ਬ੍ਰਾਹਮਣ ਸਮਾਜ ''ਤੇ ਟਿੱਪਣੀ ਕਰਨੀ ਅਨੁਰਾਗ ਕਸ਼ਯਪ ਨੂੰ ਪਈ ਮਹਿੰਗੀ, ਸੂਰਤ ਅਦਾਲਤ ਵੱਲੋਂ ਕੇਸ ਦਰਜ ਕਰਨ ਦਾ ਹੁਕਮ
Sunday, May 17, 2026 - 02:28 AM (IST)
ਸੂਰਤ : ਗੁਜਰਾਤ ਦੀ ਇੱਕ ਅਦਾਲਤ ਨੇ ਫਿਲਮ ਨਿਰਮਾਤਾ ਅਤੇ ਅਦਾਕਾਰ ਅਨੁਰਾਗ ਕਸ਼ਯਪ ਵਿਰੁੱਧ ਬ੍ਰਾਹਮਣ ਭਾਈਚਾਰੇ 'ਤੇ ਕਥਿਤ ਤੌਰ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ਵਿੱਚ ਅਪਰਾਧਿਕ ਕੇਸ ਦਰਜ ਕਰਨ ਦਾ ਆਦੇਸ਼ ਦਿੱਤਾ ਹੈ। ਅਦਾਲਤ ਨੇ ਇਹ ਫੈਸਲਾ ਸੋਸ਼ਲ ਮੀਡੀਆ 'ਤੇ ਕੀਤੀ ਗਈ ਇੱਕ ਪੋਸਟ ਦੇ ਸਬੰਧ ਵਿੱਚ ਦਾਇਰ ਨਿੱਜੀ ਸ਼ਿਕਾਇਤ 'ਤੇ ਸੁਣਵਾਈ ਕਰਦਿਆਂ ਲਿਆ ਹੈ।
ਕੀ ਹੈ ਪੂਰਾ ਮਾਮਲਾ?
ਜੁਡੀਸ਼ੀਅਲ ਮੈਜਿਸਟਰੇਟ ਫਰਸਟ ਕਲਾਸ ਦੀ ਅਦਾਲਤ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਅਤੇ ਵਕੀਲ ਕਮਲੇਸ਼ ਰਾਵਲ ਦੀ ਸ਼ਿਕਾਇਤ ਨੂੰ ਅੰਸ਼ਕ ਰੂਪ ਵਿੱਚ ਸਵੀਕਾਰ ਕਰਦਿਆਂ ਪੁਲਸ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਸ਼ਿਕਾਇਤ ਅਨੁਸਾਰ, ਅਨੁਰਾਗ ਕਸ਼ਯਪ ਨੇ ਸੋਸ਼ਲ ਮੀਡੀਆ ਮੰਚ 'X' (ਪਹਿਲਾਂ ਟਵਿੱਟਰ) 'ਤੇ ਬ੍ਰਾਹਮਣ ਸਮਾਜ ਬਾਰੇ ਅਪਮਾਨਜਨਕ ਸ਼ਬਦ ਵਰਤੇ ਸਨ, ਜਿਸ ਨਾਲ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ। ਅਦਾਲਤ ਨੇ ਮੰਨਿਆ ਕਿ ਪਹਿਲੀ ਨਜ਼ਰੇ ਇਹ ਪ੍ਰਤੀਤ ਹੁੰਦਾ ਹੈ ਕਿ ਮੁਲਜ਼ਮ ਦੀ ਪੋਸਟ ਨੂੰ ਇਸ ਤਰ੍ਹਾਂ ਪ੍ਰਚਾਰਿਆ ਗਿਆ, ਜਿਸ ਨਾਲ ਇਕ ਵਿਸ਼ੇਸ਼ ਭਾਈਚਾਰੇ ਦੀ ਮਾਣਹਾਨੀ ਹੋਈ ਅਤੇ ਸਮਾਜਿਕ ਸਦਭਾਵਨਾ ਵਿਗੜਨ ਦਾ ਖਤਰਾ ਪੈਦਾ ਹੋਇਆ।
ਇਹ ਵੀ ਪੜ੍ਹੋ : NEET ਪੇਪਰ ਲੀਕ ਵਿਵਾਦ ਵਿਚਾਲੇ NTA 'ਚ ਹੋਇਆ ਵੱਡਾ ਫੇਰਬਦਲ, 4 ਸੀਨੀਅਰ ਅਧਿਕਾਰੀ ਨਿਯੁਕਤ
ਇਨ੍ਹਾਂ ਧਾਰਾਵਾਂ ਤਹਿਤ ਦਰਜ ਹੋਵੇਗਾ ਕੇਸ
ਅਦਾਲਤ ਨੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਹੇਠ ਲਿਖੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦਾ ਹੁਕਮ ਦਿੱਤਾ ਹੈ:
ਧਾਰਾ 196: ਵੱਖ-ਵੱਖ ਸਮੂਹਾਂ ਵਿਚਕਾਰ ਵੈਰ-ਵਿਰੋਧ ਫੈਲਾਉਣਾ।
ਧਾਰਾ 352: ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਜਾਣਬੁੱਝ ਕੇ ਅਪਮਾਨ ਕਰਨਾ।
ਧਾਰਾ 353(2): ਝੂਠੀ ਜਾਣਕਾਰੀ ਫੈਲਾਉਣਾ।
ਵਿਵਾਦ ਦੀ ਸ਼ੁਰੂਆਤ
ਸ਼ਿਕਾਇਤਕਰਤਾ ਮੁਤਾਬਕ ਇਹ ਵਿਵਾਦ ਪਿਛਲੇ ਸਾਲ 16 ਅਪ੍ਰੈਲ ਨੂੰ ਫਿਲਮ 'ਫੂਲੇ' ਦੇ ਟ੍ਰੇਲਰ ਨੂੰ ਲੈ ਕੇ ਸ਼ੁਰੂ ਹੋਇਆ ਸੀ। ਜਦੋਂ 'ਆਲ ਇੰਡੀਆ ਬ੍ਰਾਹਮਣ ਸਮਾਜ' ਨੇ ਟ੍ਰੇਲਰ 'ਤੇ ਇਤਰਾਜ਼ ਜਤਾਇਆ, ਤਾਂ ਅਨੁਰਾਗ ਕਸ਼ਯਪ ਨੇ ਕਥਿਤ ਤੌਰ 'ਤੇ ਭਾਈਚਾਰੇ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਸ਼ਿਕਾਇਤ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਕਸ਼ਯਪ ਪਹਿਲਾਂ ਵੀ ਹਿੰਦੂ ਭਾਈਚਾਰੇ ਬਾਰੇ ਅਜਿਹੀਆਂ ਟਿੱਪਣੀਆਂ ਕਰਦੇ ਰਹੇ ਹਨ।
ਇਹ ਵੀ ਪੜ੍ਹੋ : ਟਰੰਪ ਤੋਂ ਬਾਅਦ ਹੁਣ ਪੁਤਿਨ ਵੀ ਜਾਣਗੇ ਚੀਨ ! ਜਿਨਪਿੰਗ ਨਾਲ ਕਰਨਗੇ ਮੁਲਾਕਾਤ
ਗੈਰ-ਜ਼ਮਾਨਤੀ ਵਾਰੰਟ ਵੀ ਹੋਏ ਸਨ ਜਾਰੀ
ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਅਦਾਲਤ ਵੱਲੋਂ ਕਈ ਵਾਰ ਸੰਮਨ ਭੇਜੇ ਗਏ ਸਨ, ਪਰ ਅਨੁਰਾਗ ਕਸ਼ਯਪ ਦੇ ਪੇਸ਼ ਨਾ ਹੋਣ 'ਤੇ ਉਨ੍ਹਾਂ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਗਏ ਸਨ। ਹੁਣ ਅਦਾਲਤੀ ਹੁਕਮਾਂ ਤੋਂ ਬਾਅਦ ਸੂਰਤ ਪੁਲਸ ਮਾਮਲੇ ਦੀ ਅਗਲੇਰੀ ਜਾਂਚ ਵਿੱਚ ਜੁਟ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
