ਦਿੱਲੀ ਦੀਆਂ ਤਿੰਨ ਜੇਲ੍ਹਾਂ ''ਚ ਬੰਦ ਕੋਈ ਵੀ ਕੈਦੀ ਜਾਂ ਜੇਲ ਕਰਮੀ ਕੋਰੋਨਾ ਨਾਲ ਪੀੜਤ ਨਹੀਂ
Sunday, Jul 11, 2021 - 05:52 PM (IST)

ਨਵੀਂ ਦਿੱਲੀ- ਦਿੱਲੀ ਦੀਆਂ ਤਿੰਨ ਜੇਲ੍ਹਾਂ 'ਚ ਬੰਦ ਕੋਈ ਵੀ ਕੈਦੀ ਅਤੇ ਜੇਲ ਕਰਮੀ ਫਿਲਹਾਲ ਕੋਰੋਨਾ ਵਾਇਰਸ ਨਾਲ ਪੀੜਤ ਨਹੀਂ ਹੈ। ਹਾਲਾਂਕਿ ਜੇਲ੍ਹਾਂ 'ਚ ਕੋਵਿਡ-ਉਪਯੁਕਤ ਰਵੱਈਏ ਦਾ ਪਾਲਣ ਕੀਤਾ ਜਾ ਰਿਹਾ ਹੈ ਅਤੇ ਕੈਦੀਆਂ ਦੇ ਟੀਕਾਕਰਨ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ। ਡਾਇਰੈਕਟਰ ਜਨਰਲ (ਜੇਲ੍ਹ) ਸੰਦੀਪ ਗੋਇਲ ਨੇ ਕਿਹਾ,''ਜੇਲ੍ਹਾਂ 'ਚ ਫਿਲਹਾਲ ਕੋਰੋਨਾ ਵਾਇਰਸ ਸੰਕਰਮਣ ਦਾ ਕੋਈ ਮਾਮਲਾ ਨਹੀਂ ਹੈ ਪਰ ਜੇਲ੍ਹ ਪ੍ਰਸ਼ਾਸਨ ਪੂਰੀ ਸਾਵਧਾਨੀ ਵਰਤ ਰਿਹਾ ਹੈ। ਕੈਦੀਆਂ ਦਰਮਿਆਨ ਸਮਾਜਿਕ ਦੂਰੀ ਸਮੇਤ ਕੋਵਿਡ-ਉਪਯੁਕਤ ਰਵੱਈਏ ਦਾ ਸਖ਼ਤੀ ਨਾਲ ਪਾਲਣ ਕੀਤਾ ਜਾ ਰਿਹਾ ਹੈ। ਨਵੇਂ ਕੈਦੀਆਂ ਨੂੰ ਸ਼ੁਰੂ 'ਚ ਏਕਾਂਤਵਾਸ ਰੱਖਿਆ ਜਾਂਦਾ ਹੈ ਅਤੇ ਬਾਅਦ 'ਚ ਬੈਰਕ 'ਚ ਭੇਜਿਆ ਜਾਂਦਾ ਹੈ।''
ਜੇਲ੍ਹ ਵਿਭਾਗ ਨੇ 18 ਮਾਰਚ ਨੂੰ 45 ਸਾਲ ਤੋਂ ਵੱਧ ਉਮਰ ਵਰਗ ਦੇ ਕੈਦੀਆਂ ਲਈ 18 ਮਈ ਨੂੰ 18-44 ਉਮਰ ਵਰਗ ਦੇ ਕੈਦੀਆਂ ਲਈ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਅੰਕੜਿਆਂ ਅਨੁਸਾਰ, ਤਿਹਾੜ ਜੇਲ੍ਹ 'ਚ ਬੰਦ 45 ਸਾਲ ਤੋਂ ਵੱਧ ਉਮਰ ਦੇ 1212 ਅਤੇ 45 ਸਾਲ ਤੋਂ ਘੱਟ ਉਮਰ ਦੇ 3157 ਕੈਦੀਆਂ ਦਾ ਸ਼ਨੀਵਾਰ ਤੱਕ ਕੋਰੋਨਾ ਰੋਕੂ ਟੀਕਾਕਰਨ ਕੀਤਾ ਗਿਆ ਸੀ। ਉੱਥੇ ਹੀ ਰੋਹਿਣੀ ਜੇਲ੍ਹ 'ਚ 45 ਸਾਲ ਤੋਂ ਵੱਧ ਉਮਰ ਦੇ 132 ਅਤੇ 45 ਸਾਲ ਤੋਂ ਘੱਟ ਉਮਰ ਦੇ 600 ਕੈਦੀਆਂ ਨੂੰ ਟੀਕਾ ਲਗਾਇਆ ਜਾ ਚੁਕਿਆ ਹੈ। ਅੰਕੜੇ ਦੱਸਦੇ ਹਨ ਕਿ ਮੰਡੋਲੀ ਜੇਲ੍ਹ 'ਚ, 45 ਸਾਲ ਤੋਂ ਵੱਧ ਉਮਰ ਦੇ 483 ਅਤੇ 45 ਸਾਲ ਤੋਂ ਘੱਟ ਉਮਰ ਦੇ 1794 ਕੈਦੀਆਂ ਦਾ ਟੀਕਾਕਰਨ ਕੀਤਾ ਜਾ ਚੁਕਿਆ ਹੈ।