ਆਸ਼ਾ ਕੰਡਾਰਾ ਦੀ ਮਿਹਨਤ ਨੂੰ ਪਿਆ ਬੂਰ; ਸੜਕਾਂ ਸਾਫ ਕਰਦੇ ਚਮਕਾਈ ‘ਕਿਸਮਤ’, ਪੜ੍ਹੋ ਸਫ਼ਲਤਾ ਦੇ ਪਿੱਛੇ ਦੀ ਕਹਾਣੀ

Sunday, Jul 18, 2021 - 06:33 PM (IST)

ਆਸ਼ਾ ਕੰਡਾਰਾ ਦੀ ਮਿਹਨਤ ਨੂੰ ਪਿਆ ਬੂਰ; ਸੜਕਾਂ ਸਾਫ ਕਰਦੇ ਚਮਕਾਈ ‘ਕਿਸਮਤ’, ਪੜ੍ਹੋ ਸਫ਼ਲਤਾ ਦੇ ਪਿੱਛੇ ਦੀ ਕਹਾਣੀ

ਨਵੀਂ ਦਿੱਲੀ— ਆਸ਼ਾ ਕੰਡਾਰਾ ਦਾ ਨਾਂ ਹੁਣ ਦੇਸ਼ ਭਰ ਵਿਚ ਪ੍ਰਸਿੱਧ ਹੋ ਚੁੱਕਾ ਹੈ। ਆਸ਼ਾ ਨੇ ਸਫਾਈ ਕਰਮੀ ਦੇ ਰੂਪ ਵਿਚ ਜੋਧਪੁਰ ਦੀਆਂ ਸੜਕਾਂ ਸਾਫ ਕਰਦੇ-ਕਰਦੇ ਆਪਣੀ ਕਿਸਮਤ ’ਤੇ ਜਮੀ ਧੂੜ ਵੀ ਝਾੜ ਦਿੱਤੀ। ਉਨ੍ਹਾਂ ਦੀ ਕਹਾਣੀ ਬਿਲਕੁਲ ਨਾਟਕੀ ਹੈ, ਜਿਨ੍ਹਾਂ ਨੇ ਰਾਜਸਥਾਨ ਪ੍ਰਸ਼ਾਸਨਿਕ ਸੇਵਾ (ਆਰ. ਏ. ਐੱਸ.) ਦਾ ਇਮਤਿਹਾਨ ਪਾਸ ਕਰ ਕੇ ਸਾਬਤ ਕਰ ਦਿੱਤਾ ਕਿ ਇਨਸਾਨ ਦੇ ਹੌਂਸਲੇ ਬੁਲੰਦ ਹੋਣ ਤਾਂ ਉਸ ਲਈ ਕੁਝ ਵੀ ਕਰਨਾ ਅਸੰਭਵ ਨਹੀਂ ਹੈ। ਪਿਛਲੇ 4-5 ਦਿਨ ਤੋਂ ਆਸ਼ਾ ਕੰਡਾਰਾ ਦਾ ਨਾਂ ਸੁਰਖੀਆਂ ਵਿਚ ਹੈ। ਇਹ ਇਸ ਲਈ ਨਹੀਂ ਕਿ ਉਹ ਜੋਧਪੁਰ ਨਗਰ ਨਿਗਮ ਦੀ ਸਫਾਈ ਕਰਮੀ ਹੈ, ਸਗੋਂ ਇਸ ਲਈ ਕਿ ਉਨ੍ਹਾਂ ਨੇ ਜੋਧਪੁਰ ਦੀਆਂ ਸੜਕਾਂ ਨੂੰ ਸਾਫ ਕਰਦੇ-ਕਰਦੇ ਆਪਣੀ ਕਿਸਮਤ ਨੂੰ ਵੀ ਚਮਕਾਉਣ ਦਾ ਕੰਮ ਕੀਤਾ ਹੈ।

ਇਹ ਵੀ ਪੜ੍ਹੋ: ਬੇਸਹਾਰਾ ਜਾਨਵਰਾਂ ਦਾ ਸਹਾਰਾ ਬਣੀ ਫ਼ੌਜ ਦੀ ਸੇਵਾ ਮੁਕਤ ਅਧਿਕਾਰੀ ਪ੍ਰਮਿਲਾ ਸਿੰਘ, PM ਮੋਦੀ ਨੇ ਕੀਤੀ ਤਾਰੀਫ਼

ਲੋਕਾਂ ਦੇ ਤਾਅਨਿਆ ਨੇ ਬਦਲੀ ਆਸ਼ਾ ਦੀ ਜ਼ਿੰਦਗੀ—
ਆਸ਼ਾ ਨੇ ਆਰ. ਏ. ਐੱਸ. ਇਮਤਿਹਾਨ ਪਾਸ ਕਰ ਕੇ ਆਪਣੇ ਹੁਨਰ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਸਫਾਈ ਕਰਮੀ ਦੇ ਤੌਰ ’ਤੇ ਮਿਹਨਤ ਅਤੇ ਈਮਾਨਦਾਰੀ ਨਾਲ ਕੰਮ ਕਰਨ ਵਾਲੀ ਆਸ਼ਾ ਹੁਣ ਪ੍ਰਸ਼ਾਸਨਿਕ ਅਧਿਕਾਰੀ ਦੇ ਤੌਰ ’ਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਏਗੀ। ਆਪਣੀ ਇਸ ਸਫ਼ਲਤਾ ਬਾਰੇ ਆਸ਼ਾ ਦੱਸ ਦੱਸਦੀ ਹੈ ਕਿ ਲੋਕਾਂ ਦੇ ਤਾਅਨਿਆ ਨੇ ਉਸ ਦੀ ਜ਼ਿੰਦਗੀ ਨੂੰ ਬਦਲਣ ਅਤੇ ਕੁਝ ਕਰਨ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਆਪਣੇ ਹੱਕ ਦੀ ਗੱਲ ਕਰਦੀ ਸੀ ਤਾਂ ਉਨ੍ਹਾਂ ਨੂੰ ਇਹ ਕਹਿ ਦਿੱਤਾ ਜਾਂਦਾ ਸੀ, ਕਲੈਕਟਰ ਹੈ ਕੀ, ਤੁਹਾਡੇ ਬਾਪ-ਦਾਦਾ ਕਲੈਕਟਰ ਹਨ ਕੀ? ਜੋ ਹੋ ਉਹ ਹੀ ਰਹੋ? ਆਸ਼ਾ ਮੁੁਤਾਬਕ ਜੇਕਰ ਸਿੱਖਿਆ ਦੀ ਰੌਸ਼ਨੀ ਸਾਡੇ ਨਾਲ ਹੈ, ਤਾਂ ਇਕ ਇਨਸਾਨ ਕਿਸਮਤ ਅਤੇ ਹਾਲਾਤ ਦੇ ਵੱਡੇ ਤੋਂ ਵੱਡੇ ਹਨ੍ਹੇਰੇ ਨੂੰ ਦੂਰ ਕਰ ਸਕਦਾ ਹੈ।

ਇਹ ਵੀ ਪੜ੍ਹੋ: ਮੋਹਲੇਧਾਰ ਮੀਂਹ ਕਾਰਨ ਮੁੰਬਈ ਬੇਹਾਲ, ਸੜਕਾਂ ਤੋਂ ਲੈ ਕੇ ਰੇਲਵੇ ਟਰੈੱਕ ਤੱਕ ਪਾਣੀ ’ਚ ਡੁੱਬੇ (ਤਸਵੀਰਾਂ)

ਆਸ਼ਾ ਦੀ ਕਹਾਣੀ ਬਹੁਤ ਦਿਲਚਸਪ ਹੈ—
ਰਾਜਸਥਾਨ ਪ੍ਰਸ਼ਾਸਨਿਕ ਸੇਵਾ ਦਾ ਸਖਤ ਇਮਤਿਹਾਨ ਪਾਸ ਕਰਨ ਵਾਲੀ ਆਸ਼ਾ ਦੀ ਕਹਾਣੀ ਬਹੁਤ ਦਿਲਚਸਪ ਹੈ। ਆਸ਼ਾ ਆਪਣੇ ਅਤੀਤ ਬਾਰੇ ਜ਼ਿਆਦਾ ਗੱਲ ਨਹੀਂ ਕਰਨਾ ਚਾਹੁੰਦੀ ਪਰ ਦੱਸਦੀ ਹੈ ਕਿ 1997 ਵਿਚ ਸਿਰਫ਼ 16 ਸਾਲ ਦੀ ਉਮਰ ਵਿਚ ਉਸ ਦਾ ਵਿਆਹ ਹੋ ਗਿਆ ਸੀ। ਵਿਆਹ ਸਿਰਫ 5 ਸਾਲ ਹੀ ਟਿਕਿਆ। ਉਸ ਦਾ ਪਤੀ ਦੋ ਬੱਚੇ ਅਤੇ ਜ਼ਮਾਨੇ ਭਰ ਦੀਆਂ ਜ਼ਿੰਮੇਵਾਰੀਆਂ ਉਸ ਹਵਾਲੇ ਕਰ ਕੇ 2002 ’ਚ ਉਸ ਨੂੰ ਛੱਡ ਕੇ ਚਲਾ ਗਿਆ। ਆਸ਼ਾ ਨੂੰ ਇਸ ਸਦਮੇ ’ਚੋਂ ਨਿਕਲਣ ਲਈ ਲੰਬਾ ਸਮਾਂ ਲੱਗਾ। ਆਪਣੇ ਬੱਚਿਆਂ ਨੂੰ ਬਿਹਤਰ ਇਨਸਾਨ ਬਣਾਉਣ ਲਈ ਉਸ ਦਾ ਖ਼ੁਦ ਦਾ ਇਕ ਮਜ਼ਬੂਤ ਅਤੇ ਬਿਹਤਰ ਇਨਸਾਨ ਬਣਨਾ ਜ਼ਰੂਰੀ ਸੀ। ਲਿਹਾਜ਼ਾ ਆਸ਼ਾ ਨੇ ਪੜ੍ਹਾਈ ਦਾ ਰਾਹ ਚੁਣਿਆ। 

ਇਹ ਵੀ ਪੜ੍ਹੋ: ਮੁੰਬਈ ’ਚ ਮੋਹਲੇਧਾਰ ਮੀਂਹ ਬਣਿਆ ਆਫ਼ਤ, 25 ਲੋਕਾਂ ਦੀ ਮੌਤ

ਆਸ਼ਾ ਨੇ ਪੜ੍ਹਾਈ ਕਰ ਇਮਤਿਹਾਨ ਨੂੰ ਕੀਤਾ ਪਾਸ—
ਇਸ ਮੁਸ਼ਕਲ ਸਮੇਂ ਵਿਚ ਪਿਤਾ ਨੇ ਆਸ਼ਾ ਦਾ ਸਾਥ ਦਿੱਤਾ ਅਤੇ ਉਹ 2016 ਵਿਚ ਗਰੈਜੂਏਸ਼ਨ ਪੱਧਰ ਦੀ ਪੜ੍ਹਾਈ ਕਰਨ ’ਚ ਸਫ਼ਲ ਰਹੀ। ਪੜ੍ਹਾਈ ਮਗਰੋਂ ਨੌਕਰੀ ਦਾ ਸਵਾਲ ਆ ਖ਼ੜ੍ਹਾ ਹੋਇਆ ਤਾਂ ਜੋਧਪੁਰ ਨਗਰ ਨਿਗਮ ਵਿਚ ਸਵੀਪਰ ਦੀ ਨੌਕਰੀ ਲਈ ਹੋਏ ਇਮਤਿਹਾਨ ਵਿਚ ਬੈਠ ਗਈ ਅਤੇ ਪਾਸ ਵੀ ਹੋ ਗਈ। ਇਮਤਿਹਾਨ ਦੀ ਤਿਆਰੀ ਦੌਰਾਨ ਹੀ ਉਸ ਨੂੰ ਲੱਗਾ ਕਿ ਜੇਕਰ ਥੋੜ੍ਹੀ ਹੋਰ ਮਿਹਨਤ ਕਰੇ ਤਾਂ ਰਾਜਸਥਾਨ ਪ੍ਰਸ਼ਾਸਨਿਕ ਸੇਵਾ ਲਈ ਵੀ ਕਿਸਮਤ ਅਜ਼ਮਾ ਸਕਦੀ ਹੈ। ਕਿਸਮਤ ਉਨ੍ਹਾਂ ’ਤੇ ਮਿਹਰਬਾਨ ਸੀ ਅਤੇ ਸਾਲ 2018 ਵਿਚ ਉਹ ਆਰ. ਏ. ਐੱਸ. ਦਾ ਸ਼ੁਰੂਆਤ ਇਮਤਿਹਾਨ ਪਾਸ ਕਰਨ ਵਿਚ ਸਫ਼ਲ ਰਹੀ। ਇਸ ਮੁਸ਼ਕਲ ਇਮਤਿਹਾਨ ਨੂੰ ਪਾਸ ਕਰਨ ਮਗਰੋਂ ਆਸ਼ਾ ਨੂੰ ਲੱਗਾ ਕਿ ਕਿਸਮਤ ਨੂੰ ਇਕ ਵਾਰ ਫਿਰ ਅਜਮਾਇਆ ਜਾਵੇ ਅਤੇ ਉਨ੍ਹਾਂ ਨੇ ਫਾਈਨਲ ਇਮਤਿਹਾਨ ਪਾਸ ਕਰਨ ਲਈ ਦਿਨ-ਰਾਤ ਇਕ ਕਰ ਦਿੱਤੀ। ਉਹ ਜਾਣਦੀ ਸੀ ਕਿ ਇਹ ਇਕ ਇਮਤਿਹਾਨ ਉਨ੍ਹਾਂ ਦਾ, ਉਨ੍ਹਾਂ ਦੇ ਮਾਪਿਆਂ ਅਤੇ ਬੱਚਿਆਂ ਦੀ ਜ਼ਿੰਦਗੀ ਬਦਲ ਸਕਦੀ ਹੈ। 

ਇਹ ਵੀ ਪੜ੍ਹੋ: ਮੁੰਬਈ ’ਚ ਮੀਂਹ ਦਾ ਕਹਿਰ; PM ਮੋਦੀ ਨੇ ਜਤਾਇਆ ਦੁੱਖ, ਮਿ੍ਰਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਦੇਣ ਦਾ ਐਲਾਨ

ਇੰਝ ਚਮਕਾ ਲਈ ਕਿਸਮਤ—
ਆਸ਼ਾ ਨੇ ਫਿਰ ਪਿੱਛੇ ਮੁੜ ਨੇ ਨਹੀਂ ਵੇਖਿਆ। ਉਨ੍ਹਾਂ ਨੇ ਸਵੇਰੇ 6 ਵਜੇ ਤੋਂ 2 ਵਜੇ ਤੱਕ ਦੀ ਡਿਊਟੀ ਲਈ ਅਤੇ ਉਸ ਤੋਂ ਬਾਅਦ ਜੀਅ ਤੋੜ ਮਿਹਨਤ ਕਰਨ ਲੱਗੀ। ਆਸ਼ਾ ਨੇ ਜੂਨ 2019 ਵਿਚ ਮੁੱਖ ਪ੍ਰੀਖਿਆ ਦਿੱਤੀ ਅਤੇ ਉਸ ਤੋਂ ਬਾਅਦ ਨਤੀਜੇ ਦੀ ਉਡੀਕ ਕਰਦੀ ਰਹੀ ਪਰ ਉਨ੍ਹਾਂ ਦੀ ਉਡੀਕ ਦੀਆਂ ਘੜੀਆਂ ਲੰਬੀਆਂ ਹੁੰਦੀਆਂ ਰਹੀਆਂ। ਇਸ ਦੌਰਾਨ ਉਹ ਸਫਾਈ ਕਰਮੀ ਦੇ ਤੌਰ ’ਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਰਹੀ। ਇਸ ਹਫ਼ਤੇ ਨਤੀਜਾ ਆਇਆ ਤਾਂ ਪਤਾ ਲੱਗਾ ਕਿ ਆਸ਼ਾ ਨੇ ਜੋਧਪੁਰ ਦੀਆਂ ਗਲੀਆਂ ਸਾਫ ਕਰਦੇ-ਕਰਦੇ ਆਪਣੀ ਕਿਸਮਤ ਵੀ ਚਮਕਾ ਲਈ ਹੈ। ਆਸ਼ਾ ਦਾ ਕਹਿਣਾ ਹੈ ਕਿ ਆਪਣੇ ਪਰਿਵਾਰ ਦੇ ਆਸ਼ੀਰਵਾਦ ਅਤੇ ਆਪਣੀ ਮਿਹਨਤ ਸਦਕਾ ਅੱਜ ਉਹ ਇਸ ਮੁਕਾਮ ’ਤੇ ਪਹੁੰਚ ਗਈ ਹੈ ਕਿ ਦੱਬੇ-ਕੁਚਲੇ ਅਤੇ ਅਨਿਆਂ ਪੀੜਤ ਲੋਕਾਂ ਲਈ ਕੁਝ ਕਰ ਸਕਦੀ ਹੈ।


author

Tanu

Content Editor

Related News