ਵਿਸ਼ਾਲ ਹਿਰਦੇ ਦੇ ਸਮਰਾਟ ਸਨ ਅਟਲ ਬਿਹਾਰੀ ਵਾਜਪਾਈ

Sunday, Dec 25, 2022 - 12:31 PM (IST)

ਵਿਸ਼ਾਲ ਹਿਰਦੇ ਦੇ ਸਮਰਾਟ ਸਨ ਅਟਲ ਬਿਹਾਰੀ ਵਾਜਪਾਈ

ਨੈਸ਼ਨਲ ਡੈਸਕ- ਅੱਜ ਕ੍ਰਿਸਮਸ ਦਾ ਪਵਿੱਤਰ ਦਿਹਾੜਾ ਹੈ, ਇਸ ਦਿਨ ਈਸਾ ਮਸੀਹ ਦਾ ਜਨਮ ਹੋਇਆ ਸੀ। ਪ੍ਰੇਮ, ਪਿਆਰ, ਸ਼ਾਂਤੀ, ਦਯਾ, ਵਿਸ਼ਵਾਸ ਤੇ ਭਾਈਚਾਰੇ ਦੀ ਭਾਵਨਾ ਹੀ ਉਨ੍ਹਾਂ ਦਾ ਮਨੁੱਖਤਾ ਲਈ ਸੰਦੇਸ਼ ਹੈ। ਮੈਂ ਦੇਸ਼ ਅਤੇ ਸੂਬਾ ਵਾਸੀਆਂ ਨੂੰ ਕ੍ਰਿਸਮਸ ਦੀ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੰਦਾ ਹਾਂ। ਇਹ ਵੀ ਇਕ ਵੱਡਾ ਸੰਜੋਗ ਹੈ ਕਿ ਸਾਡੇ ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਸਵ. ਅਟਲ ਬਿਹਾਰੀ ਵਾਜਪਾਈ ਜੀ ਦਾ ਜਨਮ ਵੀ ਇਸ ਪਵਿੱਤਰ ਦਿਨ 1924 ’ਚ ਮੱਧ ਪ੍ਰਦੇਸ਼ ਦੇ ਗਵਾਲੀਅਰ ’ਚ ਇਕ ਆਦਰਸ਼ ਅਧਿਆਪਕ ਦੇ ਪਰਿਵਾਰ ’ਚ ਹੋਇਆ।

ਵਾਜਪਾਈ ਜੀ ਨੇ ਆਪਣੀ ਪੂਰੀ ਜ਼ਿੰਦਗੀ ’ਚ ਸ਼ਾਂਤੀ, ਸਹਿਹੋਂਦ, ਬਰਾਬਰੀ, ਨਿਆਂ ਅਤੇ ਭਾਈਚਾਰੇ ਦੇ ਆਦਰਸ਼ਾਂ ਦੀ ਪਾਲਣਾ ਕੀਤੀ। ਅਟਲ ਬਿਹਾਰੀ ਵਾਜਪਾਈ ਇਕ ਕਵੀ, ਲੇਖਕ, ਪੱਤਰਕਾਰ, ਸਿਆਸੀ ਆਗੂ, ਸੁਤੰਤਰਤਾ ਸੈਨਾਨੀ ਅਤੇ ਦੂਰਦਰਸ਼ੀ ਤੇ ਬਹੁਪੱਖੀ ਸ਼ਖਸੀਅਤ ਦੇ ਧਨੀ ਸਨ। ਉਹ ਇਕ ਸੱਚੇ ਰਾਸ਼ਟਰਵਾਦੀ ਸਨ ਅਤੇ ਹਮੇਸ਼ਾ ਰਾਸ਼ਟਰੀ ਹਿੱਤ ਲਈ ਰਲਗੱਡ ਸਿਆਸਤ ਤੋਂ ਉੱਚੇ ਵਿਚਾਰ ਰੱਖਦੇ ਸਨ।

ਉਹ ਭਾਵੇਂ ਸੱਤਾ ’ਚ ਰਹੇ ਹੋਣ ਜਾਂ ਵਿਰੋਧੀ ਧਿਰ ’ਚ, ਉਹ ਰਾਸ਼ਟਰੀ ਹਿੱਤ ਲਈ ਸਾਰਿਆਂ ਨੂੰ ਨਾਲ ਲੈ ਕੇ ਚੱਲਣ ’ਚ ਯਕੀਨ ਰੱਖਦੇ ਸਨ। ਇਸ ਲਈ ਉਨ੍ਹਾਂ ਨੂੰ ਭਾਰਤੀ ਸਿਆਸਤ ਦਾ ਅਜਾਤਸ਼ਤਰੂ ਵੀ ਕਿਹਾ ਜਾਂਦਾ ਹੈ। ਕਈ ਦਹਾਕਿਆਂ ਦੀ ਜਨਤਕ ਜ਼ਿੰਦਗੀ ’ਚ ਉਨ੍ਹਾਂ ਦੀ ਸ਼ਖਸੀਅਤ ’ਤੇ ਇਕ ਵੀ ਦਾਗ ਨਹੀਂ ਹੈ। ਫਰਜ਼ ਸਨਾਸ਼, ਈਮਾਨਦਾਰੀ ਅਤੇ ਵੱਡਾ ਦਿਲ ਉਨ੍ਹਾਂ ਦੀ ਸ਼ਖਸੀਅਤ ਦਾ ਅਨਿੱਖੜਵਾਂ ਅੰਗ ਸੀ, ਜੋ ਇਕ ਪੱਤਰਕਾਰ ਦੇ ਰੂਪ ’ਚ ਉਨ੍ਹਾਂ ਦੀ ਲੇਖਣੀ, ਇਕ ਸਿਆਸੀ ਆਗੂ ਦੇ ਰੂਪ ’ਚ ਉਨ੍ਹਾਂ ਦੇ ਭਾਸ਼ਣਾਂ ਅਤੇ ਇਕ ਪ੍ਰਸ਼ਾਸਕ ਦੇ ਰੂਪ ’ਚ ਉਨ੍ਹਾਂ ਦੇ ਨਜ਼ਰੀਏ ’ਚ ਹਮੇਸ਼ਾ ਦਰਸਾਇਆ ਹੁੰਦਾ ਸੀ। ਅਸਲ ’ਚ ਵੱਡਾ ਦਿਲ ਸਮਰਾਟ, ਜਨਨਾਇਕ ਨੇ ਸਿਆਸਤ ’ਚ ਦ੍ਰਿੜ੍ਹਤਾ ਤੇ ਆਦਰਸ਼ਾਂ ਦੇ ਨਾਲ ਸਨਮਾਨ ਹਾਸਲ ਕੀਤਾ।

ਵਾਜਪਾਈ ਜੀ 1932 ’ਚ ਬਹੁਤ ਘੱਟ ਉਮਰ ’ਚ ਹੀ ਭਾਰਤੀ ਜਨਸੰਘ ਦੇ ਸੰਸਥਾਪਕ ਡਾ. ਸਿਆਮਾ ਪ੍ਰਸਾਦ ਮੁਖਰਜੀ ਤੇ ਪੰ. ਦੀਨਦਿਆਲ ਉਪਾਧਿਆਏ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਆਰ. ਐੱਸ. ਐੱਸ. ’ਚ ਸ਼ਾਮਲ ਹੋ ਗਏ ਅਤੇ 1947 ’ਚ ਪ੍ਰਚਾਰਕ ਬਣ ਗਏ। 1951 ’ਚ ਉਹ ਭਾਰਤੀ ਜਨਸੰਘ ਦੇ ਮੈਂਬਰ ਬਣ ਕੇ ਰਸਮੀ ਤੌਰ ’ਤੇ ਸਿਆਸਤ ’ਚ ਸ਼ਾਮਲ ਹੋਏ। ਉਨ੍ਹਾਂ ਨੇ 1957 ’ਚ ਪਹਿਲੀ ਵਾਰ ਲੋਕ ਸਭਾ ਚੋਣ ਲੜੀ ਅਤੇ ਬਲਰਾਮਪੁਰ ਤੋਂ ਜੇਤੂ ਹੋਏ। ਉਸ ਦੇ ਬਾਅਦ ਸਿਆਸਤ ਦੇ ਖੇਤਰ ’ਚ ਕਦੀ ਪਿੱਛੇ ਮੁੜ ਕੇ ਨਹੀਂ ਵੇਖਿਆ। ਤਤਕਾਲੀਨ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਸੰਸਦ ’ਚ ਉਨ੍ਹਾਂ ਦੀ ਜ਼ਿੰਦਾ ਅਤੇ ਅਰਥਮਈ ਤਰਕ-ਵਿਤਰਕ ਅਤੇ ਚਰਚਾ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਭਵਿੱਖਬਾਣੀ ਕੀਤੀ ਸੀ ਕਿ ‘‘ਵਾਜਪਾਈ ਜੀ ਇਕ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ।’’ 1980 ’ਚ ਉਹ ਭਾਰਤੀ ਜਨਤਾ ਪਾਰਟੀ ਦੇ ਸੰਸਥਾਪਕ ਪ੍ਰਧਾਨ ਬਣੇ।

ਵਾਜਪਾਈ ਨੇ 1977 ’ਚ ਜਨਤਾ ਪਾਰਟੀ ਦੀ ਸਰਕਾਰ ’ਚ ਵਿਦੇਸ਼ ਮੰਤਰੀ ਦੇ ਰੂਪ ’ਚ, ਵੱਖ-ਵੱਖ ਮਹੱਤਵਪੂਰਨ ਸੰਸਦੀ ਸਥਾਈ ਕਮੇਟੀਆਂ ਦੇ ਮੁਖੀ ਅਤੇ ਵਿਰੋਧੀ ਧਿਰ ਦੇ ਨੇਤਾ ਦੇ ਰੂਪ ’ਚ ਈਮਾਨਦਾਰੀ ਤੇ ਪ੍ਰਤੀਬੱਧਤਾ ਨਾਲ ਜ਼ਿੰਮੇਵਾਰੀ ਨਿਭਾਈ। ਉਨ੍ਹਾਂ ਦੇ ‘ਰਾਸ਼ਟਰ ਪ੍ਰਥਮ’ ਦੇ ਵਿਸ਼ਵਾਸ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਸਰਕਾਰ ’ਚ ਤਤਕਾਲੀਨ ਪ੍ਰਧਾਨ ਮੰਤਰੀ ਪੀ. ਵੀ. ਨਰਸਿਮ੍ਹਾ ਰਾਓ ਨੇ ਵਾਜਪਾਈ ਜੀ ਨੂੰ ਸੰਯੁਕਤ ਰਾਸ਼ਟਰ ’ਚ ਭਾਰਤ ਦੀ ਪ੍ਰਤੀਨਿਧਤਾ ਕਰਨ ਲਈ ਭੇਜੇ ਜਾ ਰਹੇ ਵਫਦ ਦੀ ਅਗਵਾਈ ਕਰਨ ਲਈ ਕਿਹਾ। ਹਾਲਾਂਕਿ ਵਾਜਪਾਈ ਜੀ ਉਸ ਸਮੇਂ ਵਿਰੋਧੀ ਧਿਰ ਦੇ ਨੇਤਾ ਸਨ। ਕੂਟਨੀਤਕ ਅਤੇ ਵਿਦੇਸ਼ੀ ਮਾਮਲਿਆਂ ’ਤੇ ਉਨ੍ਹਾਂ ਦੀ ਸ਼ਾਨਦਾਰ ਪਕੜ ਸੀ। ਉਨ੍ਹਾਂ ਨੇ ਦੇਸ਼ ਦੀ ਵਿਦੇਸ਼ ਨੀਤੀ ’ਤੇ ਇਕ ਅਮਿਟ ਛਾਪ ਛੱਡੀ। ਉਹ 1996 ’ਚ ਪਹਿਲੀ ਗੈਰ-ਕਾਂਗਰਸ ਸਰਕਾਰ ਦੇ ਪ੍ਰਧਾਨ ਮੰਤਰੀ ਬਣੇ।

ਰਾਸ਼ਟਰੀ ਹਿੱਤ ਦੇ ਮਾਮਲਿਆਂ ’ਚ ਵਾਜਪਾਈ ਜੀ ਦਾ ਨਜ਼ਰੀਆ ਸਪੱਸ਼ਟ ਸੀ। ਜਦੋਂ ਉਹ 1996 ’ਚ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਸਨ ਉਦੋਂ ਉਨ੍ਹਾਂ ਨੇ ਪ੍ਰਮਾਣੂ ਪ੍ਰੀਖਣ ਕਰਨ ਦਾ ਮਨ ਬਣਾ ਲਿਆ ਸੀ ਪਰ ਉਨ੍ਹਾਂ ਦੀ ਸਰਕਾਰ ਵੱਧ ਦਿਨਾਂ ਤੱਕ ਨਹੀਂ ਚੱਲੀ। ਹਾਲਾਂਕਿ ਉਨ੍ਹਾਂ ਨੇ 1998 ’ਚ ਫਿਰ ਤੋਂ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਪੋਖਰਣ ਪ੍ਰਮਾਣੂ ਪ੍ਰੀਖਣ ’ਚ ਦੇਰੀ ਨਹੀਂ ਕੀਤੀ। ਡਾ. ਏ. ਪੀ. ਜੇ. ਅਬਦੁਲ ਕਲਾਮ ਤੇ ਡਾ. ਆਰ. ਚਿਦਾਂਬਰਮ ਨਾਲ ਇਕ ਬੈਠਕ ’ਚ, ਪੋਖਰਣ ਪ੍ਰੀਖਣ ਲਈ ਮਨਜ਼ੂਰੀ ਦਿੱਤੀ ਗਈ ਅਤੇ 11 ਤੇ 13 ਮਈ 1998 ਨੂੰ ਉੱਨਤ ਹਥਿਆਰਾਂ ਦੇ 5 ਪ੍ਰਮਾਣੂ ਪ੍ਰੀਖਣ ਲਈ ਪਹਿਲਾਂ 3 ਧਮਾਕੇ ਇਕੱਠੇ ਹੋਏ। ਇਸ ਦੇ ਬਾਅਦ ਤੋਂ ਅਸੀਂ 11 ਮਈ ਨੂੰ ਰਾਸ਼ਟਰੀ ਤਕਨਾਲੋਜੀ ਦਿਵਸ ਦੇ ਰੂਪ ’ਚ ਮਨਾ ਰਹੇ ਹਾਂ।

ਪ੍ਰਧਾਨ ਮੰਤਰੀ ਦੇ ਰੂਪ ’ਚ ਵਾਜਪਾਈ ਜੀ ਨੇ ਇੰਫ੍ਰਾ ਅਪਗ੍ਰੇਡੇਸ਼ਨ, ਬਿਹਤਰ ਸੜਕ ਰੇਲ ਤੇ ਹਵਾਈ ਸੰਪਰਕ ਦੇ ਬਾਰੇ ’ਚ ਵਿਸ਼ੇਸ਼ ਕੰਮ ਕੀਤਾ। ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਏ ਵੱਲੋਂ ਸ਼ੁਰੂ ਉਦਾਰੀਕਰਨ ਦੀ ਭਾਵਨਾ ਦੇ ਅਨੁਸਾਰ ਵੱਡੇ ਸੁਧਾਰਾਂ ਦੀ ਸ਼ੁਰੂਆਤ ਜਾਰੀ ਰੱਖੀ। ਉਨ੍ਹਾਂ ਨੇ 6-14 ਸਾਲ ਦੀ ਉਮਰ ਦੇ ਬੱਚਿਆਂ ਲਈ ਪ੍ਰਾਇਮਰੀ ਸਿੱਖਿਆ ਮੁਫਤ ਕਰਨ ਲਈ ਸਰਵ ਸਿੱਖਿਆ ਅਭਿਆਨ ਸ਼ੁਰੂ ਕਰਨ ਦਾ ਇਤਿਹਾਸਕ ਫੈਸਲਾ ਿਲਆ। ਨਦੀਆਂ ਨੂੰ ਆਪਸ ’ਚ ਜੋੜਨ ਦਾ ਖਾਹਿਸ਼ੀ ਪ੍ਰਾਜੈਕਟ ਵਾਜਪਾਈ ਜੀ ਦਾ ਲੰਬੇ ਸਮੇਂ ਤੋਂ ਸੰਜੋਇਆ ਹੋਇਆ ਸੁਪਨਾ ਸੀ। ਉਨ੍ਹਾਂ ਨੇ ਸੁਨਹਿਰੀ ਚਤੁਰਭੁਜ ਪ੍ਰਾਜੈਕਟ ਅਤੇ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਰਾਹੀਂ ਰੋਡ ਇੰਫ੍ਰਾ ਨੂੰ ਕਾਫੀ ਉਤਸ਼ਾਹਿਤ ਕੀਤਾ, ਜਿਸ ਦੀ ਬਦੌਲਤ ਅੱਜ ਸਾਡੇ ਪਿੰਡ ਸੜਕਾਂ ਨਾਲ ਜੁੜੇ ਹਨ। ਵਾਲਮੀਕਿ-ਅੰਬੇਡਕਰ ਆਵਾਸ ਯੋਜਨਾ ਰਾਹੀਂ ਛੱਤ-ਵਿਹੂਣੇ ਲੋਕਾਂ ਨੂੰ ਪੱਕੇ ਮਕਾਨ ਮੁਹੱਈਆ ਕਰਵਾਏ ਗਏ।

ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸੁਸ਼ਾਸਨ ਰਾਹੀਂ ਵਾਜਪਾਈ ਜੀ ਦੇ ਨਜ਼ਰੀਏ ਨੂੰ ਤਾਰਕਿਕ ਸਿੱਟੇ ’ਤੇ ਲਿਜਾ ਰਹੇ ਹਨ ਤਾਂ ਕਿ ਕੋਈ ਵੀ ਪਿੱਛੇ ਨਾ ਰਹੇ ਤੇ ਆਤਮਨਿਰਭਰ ਭਾਰਤ ਦਾ ਸੁਪਨਾ ਜਲਦ ਤੋਂ ਜਲਦ ਸਾਕਾਰ ਹੋ ਸਕੇ। ਅੱਜ ਦੇਸ਼ ਆਜ਼ਾਦੀ ਦੇ 75 ਸਾਲਾਂ ਨੂੰ ਆਜ਼ਾਦੀ ਦੇ ਅੰਮ੍ਰਿਤ ਕਾਲ ਦੇ ਰੂਪ ’ਚ ਮਨਾ ਰਿਹਾ ਹੈ। ਵਾਜਪਾਈ ਜੀ ਦਾ ‘ਸੁਸ਼ਾਸਨ ਮੰਤਰ’ ਜੋ ਅਖੰਡਤਾ ’ਤੇ ਆਧਾਰਿਤ ਹੈ, ਜਾਤੀ, ਧਰਮ, ਲਿੰਗ, ਵਿਚਾਰਧਾਰਾ ਅਤੇ ਸਮਾਜਿਕ-ਆਰਥਿਕ ਸਥਿਤੀ ਦੀ ਵੰਨ-ਸੁਵੰਨਤਾ ਨਾਲ ਅੱਗੇ ਵਧਦੇ ਹੋਏ ਗਰੀਬ ਪੱਛੜਿਆਂ-ਵਾਂਝਿਆਂ ਤੇ ਅੰਤਿਮ ਕਤਾਰ ’ਚ ਖੜ੍ਹੇ ਵਿਅਕਤੀ ਨੂੰ ਸਮਾਨ ਮੌਕੇ ਮੁਹੱਈਆ ਕਰ ਰਿਹਾ ਹੈ। ਦੇਸ਼ ਅੱਜ ਉਨ੍ਹਾਂ ਦੀ ਜਯੰਤੀ ਨੂੰ ਰਾਸ਼ਟਰੀ ਸੁਸ਼ਾਸਨ ਦਿਵਸ ਦੇ ਰੂਪ ’ਚ ਮਨਾ ਰਿਹਾ ਹੈ।

ਜਨਤਾ, ਨੇਤਾਵਾਂ ਅਤੇ ਨੌਕਰਸ਼ਾਹਾਂ ’ਚ ਦੇਸ਼ ਪ੍ਰਤੀ ਸਮਰਪਣ ਅਤੇ ਸਮਾਜ ਪ੍ਰਤੀ ਸਨਮਾਨ ਹੋਣਾ ਚਾਹੀਦਾ ਹੈ। ਸਾਨੂੰ ਇਸ ਭਾਵਨਾ ਨਾਲ ਕੰਮ ਕਰਨਾ ਚਾਹੀਦਾ ਹੈ ਕਿ ਸਮਾਜ ਦੀ ਭਲਾਈ ’ਚ ਹੀ ਸਾਡੀ ਭਲਾਈ ਹੈ। ਇਸੇ ਭਾਵ ਤੋਂ ਸਾਨੂੰ ਆਪਣੇ ਫਰਜ਼ਾਂ ਨੂੰ ਨਿਭਾਉਣਾ ਚਾਹੀਦਾ ਹੈ। ਇਕ ਮਜ਼ਬੂਤ, ਤੰਦਰੁਸਤ ਅਤੇ ਸਮਾਵੇਸ਼ੀ ਦੇਸ਼ ਦਾ ਨਿਰਮਾਣ ਕਰਨਾ ਹੀ ਵਾਜਪਾਈ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਸਵੱਛ ਸਿਆਸਤ ਅਤੇ ਸਵੱਛ ਪ੍ਰਸ਼ਾਸਨ ਨਾਲ ਹੀ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦਾ ਸੁਪਨਾ ਸਾਕਾਰ ਹੋਵੇਗਾ।

ਪ੍ਰਭਾਤ ਝਾਅ, ਸਾਬਕਾ ਸੰਸਦ ਮੈਂਬਰ ਤੇ ਸਾਬਕਾ ਉੱਪ-ਰਾਸ਼ਟਰੀ ਪ੍ਰਧਾਨ ਭਾਜਪਾ 


author

Tanu

Content Editor

Related News