈਨਲ ਟੀਚਾ ਸਾਲ 2024 ਵਿਚ ਹੋਣ ਵਾਲੀਆਂ ਚੋਣਾਂ ਹਨ। ਪੰਜਾਬ ਦੇ ਪ੍ਰਭਾਵ ਵਾਲੇ ਗਠਜੋੜ ਦੀਆਂ ਦੋ ਪਾਰਟੀਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਬਾਰੇ ਵੀ ਮੁੰਬਈ ਮੀਟਿੰਗ ਤੋਂ ਬਾਅਦ ਲਗਭਗ ਜਲਦੀ ਹੀ ਫੈਸਲਾ ਕੀਤਾ ਜਾਵੇਗਾ। ਇਸਨੂੰ ਲੈ ਕੇ ਵੀ ਕਾਂਗਰਸ ਦੇ ਨੇਤਾ ਨਜ਼ਰ ਰੱਖ ਰਹੇ ਹਨ। ਇਸੇ ਸਿਆਸੀ ਹਲਚਲ ਨੂੰ ਲੈ ਕੇ ਘੱਟ ਤੋਂ ਘੱਟ ਕਾਂਗਰਸ ਵਿਚ ਤੂਫਾਨ ਆਉਣ ਤੋਂ ਪਹਿਲਾਂ ਵਾਲੀ ਸ਼ਾਂਤੀ ਦੀ ਸਥਿਤੀ ਬਣ ਰਹੀ ਹੈ। ਇਸ ਮੀਟਿੰਗ ’ਤੇ ਸਾਰਿਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ।

ਇਹ ਵੀ ਪੜ੍ਹੋ- ਰਾਮ ਮੰਦਰ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਦੇਖੋ ਕਿੰਨਾ ਹੋ ਚੁੱਕਾ ਹੈ ਨਿਰਮਾਣ

30 ਅਗਸਤ ਤੇ 1 ਸਤੰਬਰ ਨੂੰ ਹੋਣ ਵਾਲੀ ਇਹ ਮੀਟਿੰਗ ਇਹ ਦਿਸ਼ਾ ਵੀ ਤੈਅ ਕਰੇਗੀ ਕਿ ਕਾਂਗਰਸ ਪੰਜਾਬ ਵਿਚ ਵਿਰੋਧੀ ਧਿਰ ਵਿਚ ਰਹੇਗੀ ਜਾਂ ਸਰਕਾਰ ਦਾ ਹਿੱਸਾ ਬਣੇਗੀ। ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਨਵੇਂ ਰੂਪ ਨੂੰ ਲੈ ਕੇ ਪੰਜਾਬ ਦੇ ਸਿਆਸੀ ਮਾਹੌਲ ਖਾਸ ਕਰ ਕੇ ਕਾਂਗਰਸ ਅੰਦਰ ਭੰਬਲਭੂਸਾ ਦਾ ਮਾਹੌਲ ਬਣਿਆ ਹੋਇਆ ਹੈ। ਪੰਜਾਬ ਵਿਚ ਇਸ ਸਮੇਂ ਕਾਂਗਰਸ ਦੇ 7 ਲੋਕ ਸਭਾ ਮੈਂਬਰ ਹਨ ਅਤੇ ਆਮ ਆਦਮੀ ਪਾਰਟੀ ਕੋਲ ਇਕ ਲੋਕ ਸਭਾ ਮੈਂਬਰ ਹੈ ਪਰ ਕੁਝ ਸੀਟਾਂ ’ਤੇ ਦੋਵਾਂ ਪਾਰਟੀਆਂ ਦੇ ਆਗੂਆਂ ਵਿਚ ਟਕਰਾਅ ਹੋ ਸਕਦਾ ਹੈ। ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸਾਬਕਾ ਸੰਸਦ ਮੈਂਬਰ ਵੀ ‘ਆਪ’ ਵਿਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਹਨ। ਇਸ ਸਬੰਧੀ ਗੱਲਬਾਤ ਵਿਚਾਰ ਅਧੀਨ ਹੈ। ਦਲ ਬਦਲੀ ਸਬੰਧੀ ਸਾਬਕਾ ਸੰਸਦ ਮੈਂਬਰ ਦੀ ਇਕ ਸ਼ਰਤ ਇਹ ਹੈ ਕਿ ਉਨ੍ਹਾਂ ਨੂੰ ਫਿਰੋਜ਼ਪੁਰ ਸੰਸਦੀ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦਿੱਤੀ ਜਾਵੇ। ਸੂਤਰਾਂ ਮੁਤਾਬਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਰਮਿਆਨ ਸੰਭਾਵੀ ਗਠਜੋੜ ਦੀ ਤਜਵੀਜ਼ ਵਿਚ ਫਿਰੋਜ਼ਪੁਰ ਸੰਸਦੀ ਸੀਟ ਤੋਂ ਪੰਜਾਬ ਕਾਂਗਰਸ ਦੇ ਇਕ ਉੱਘੇ ਆਗੂ ਦੀ ਪਤਨੀ ਨੂੰ ਟਿਕਟ ਦੇਣਾ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ- ਕੁੱਤਿਆਂ ਦੀ ਲੜਾਈ ਮਗਰੋਂ ਤੈਸ਼ 'ਚ ਆਏ ਵਿਅਕਤੀ ਨੇ ਸ਼ਰੇਆਮ ਚਲਾਈਆਂ ਗੋਲ਼ੀਆਂ, 2 ਜਣਿਆਂ ਦੀ ਮੌਤ

ਇਸ ਸੰਭਾਵਨਾ ਕਾਰਨ ਆਗੂਆਂ ’ਚ ਫੁੱਟ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਸ਼੍ਰੀ ਆਨੰਦਪੁਰ ਸਾਹਿਬ ’ਚ ਵੀ ਵਿਵਾਦ ਖੜ੍ਹਾ ਹੋ ਸਕਦਾ ਹੈ, ਜਿੱਥੋਂ ਕਾਂਗਰਸ ਦੇ ਮਨੀਸ਼ ਤਿਵਾੜੀ ਸੰਸਦ ਮੈਂਬਰ ਹਨ ਅਤੇ ਨਰਿੰਦਰ ਸਿੰਘ ਸ਼ੇਰਗਿੱਲ ਪਿਛਲੀਆਂ ਲੋਕ ਸਭਾ ਚੋਣਾਂ ’ਚ ਹਾਰ ਗਏ ਸਨ। ਜਦੋਂ ਕਿ ਫਰੀਦਕੋਟ ਸੰਸਦੀ ਸੀਟ, ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ, ਜਲੰਧਰ, ਖਡੂਰ ਸਾਹਿਬ ਅਤੇ ਲੁਧਿਆਣਾ ਅਜਿਹੀਆਂ ਸੀਟਾਂ ਹਨ, ਜਿੱਥੇ ਦੋਹਾਂ ਪਾਰਟੀਆਂ ਦੇ ਨੇਤਾਵਾਂ ਦੀ ਟੱਕਰ ਹੋ ਸਕਦੀ ਹੈ, ਜਿੱਥੇ ਪਿਛਲੀਆਂ ਸੰਸਦੀ ਚੋਣਾਂ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਮੁਕਾਬਲਾ ਸੀ। ਇਸ ਵੇਲੇ ਸਥਿਤੀ ਇਹ ਹੈ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ 7 ਕਾਂਗਰਸ, 2 ਭਾਜਪਾ, 2 ਅਕਾਲੀ ਦਲ, ਇਕ ਆਮ ਆਦਮੀ ਪਾਰਟੀ ਅਤੇ ਇਕ ਸੀਟ ਅਕਾਲੀ ਦਲ ਮਾਨ ਕੋਲ ਹੈ।

ਇਹ ਵੀ ਪੜ੍ਹੋ- ਲਿਵ-ਇਨ ਪਾਰਟਨਰ ਦੇ ਪੁੱਤਰ ਦਾ ਕਤਲ ਕਰ ਕੇ ਲਾਸ਼ ਲੁਕੋਈ ਬੈੱਡ ’ਚ, ਔਰਤ ਗ੍ਰਿਫਤਾਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Rakesh

Content Editor

Related News