ਧਾਰਾ-370 'ਤੇ CJI ਨੇ ਲਗਾਈ ਫਟਕਾਰ, ਪਟੀਸ਼ਨਕਰਤਾ ਨੂੰ ਬੋਲੇ- ਇਹ ਕਿਸ ਤਰ੍ਹਾਂ ਦੀ ਪਟੀਸ਼ਨ

Friday, Aug 16, 2019 - 10:58 AM (IST)

ਧਾਰਾ-370 'ਤੇ CJI ਨੇ ਲਗਾਈ ਫਟਕਾਰ, ਪਟੀਸ਼ਨਕਰਤਾ ਨੂੰ ਬੋਲੇ- ਇਹ ਕਿਸ ਤਰ੍ਹਾਂ ਦੀ ਪਟੀਸ਼ਨ

ਨਵੀਂ ਦਿੱਲੀ— ਜੰਮੂ-ਕਸ਼ਮੀਰ 'ਚ ਧਾਰਾ-370 ਖਤਮ ਕਰਨ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਚੀਫ ਜਸਟਿਸ ਨੇ ਪਟੀਸ਼ਨਕਰਤਾ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਬਿਨਾਂ ਜਾਣਕਾਰੀ ਦੀ ਪੁਸ਼ਟੀ ਕੀਤੇ, ਕੁਝ ਸੂਚਨਾਵਾਂ ਦੇ ਆਧਾਰ 'ਤੇ ਪਟੀਸ਼ਨ ਦਾਇਰ ਕੀਤੀ ਗਈ ਹੈ। ਹਾਲਾਂਕਿ ਕੋਰਟ ਨੇ ਪਟੀਸ਼ਨ ਖਾਰਜ ਨਹੀਂ ਕੀਤੀ ਅਤੇ ਹਾ ਕਿ ਇਸ ਮਾਮਲੇ 'ਚ ਕਈ ਹੋਰ ਪਟੀਸ਼ਨਾਂ ਦਾਇਰ ਹਨ। ਸੁਪਰੀਮ ਕੋਰਟ ਨੇ ਮੀਡੀਆ 'ਤੇ ਬੈਨ ਹਟਾਉਣ ਸੰਬੰਧੀ ਪਟੀਸ਼ਨ 'ਤੇ ਇਕ ਵਾਰ ਫਿਰ ਕਿਹਾ ਕਿ ਪ੍ਰਦੇਸ਼ ਦੇ ਹਾਲਤ ਸਥਿਰ ਕਰਨ ਲਈ ਸਰਕਾਰ ਨੂੰ ਕੁਝ ਹੋਰ ਸਮਾਂ ਮਿਲਣਾ ਚਾਹੀਦਾ। ਸਾਲਿਸੀਟਰ ਜਨਰਲ ਤੂਸ਼ਾਰ ਮੇਹਤਾ ਨੇ ਕਿਹਾ ਕਿ ਸੁਰੱਖਿਆ ਏਜੰਸੀਆਂ ਹਰ ਦਿਨ ਹਾਲਾਤ ਬਿਹਤਰ ਕਰਨ ਦੀ ਕੋਸ਼ਿਸ਼ 'ਚ ਹਨ।

ਪਟੀਸ਼ਨਕਰਤਾ ਐੱਮ.ਐੱਲ. ਸ਼ਰਮਾ ਨੂੰ ਫਟਕਾਰ ਲਗਾਉਂਦੇ ਹੋਏ ਚੀਫ ਜਸਟਿਸ ਨੇ ਕਿਹਾ,''ਮਿਸਟਰ ਸ਼ਰਮਾ! ਇਹ ਕਿਸ ਤਰ੍ਹਾਂ ਦੀ ਪਟੀਸ਼ਨ ਹੈ? ਕੀ ਅਜਿਹੀ ਪਟੀਸ਼ਨ ਦਾਇਰ ਕੀਤੀ ਜਾਂਦੀ ਹੈ। ਤੁਸੀਂ ਕਹਿਣਾ ਕੀ ਚਾਹੁੰਦੇ ਹੋ ਕੁਝ ਨਹੀਂ ਪਤਾ।'' ਇਸ ਦੇ ਜਵਾਬ 'ਚ ਪਟੀਸ਼ਨਕਰਤਾ ਨੇ ਕਿਹਾ ਕਿ ਉਹ ਐਡੀਸ਼ਨਲ ਐਫੀਡੇਵਿਟ ਫਾਈਲ ਕਰ ਦੇਣਗੇ।

ਚੀਫ ਜਸਟਿਸ ਨੇ ਸਹੀ ਤਰੀਕੇ ਨੇ ਪਟੀਸ਼ਨ ਫਾਈਲ ਨਹੀਂ ਕਰਨ 'ਤੇ ਸਖਤੀ ਦਿਖਾਈ। ਉਨ੍ਹਾਂ ਨੇ ਕਿਹਾ,''ਤੁਸੀਂ 4 ਸੂਚਨਾਵਾਂ ਲਈਆਂ ਅਤੇ ਪਟੀਸ਼ਨ ਦਾਇਰ ਕਰ ਦਿੱਤੀ। ਨਾ ਫੈਕਟ ਹਨ ਨਾ ਜਾਣਕਾਰੀ। ਇੰਨੇ ਗੰਭੀਰ ਮਾਮਲੇ 'ਤੇ ਇਹ ਬਕਵਾਸ ਪਟੀਸ਼ਨ ਕਿਵੇਂ ਦਾਇਰ ਕਰ ਸਕਦੇ ਹੋ।'' ਹਾਲਾਂਕਿ ਇਸ ਦੇ ਜਵਾਬ 'ਚ ਪਟੀਸ਼ਨਕਰਤਾ ਨੇ ਕਿਹਾ ਕਿ 2 ਦਿਨਾਂ 'ਚ ਪਟੀਸ਼ਨ 'ਚ ਸੋਧ ਫਾਈਲ ਕਰ ਦੇਵਾਂਗਾ। ਇਸ 'ਤੇ ਸੀ.ਜੇ.ਆਈ. ਨੇ ਕਿਹਾ ਕਿ ਇਹ ਪਟੀਸ਼ਨ ਅਜਿਹੀ ਨਹੀਂ ਹੈ ਕਿ ਇਸ 'ਤੇ ਸੁਣਵਾਈ ਕੀਤੀ ਜਾਵੇ।

ਹਾਲਾਂਕਿ ਸੁਪਰੀਮ ਕੋਰਟ ਨੇ ਕਿਹਾ,''ਤੁਹਾਡੀ ਪਟੀਸ਼ਨ ਅਸੀਂ ਖਾਰਜ ਕਰ ਦਿੰਦੇ ਪਰ ਅਜਿਹਾ ਕਰਨ ਨਾਲ ਇਸ ਮਾਮਲੇ 'ਚ ਦਾਇਰ ਕਈ ਹੋਰ ਪਟੀਸ਼ਨਾਂ 'ਤੇ ਅਸਰ ਪਵੇਗਾ।'' ਧਾਰਾ-370 'ਤੇ ਦਾਇਰ ਪਟੀਸ਼ਨਾਂ ਬਾਰੇ ਸੁਪਰੀਮ ਕੋਰਟ ਨੇ ਰਜਿਸਟਰਾਰ ਤੋਂ ਪੁੱਛਿਆ ਕਿ ਕੁੱਲ ਕਿੰਨੀਆਂ ਪਟੀਸ਼ਨਾਂ ਫਾਈਲ ਕੀਤੀਆਂ ਗਈਆਂ ਹਨ। ਰਜਿਸਟਰਾਰ ਨੇ ਦੱਸਿਆ ਕਿ ਕੁੱਲ 6 ਪਟੀਸ਼ਨਾਂ ਹਨ ਪਰ ਉਨ੍ਹਾਂ 'ਚੋਂ 4 'ਚ ਕੁਝ ਨਾ ਕੁਝ ਕਮੀ ਹੈ। ਸੀ.ਜੇ.ਆਈ. ਨੇ ਕਿਹਾ ਕਿ ਪਟੀਸ਼ਨਾਂ ਦੀਆਂ ਕਮੀਆਂ ਨੂੰ ਦੂਰ ਹੋਣ ਤੋਂ ਬਾਅਦ ਹੀ ਸੁਣਵਾਈ ਹੋਵੇਗੀ।


author

DIsha

Content Editor

Related News