ਅੰਕਿਤਾ ਭੰਡਾਰੀ ਕੇਸ ਦੀ ਹੋਵੇਗੀ CBI ਜਾਂਚ, CM ਧਾਮੀ ਨੇ ਕੀਤੀ ਇਹ ਸਿਫ਼ਾਰਿਸ਼

Friday, Jan 09, 2026 - 08:06 PM (IST)

ਅੰਕਿਤਾ ਭੰਡਾਰੀ ਕੇਸ ਦੀ ਹੋਵੇਗੀ CBI ਜਾਂਚ, CM ਧਾਮੀ ਨੇ ਕੀਤੀ ਇਹ ਸਿਫ਼ਾਰਿਸ਼

ਦੇਹਰਾਦੂਨ : ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅੰਕਿਤਾ ਭੰਡਾਰੀ ਮਾਮਲੇ ਦੀ ਜਾਂਚ CBI ਨੂੰ ਸੌਂਪਣ ਦੀ ਸਿਫ਼ਾਰਿਸ਼ ਕੀਤੀ ਹੈ। ਸੀਐੱਮ ਧਾਮੀ ਨੇ ਕਿਹਾ ਕਿ ਇਸ ਪੂਰੇ ਕੇਸ ਵਿੱਚ ਇਹ ਸਪਸ਼ਟ ਹੋ ਚੁੱਕਾ ਹੈ ਕਿ ਰਾਜ ਸਰਕਾਰ ਨੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਨਿਰਪੱਖਤਾ, ਪਾਰਦਰਸ਼ਤਾ ਅਤੇ ਦ੍ਰਿੜਤਾ ਨਾਲ ਨਿਆਂ ਯਕੀਨੀ ਬਣਾਇਆ ਹੈ।

ਸੀਐੱਮ ਧਾਮੀ ਨੇ ਦੱਸਿਆ ਕਿ ਹਾਲੀਆ ਦਿਨਾਂ ਵਿੱਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਕੁਝ ਆਡੀਓ ਕਲਿੱਪਾਂ ਦੇ ਸਬੰਧ ਵਿੱਚ ਵੱਖ-ਵੱਖ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਜਾਂਚ ਪ੍ਰਕਿਰਿਆ ਲਗਾਤਾਰ ਜਾਰੀ ਹੈ।

‘ਅੰਕਿਤਾ ਸਾਡੀ ਭੈਣ ਤੇ ਧੀ ਵਰਗੀ ਸੀ’ – ਸੀਐੱਮ ਧਾਮੀ
ਮੁੱਖ ਮੰਤਰੀ ਨੇ ਦੋ ਟੂਕ ਕਿਹਾ ਕਿ ਸਰਕਾਰ ਦੀ ਨੀਅਤ ਪੂਰੀ ਤਰ੍ਹਾਂ ਸਾਫ਼ ਹੈ ਅਤੇ ਕਿਸੇ ਵੀ ਤੱਥ ਜਾਂ ਸਬੂਤ ਦੀ ਅਣਦੇਖੀ ਨਹੀਂ ਕੀਤੀ ਜਾਵੇਗੀ। ਭਾਵੁਕ ਹੋ ਕੇ ਉਨ੍ਹਾਂ ਕਿਹਾ ਕਿ ਅੰਕਿਤਾ ਸਿਰਫ਼ ਇੱਕ ਪੀੜਿਤਾ ਨਹੀਂ ਸੀ, ਬਲਕਿ ਉਹ ਸਾਡੀ ਵੀ ਭੈਣ ਅਤੇ ਧੀ ਵਰਗੀ ਸੀ।

ਪੀੜਿਤਾ ਦੇ ਪਰਿਵਾਰ ਨੂੰ ਮਿਲੇ ਸੀਐੱਮ
ਸੀਐੱਮ ਧਾਮੀ ਨੇ ਜਾਣਕਾਰੀ ਦਿੱਤੀ ਕਿ ਹਾਲ ਹੀ ਵਿੱਚ ਉਹ ਖੁਦ ਸਵਰਗੀ ਅੰਕਿਤਾ ਭੰਡਾਰੀ ਦੇ ਮਾਤਾ-ਪਿਤਾ ਨਾਲ ਮਿਲੇ ਸਨ। ਇਸ ਦੌਰਾਨ ਪਰਿਵਾਰ ਵੱਲੋਂ ਕੇਸ ਦੀ CBI ਜਾਂਚ ਦੀ ਮੰਗ ਕੀਤੀ ਗਈ। ਮੁੱਖ ਮੰਤਰੀ ਨੇ ਕਿਹਾ ਕਿ ਮਾਪਿਆਂ ਦੀ ਇਸ ਮੰਗ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਪੂਰਾ ਸਨਮਾਨ ਕਰਦਿਆਂ ਰਾਜ ਸਰਕਾਰ ਨੇ ਮਾਮਲੇ ਦੀ ਜਾਂਚ CBI ਨੂੰ ਸੌਂਪਣ ਦਾ ਫੈਸਲਾ ਲਿਆ ਹੈ।

ਅੰਕਿਤਾ ਨੂੰ ਮਿਲੇਗਾ ਇਨਸਾਫ਼ – ਸੀਐੱਮ
ਸੀਐੱਮ ਧਾਮੀ ਨੇ ਦੁਹਰਾਇਆ ਕਿ ਰਾਜ ਸਰਕਾਰ ਪਹਿਲਾਂ ਵੀ ਨਿਆਂ ਯਕੀਨੀ ਬਣਾਉਣ ਲਈ ਵਚਨਬੱਧ ਰਹੀ ਹੈ ਅਤੇ ਅੱਗੇ ਵੀ ਪੂਰੀ ਦ੍ਰਿੜਤਾ ਤੇ ਸੰਵੇਦਨਸ਼ੀਲਤਾ ਨਾਲ ਅੰਕਿਤਾ ਭੰਡਾਰੀ ਨੂੰ ਇਨਸਾਫ਼ ਦਿਵਾਉਣ ਲਈ ਸੰਕਲਪਬੱਧ ਰਹੇਗੀ।
 


author

Inder Prajapati

Content Editor

Related News