ਅੰਬੇਡਕਰ ਵਿਵਾਦ ''ਤੇ ਕੇਜਰੀਵਾਲ ਨੇ ਨਿਤੀਸ਼ ਅਤੇ ਚੰਦਰਬਾਬੂ ਨੂੰ ਲਿਖੀ ਚਿੱਠੀ
Thursday, Dec 19, 2024 - 03:12 PM (IST)
ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਸਦ 'ਚ ਡਾ. ਅੰਬੇਡਕਰ ਬਾਰੇ ਕੀਤੀ ਅਪਮਾਨਜਨਕ ਟਿੱਪਣੀ ਨੂੰ ਲੈ ਕੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੂੰ ਚਿੱਠੀ ਲਿਖੀ ਹੈ। ਕੇਜਰੀਵਾਲ ਨੇ ਸ਼੍ਰੀ ਕੁਮਾਰ ਅਤੇ ਸ਼੍ਰੀ ਨਾਇਡੂ ਨੂੰ ਵੀਰਵਾਰ ਨੂੰ ਲਿਖੀ ਚਿੱਠੀ 'ਚ ਕਿਹਾ ਹੈ ਕਿ ਮੈਂ ਤੁਹਾਨੂੰ ਇਹ ਚਿੱਠੀ ਇਕ ਬਹੁਤ ਹੀ ਮਹੱਤਵਪੂਰਨ ਵਿਸ਼ੇ 'ਤੇ ਲਿਖ ਰਿਹਾ ਹਾਂ, ਜੋ ਨਾ ਸਿਰਫ ਸਾਡੇ ਸੰਵਿਧਾਨ ਨਾਲ ਸਬੰਧਤ ਹੈ, ਸਗੋਂ ਬਾਬਾ ਸਾਹਿਬ ਅੰਬੇਡਕਰ ਦੀ ਸਾਖ ਨਾਲ ਵੀ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਹੈ ਕਿ ਹਾਲ ਹੀ 'ਚ ਸੰਸਦ 'ਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਦਾ ਨਾਂ ਲੈ ਕੇ ਕੀਤੀ ਗਈ ਟਿੱਪਣੀ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਦਾ ਇਹ ਬਿਆਨ ਕਿ 'ਅੰਬੇਡਕਰ-ਅੰਬੇਡਕਰ ਕਹਿਣਾ ਅੱਜ-ਕੱਲ੍ਹ ਫੈਸ਼ਨ ਬਣ ਗਿਆ ਹੈ' ਨਾ ਸਿਰਫ਼ ਅਪਮਾਨਜਨਕ ਹੈ ਸਗੋਂ ਬਾਬਾ ਸਾਹਿਬ ਅਤੇ ਸਾਡੇ ਸੰਵਿਧਾਨ ਪ੍ਰਤੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੋਚ ਨੂੰ ਵੀ ਉਜਾਗਰ ਕਰਦਾ ਹੈ।
'ਆਪ' ਆਗੂ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ, ਜਿਨ੍ਹਾਂ ਨੂੰ ਕੋਲੰਬੀਆ ਯੂਨੀਵਰਸਿਟੀ ਨੇ 'ਡਾਕਟਰ ਆਫ਼ ਲਾਅ' ਨਾਲ ਸਨਮਾਨਤ ਕੀਤਾ ਸੀ, ਜਿਨ੍ਹਾਂ ਨੇ ਭਾਰਤ ਦੇ ਸੰਵਿਧਾਨ ਨੂੰ ਰਚਿਆ ਅਤੇ ਸਮਾਜ ਦੇ ਸਭ ਤੋਂ ਵਾਂਝੇ ਵਰਗਾਂ ਨੂੰ ਅਧਿਕਾਰ ਦਿਵਾਉਣ ਦਾ ਸੁਫ਼ਨਾ ਦੇਖਿਆ, ਉਨ੍ਹਾਂ ਬਾਰੇ ਅਜਿਹਾ ਕਹਿਣ ਦਾ ਸਾਹਸ ਆਖ਼ਰ ਭਾਜਪਾ ਨੇ ਕਿਵੇਂ ਕੀਤਾ? ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਭਰ 'ਚ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਹ ਬਿਆਨ ਦੇਣ ਤੋਂ ਬਾਅਦ ਸ਼੍ਰੀ ਸ਼ਾਹ ਨੇ ਮੁਆਫ਼ੀ ਮੰਗਣ ਦੀ ਬਜਾਏ ਆਪਣੇ ਬਿਆਨ ਨੂੰ ਉੱਚਿਤ ਠਹਿਰਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਕ ਰੂਪ ਨਾਲ ਸ਼੍ਰੀ ਸ਼ਾਹ ਦੇ ਬਿਆਨ ਦਾ ਸਮਰਥਨ ਕੀਤਾ। ਇਸ ਨੇ ਸੜੇ 'ਤੇ ਲੂਣ ਛਿੜਕਣ ਦਾ ਕੰਮ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਲੱਗਣ ਲੱਗਾ ਹੈ ਕਿ ਬਾਬਾ ਸਾਹਿਬ ਨੂੰ ਚਾਹੁਣ ਵਾਲੇ ਹੁਣ ਭਾਜਪਾ ਦਾ ਸਮਰਥਨ ਨਹੀਂ ਕਰ ਸਕਦੇ। ਬਾਬਾ ਸਾਹਿਬ ਸਿਰਫ਼ ਇਕ ਨੇਤਾ ਨਹੀਂ ਸਗੋਂ ਸਾਡੇ ਦੇਸ਼ ਦੀ ਆਤਮਾ ਹਨ। ਭਾਜਪਾ ਦੇ ਇਸ ਬਿਆਨ ਤੋਂ ਬਾਅਦ ਲੋਕ ਚਾਹੁੰਦੇ ਹਨ ਕਿ ਇਸ ਮੁੱਦੇ 'ਤੇ ਵੀ ਡੂੰਘਾਈ ਨਾਲ ਵਿਚਾਰ ਕਰੋ।
ਅਮਿਤ ਸ਼ਾਹ ਨੇ ਕੀ ਕਿਹਾ ਸੀ?
ਅਮਿਤ ਸ਼ਾਹ ਨੇ ਮੰਗਲਵਾਰ ਨੂੰ ਸੰਵਿਧਾਨ ਦੇ 75 ਸਾਲ ਪੂਰੇ ਹੋਣ 'ਤੇ ਬਹਿਸ ਦੌਰਾਨ ਸਦਨ ਨੂੰ ਸੰਬੋਧਨ ਕੀਤਾ। ਇਸ ਦੌਰਾਨ ਅਮਿਤ ਸ਼ਾਹ ਨੇ ਕਿਹਾ ਸੀ ਕਿ ਬੀ. ਆਰ. ਅੰਬੇਡਕਰ ਦਾ ਨਾਂ ਲੈਣਾ ਹੁਣ ‘ਫੈਸ਼ਨ’ ਬਣ ਗਿਆ ਹੈ। ਹੁਣ ਇਹ ਇਕ ਫੈਸ਼ਨ ਬਣ ਗਿਆ ਹੈ- ਅੰਬੇਡਕਰ, ਅੰਬੇਡਕਰ, ਅੰਬੇਡਕਰ, ਅੰਬੇਡਕਰ, ਅੰਬੇਡਕਰ। ਜੇ ਤੁਸੀਂ ਰੱਬ ਦਾ ਇੰਨਾ ਨਾਮ ਲੈ ਲਿਆ ਹੁੰਦਾ, ਤਾਂ ਸੱਤ ਜਨਮਾਂ ਲਈ ਸਵਰਗ ਮਿਲ ਜਾਣਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8