ਅੰਕਿਤਾ ਭੰਡਾਰੀ ਕਤਲਕਾਂਡ ਦਾ ਮਾਮਲਾ ਮੁੜ ਗਰਮਾਇਆ, ਸੀ. ਬੀ. ਆਈ. ਜਾਂਚ ਦੀ ਉਠਾਈ ਮੰਗ
Sunday, Nov 15, 2026 - 06:01 PM (IST)
ਹਰਿਦੁਆਰ, (ਏਜੰਸੀ)-ਉੱਤਰਾਖੰਡ ’ਚ ਅੰਕਿਤਾ ਭੰਡਾਰੀ ਕਤਲਕਾਂਡ ਦਾ ਮਾਮਲਾ ਮੁੜ ਗਰਮਾ ਗਿਆ ਹੈ। ਮਾਮਲੇ ’ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਪੁਲਕਿਤ ਆਰੀਆ ਦੇ ਪਿਤਾ ਵਿਨੋਦ ਆਰੀਆ ਨੇ ਪ੍ਰੈੱਸ ਦੇ ਰੂ-ਬ-ਰੂ ਹੁੰਦੇ ਹੋਏ ਅੰਕਿਤਾ ਅਤੇ ਉਸ ਦੇ ਬੁਆਏਫ੍ਰੈਂਡ ਪੁਸ਼ਪ ਵਿਚਾਲੇ ਹੋਈ ਗੱਲਬਾਤ ਦੇ ਕੁਝ ਅੰਸ਼ ਜਨਤਕ ਕਰ ਕੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਚੈਟਾਂ ਰਾਹੀਂ ਅੰਕਿਤਾ ਦੀ ਜ਼ਿੰਦਗੀ ਨਾਲ ਜੁੜੇ ਕਈ ਅਜਿਹੇ ਪਹਿਲੂ ਸਾਹਮਣੇ ਆ ਸਕਦੇ ਹਨ, ਜਿਨ੍ਹਾਂ ਦੀ ਹੁਣ ਤੱਕ ਪੜਤਾਲ ਨਹੀਂ ਹੋਈ।
ਨਾਲ ਹੀ ਉਨ੍ਹਾਂ ਅੰਕਿਤਾ ਦੇ ਮਾਤਾ-ਪਿਤਾ ਅਤੇ ਪੁਸ਼ਪ ’ਤੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਾਉਂਦੇ ਹੋਏ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਵਕੀਲ ਅਨੁਜ ਪੁੰਡੀਰ ਦੇ ਨਾਲ ਮੀਡੀਆ ਸਾਹਮਣੇ ਪਹੁੰਚੇ ਵਿਨੋਦ ਆਰੀਆ ਨੇ ਕਿਹਾ ਕਿ ਅੰਕਿਤਾ ਅਤੇ ਪੁਸ਼ਪ ਵਿਚਾਲੇ ਹੋਈ ਗੱਲਬਾਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਸ ਦੀ ਨਿਰਪੱਖ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਸੀ. ਬੀ. ਆਈ. ਤੋਂ ਮੰਗ ਕੀਤੀ ਕਿ ਸਿਰਫ਼ ਜਨਤਕ ਕੀਤੇ ਗਏ ਚੈਟ ਅੰਸ਼ਾਂ ਤੱਕ ਸੀਮਤ ਨਾ ਰਹਿ ਕੇ ਪੂਰੀ ਗੱਲਬਾਤ ਦੀ ਸੱਚਾਈ ਅਤੇ ਉਸ ਦੇ ਸੰਦਰਭਾਂ ਦੀ ਜਾਂਚ ਕੀਤੀ ਜਾਵੇ, ਤਾਂ ਜੋ ਅਸਲ ਹਾਲਾਤ ਸਾਹਮਣੇ ਆ ਸਕਣ। ਵਿਨੋਦ ਆਰੀਆ ਨੇ ਦਾਅਵਾ ਕੀਤਾ ਕਿ ਲੋਕਾਂ ਦੇ ਦਬਾਅ ਕਾਰਨ ਅੰਕਿਤਾ ਦੀ ਮੌਤ ਨੂੰ ਕਤਲ ਦਾ ਮਾਮਲਾ ਬਣਾਇਆ ਗਿਆ ਅਤੇ ਉਨ੍ਹਾਂ ਦੇ ਪੁੱਤਰ ਪੁਲਕਿਤ ਆਰੀਆ ਅਤੇ ਉਸ ਦੇ ਸਾਥੀਆਂ ਨੂੰ ਗ਼ਲਤ ਤਰੀਕੇ ਨਾਲ ਫਸਾਇਆ ਗਿਆ।
