ਰਾਕੇਸ਼ ਟਿਕੈਤ ਦਾ ਐਲਾਨ- ਕਰਨਾਲ ਦੀ ਤਰਜ਼ ’ਤੇ ਏਲਨਾਬਾਦ ’ਚ ਵੀ ਕਿਸਾਨ ਕਰਨਗੇ ਵਿਰੋਧ ਪ੍ਰਦਰਸ਼ਨ
Monday, Oct 11, 2021 - 03:50 PM (IST)
ਏਲਨਾਬਾਦ (ਸਰੇਂਦਰ ਸਰਦਾਨਾ)— ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਐਲਾਨ ਕੀਤਾ ਹੈ ਕਿ ਏਲਨਾਬਾਦ ਥਾਣੇ ਦੇ ਬਾਹਰ ਕਰਨਾਲ ਅਤੇ ਟੋਹਾਨਾ ਦੀ ਤਰਜ਼ ’ਤੇ ਕਿਸਾਨ ਵਿਰੋਧ ਪ੍ਰਦਰਸ਼ਨ ਕਰਨਗੇ। ਸੰਯੁਕਤ ਕਿਸਾਨ ਮੋਰਚਾ ਦੀ ਅਪੀਲ ’ਤੇ ਕਿਸਾਨਾਂ ਦਾ ਇਹ ਵਿਰੋਧ ਪ੍ਰਦਰਸ਼ਨ ਏਲਨਾਬਾਦ ’ਚ ਭਾਜਪਾ ਆਗੂ ਨਾਲ ਹੋਈ ਧੱਕਾ-ਮੁੱਕੀ ਦੇ ਮਾਮਲੇ ਵਿਚ ਕਿਸਾਨਾਂ ’ਤੇ ਦਰਜ ਮੁਕੱਦਮੇ ਨੂੰ ਲੈ ਕੇ ਹੋਵੇਗਾ। ਉੱਥੇ ਹੀ ਟਿਕੈਤ ਦੇ ਇਸ ਐਲਾਨ ਤੋਂ ਬਾਅਦ ਕਿਸਾਨਾਂ ਵਿਚ ਭਾਜਪਾ ਖ਼ਿਲਾਫ਼ ਰੋਸ ਵੱਧਦਾ ਨਜ਼ਰ ਆ ਰਿਹਾ ਹੈ। ਇੱਥੋਂ ਤਕ ਕਿ ਇਕ ਨੌਜਵਾਨ ਕਿਸਾਨ ਨੇ ਵੀ ਸੋਸ਼ਲ ਮੀਡੀਆ ’ਤੇ ਹੋਰ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਏਲਨਾਬਾਦ ਵਿਚ ਭਾਜਪਾ ਦਾ ਵਿਰੋਧ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਏਲਨਾਬਾਦ ਸਥਿਤ ਗੁਰਦੁਆਰਾ ਸਾਹਿਬ ਵਿਚ ਭਾਜਪਾ-ਜੇ. ਜੇ. ਪੀ. ਦੇ ਉਮੀਦਵਾਰ ਗੋਵਿੰਦ ਕਾਂਡਾ ਆਪਣੇ ਸਮਰਥਕਾਂ ਨਾਲ ਪਹੁੰਚੇ ਸਨ, ਜਿੱਥੋਂ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਗਿਆ। ਇਸ ਦੇ ਨਾਲ ਹੀ ਗੋਵਿੰਦ ਕਾਂਡਾ ਨਾਲ ਧੱਕਾ-ਮੁੱਕੀ ਹੋ ਗਈ। ਜਿਸ ਨੂੰ ਲੈ ਕੇ ਏਲਨਾਬਾਦ ਥਾਣੇ ਵਿਚ ਕੁਝ ਕਿਸਾਨਾਂ ਨੂੰ ਨਾਮਜ਼ਦ ਕਰਦੇ ਹੋਏ ਮੁਕੱਦਮਾ ਦਰਜ ਕੀਤਾ ਗਿਆ। ਉੱਥੇ ਹੀ ਕਿਸਾਨਾਂ ਨੇ ਇਸ ਧੱਕਾ-ਮੁੱਕੀ ਦਾ ਜ਼ਿੰਮੇਵਾਰ ਭਾਜਪਾ ਨੂੰ ਹੀ ਠਹਿਰਾਇਆ ਹੈ ਅਤੇ ਕਿਸਾਨਾਂ ਖ਼ਿਲਾਫ਼ ਦਰਜ ਮੁਕੱਦਮੇ ਵਾਪਸ ਲੈਣ ਦੀ ਮੰਗ ਰੱਖੀ ਹੈ।
ਗੁਰਦੁਆਰਾ ਸਿੰਘ ਸਭਾ ਕਮੇਟੀ ਨੇ ਕੀਤੀ ਨਿੰਦਾ—
ਏਲਨਾਬਾਦ ਦੇ ਗੁਰਦੁਆਰਾ ਸਾਹਿਬ ਵਿਚ ਭਾਜਪਾ ਆਗੂਆਂ ਨਾਲ ਧੱਕਾ-ਮੁੱਕੀ ਨੂੰ ਲੈ ਕੇ ਕੱਲ੍ਹ ਸ਼ਾਮ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਨੇ ਪ੍ਰੈੱਸ ਕਾਨਫਰੰਸ ਕੀਤੀ। ਜਿਸ ਵਿਚ ਕਮੇਟੀ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ। ਇਸ ਘਟਨਾ ਦੀ ਨਿੰਦਾ ਕਰਦੇ ਹੋਏ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਨੇ ਲੋਕਾਂ ਤੋਂ ਮੁਆਫ਼ੀ ਮੰਗੀ ਅਤੇ ਅਪੀਲ ਕਰਦੇ ਹੋਏ ਕਿਹਾ ਕਿ ਇਹ ਚੋਣਾਂ ਸਿਰਫ਼ ਦੋ ਦਿਨ ਦੀਆਂ ਹਨ ਚੋਣਾਂ ਦੌਰਾਨ ਸਾਡਾ ਭਾਈਚਾਰਾ ਨਹੀਂ ਵਿਗੜਨਾ ਚਾਹੀਦਾ। ਗੁਰੂ ਘਰ ਸਾਰਿਆਂ ਦਾ ਹੈ, ਇਸ ਵਿਚ ਕਿਸੇ ਵੀ ਜਾਤ ਜਾਂ ਧਰਮ ਦੇ ਲੋਕ ਆ ਸਕਦੇ ਹਨ, ਉਨ੍ਹਾਂ ਨੂੰ ਇੱਥੇ ਆਦਰ ਹੀ ਮਿਲੇਗਾ।