ਕੋਲਕਾਤਾ ਮਾਮਲੇ ''ਚ ਦੋਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਹਸਪਤਾਲ, ਪ੍ਰਸ਼ਾਸਨ ''ਤੇ ਸਵਾਲ ਖੜ੍ਹੇ ਕਰਦੀ ਹੈ : ਰਾਹੁਲ
Wednesday, Aug 14, 2024 - 06:16 PM (IST)
ਨਵੀਂ ਦਿੱਲੀ (ਭਾਸ਼ਾ)- ਕੋਲਕਾਤਾ 'ਚ ਇਕ ਟ੍ਰੇਨੀ ਡਾਕਟਰ ਨਾਲ ਜਬਰ ਜ਼ਿਨਾਹ ਅਤੇ ਉਸ ਦੇ ਕਤਲ ਦੇ ਮੁੱਦੇ 'ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਮਹਿਲਾ ਡਾਕਟਰ ਨੂੰ ਇਨਸਾਫ਼ ਦਿਵਾਉਣ ਦੀ ਬਜਾਏ ਦੋਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਹਸਪਤਾਲ ਅਤੇ ਸਥਾਨਕ ਪ੍ਰਸ਼ਾਸਨ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਨੇ ਕਿਹਾ ਕਿ ਕੋਲਕਾਤਾ 'ਚ ਜੂਨੀਅਰ ਡਾਕਟਰ ਨਾਲ ਜਬਰ ਜ਼ਿਨਾਹ ਅਤੇ ਕਤਲ ਦੀ ਘਿਨਾਉਣੀ ਘਟਨਾ ਨਾਲ ਪੂਰਾ ਦੇਸ਼ ਸਦਮੇ 'ਚ ਹੈ। ਉਨ੍ਹਾਂ ਕਿਹਾ ਕਿ ਉਸ ਨਾਲ ਕੀਤੇ ਗਏ ਬੇਰਹਿਮ ਅਤੇ ਅਣਮਨੁੱਖੀ ਕਾਰੇ ਦੇ ਖੁਲਾਸੇ ਨੇ ਡਾਕਟਰ ਭਾਈਚਾਰੇ ਅਤੇ ਔਰਤਾਂ 'ਚ ਅਸੁਰੱਖਿਆ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਰਾਹੁਲ ਗਾਂਧੀ ਨੇ 'ਐਕਸ' 'ਤੇ ਲਿਖਿਆ,''ਕੋਲਕਾਤਾ 'ਚ ਜੂਨੀਅਰ ਡਾਕਟਰ ਨਾਲ ਜਬਰ ਜ਼ਿਨਾਹ ਅਤੇ ਕਤਲ ਦੀ ਘਿਨਾਉਣੀ ਘਟਨਾ ਨਾਲ ਪੂਰਾ ਦੇਸ਼ ਸਦਮੇ 'ਚ ਹੈ। ਉਸ ਨਾਲ ਕੀਤੇ ਗਏ ਬੇਰਹਿਮ ਅਤੇ ਅਣਮਨੁੱਖੀ ਕਾਰਿਆਂ ਦੀ ਪਰਤ ਦਰ ਪਰਤ ਜਿਸ ਤਰ੍ਹਾਂ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ, ਉਸ ਨਾਲ ਡਾਕਟਰੀ ਭਾਈਚਾਰੇ ਅਤੇ ਔਰਤਾਂ ਵਿਚ ਅਸੁਰੱਖਿਆ ਦਾ ਮਾਹੌਲ ਹੈ।
ਉਨ੍ਹਾਂ ਕਿਹਾ,''ਪੀੜਤਾ ਨੂੰ ਨਿਆਂ ਦਿਵਾਉਣ ਦੀ ਜਗ੍ਹਾ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਹਸਪਤਾਲ ਅਤੇ ਸਥਾਨਕ ਪ੍ਰਸ਼ਾਸਨ 'ਤੇ ਗੰਭੀਰ ਪ੍ਰਸ਼ਨ ਖੜ੍ਹੇ ਕਰਦਾ ਹੈ।'' ਰਾਹੁਲ ਨੇ ਕਿਹਾ,''ਇਸ ਘਟਨਾ ਨੇ ਸੋਚਣ 'ਤੇ ਮਜ਼ਬੂਰ ਕਰ ਦਿੱਤਾ ਹੈ ਕਿ ਜੇਕਰ ਮੈਡੀਕਲ ਕਾਲਜ ਵਰਗੀ ਜਗ੍ਹਾ 'ਤੇ ਡਾਕਟਰ ਸੁਰੱਖਿਅਤ ਨਹੀਂ ਹਨ ਤਾਂ ਕਿਸ ਭਰੋਸੇ ਮਾਤਾ-ਪਿਤਾ ਆਪਣੀਆਂ ਧੀਆਂ ਨੂੰ ਪੜ੍ਹਨ ਲਈ ਬਾਹਰ ਭੇਜਣ। ਨਿਰਭਿਆ ਕਾਂਡ ਤੋਂ ਬਾਅਦ ਬਣੇ ਸਖ਼ਤ ਕਾਨੂੰਨ ਵੀ ਅਜਿਹੇ ਅਪਰਾਧਾਂ ਨੂੰ ਰੋਕਣ ਪਾਉਣ 'ਚ ਅਸਫ਼ਲ ਕਿਉਂ ਹਨ।'' ਉਨ੍ਹਾਂ ਕਿਹਾ ਕਿ ਹਾਥਰਸ ਤੋਂ ਓਨਾਵ ਅਤੇ ਕਠੁਆ ਤੋਂ ਲੈ ਕੇ ਕੋਲਕਾਤਾ ਤੱਕ ਔਰਤਾਂ ਖ਼ਿਲਾਫ਼ ਲਗਾਤਾਰ ਵਧਦੀਆਂ ਘਟਨਾਵਾਂ 'ਤੇ ਹਰ ਦਲ, ਹਰ ਵਰਗ ਨੂੰ ਮਿਲ ਕੇ ਗੰਭੀਰ ਵਿਚਾਰ-ਵਟਾਂਦਰਾ ਕਰ ਕੇ ਠੋਸ ਉਪਾਅ ਕਰਨੇ ਹੋਣਗੇ। ਰਾਹੁਲ ਨੇ ਕਿਹਾ,''ਮੈਂ ਇਸ ਅਸਹਿਣਯੋਗ ਦਰਦ 'ਚ ਪੀੜਤਾ ਦੇ ਪਰਿਵਾਰ ਦੇ ਨਾਲ ਖੜ੍ਹਾ ਹਾਂ। ਉਨ੍ਹਾਂ ਨੂੰ ਹਰ ਹਾਲ 'ਚ ਨਿਆਂ ਮਿਲੇ ਅਤੇ ਦੋਸ਼ੀਆਂ ਨੂੰ ਅਜਿਹੀ ਸਜ਼ਾ ਮਿਲੇ ਤਾਂ ਸਮਾਜ 'ਚ ਇਕ ਮਿਸਾਲ ਦੀ ਤਰ੍ਹਾਂ ਪੇਸ਼ ਕੀਤੀ ਜਾਵੇ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8