ਪੰਜਾਬ ’ਚ ਬੋਲ਼ੇ ਬੱਚਿਆਂ ਲਈ ਵੱਡਾ ਫ਼ੈਸਲਾ: 125 ਬੱਚਿਆਂ ਦੀ ਮੁਫ਼ਤ ਹੋਵੇਗੀ ਕੋਕਲੀਅਰ ਸਰਜਰੀ

Saturday, Apr 04, 2026 - 05:33 PM (IST)

ਪੰਜਾਬ ’ਚ ਬੋਲ਼ੇ ਬੱਚਿਆਂ ਲਈ ਵੱਡਾ ਫ਼ੈਸਲਾ: 125 ਬੱਚਿਆਂ ਦੀ ਮੁਫ਼ਤ ਹੋਵੇਗੀ ਕੋਕਲੀਅਰ ਸਰਜਰੀ

ਅੰਮ੍ਰਿਤਸਰ (ਦਲਜੀਤ)- ਸਿਹਤ ਵਿਭਾਗ ਨੇ ਜਨਮ ਤੋਂ ਸੁਣਨ ਦੀ ਸਮੱਸਿਆ ਨਾਲ ਜੂਝ ਰਹੇ ਬੱਚਿਆਂ ਲਈ ਵੱਡਾ ਕਦਮ ਚੁੱਕਿਆ ਹੈ। ਸੂਬੇ ਦੇ 125 ਬੋਲ਼ੇ ਬੱਚਿਆਂ ਦੀ ਮੁਫ਼ਤ ਕੋਕਲੀਅਰ ਇੰਪਲਾਂਟ ਸਰਜਰੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਨਾਲ ਇਹ ਬੱਚੇ ਆਮ ਜੀਵਨ ਵੱਲ ਵਾਪਸੀ ਕਰ ਸਕਣਗੇ। ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਵੱਲੋਂ ਇਹ ਸਰਜਰੀਆਂ ਮੁਫ਼ਤ ’ਚ ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜਾਂ ਤਹਿਤ ਕੀਤੀਆਂ ਜਾਣਗੀਆਂ।

ਇਹ ਵੀ ਪੜ੍ਹੋ- ਪੰਜਾਬ 'ਚ ਗੜੇਮਾਰੀ ਨਾਲ ਚਿੱਟੀਆਂ ਹੋਈਆਂ ਸੜਕਾਂ

ਜਾਣਕਾਰੀ ਅਨੁਸਾਰ ਸੂਬੇ ਦੇ ਵੱਖ-ਵੱਖ ਮੈਡੀਕਲ ਕਾਲਜਾਂ ’ਚ ਸਹੂਲਤਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਇਹ ਯੋਜਨਾ ਲਾਗੂ ਕੀਤੀ ਗਈ ਹੈ। ਪਹਿਲੇ ਪੜਾਅ ’ਚ ਅੰਮ੍ਰਿਤਸਰ ਸਮੇਤ ਚਾਰ ਮੁੱਖ ਮੈਡੀਕਲ ਸੰਸਥਾਵਾਂ ’ਚ ਸਰਜਰੀਆਂ ਸ਼ੁਰੂ ਕਰਨ ਦੀ ਤਿਆਰੀ ਹੈ, ਜਿੱਥੇ ਤਕਨੀਕੀ ਢਾਂਚਾ ਅਤੇ ਮਾਹਿਰ ਡਾਕਟਰਾਂ ਦੀ ਉਪਲੱਬਧਤਾ ਯਕੀਨੀ ਬਣਾਈ ਗਈ ਹੈ। ਅੰਮ੍ਰਿਤਸਰ ’ਚ ਉਪਰੋਕਤ ਯੋਜਨਾ ਤਹਿਤ ਅੱਠ ਬੱਚਿਆਂ ਦੀ ਸਫ਼ਲ ਸਰਜਰੀ ਕੀਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਮੁੰਡਾ ਰੱਖੀ ਬੈਠਾ ਸੀ ਅੱਧਾ ਕਿਲੋ ਤੋਂ ਵੱਧ IED, ਹੋ ਜਾਣੀ ਸੀ ਵੱਡੀ ਵਾਰਦਾਤ

ਸਰਕਾਰੀ ਮੈਡੀਕਲ ਕਾਲਜ ਦੀ ਸੀਨੀਅਰ ਪ੍ਰੋ. ਡਾ. ਪਰਮੀਤ ਕੌਰ ਬੱਗਾ

‘‘ਇਸ ਪ੍ਰੋਗਰਾਮ ਦਾ ਮਕਸਦ ਸਿਰਫ਼ ਇਲਾਜ ਤੱਕ ਸੀਮਤ ਨਹੀਂ, ਸਗੋਂ ਬੱਚਿਆਂ ਦੀ ਪੂਰੀ ਰਿਹੈਬਿਲਿਟੇਸ਼ਨ (ਮੁੜ ਵਸੇਬਾ) ਵੀ ਯਕੀਨੀ ਬਣਾਉਣਾ ਹੈ। ਸਰਜਰੀ ਤੋਂ ਬਾਅਦ ਬੱਚਿਆਂ ਨੂੰ ਸੁਣਨ ਅਤੇ ਬੋਲਣ ਦੀ ਟ੍ਰੇਨਿੰਗ ਵੀ ਦਿੱਤੀ ਜਾਵੇਗੀ, ਤਾਂ ਜੋ ਉਹ ਸਮਾਜ ’ਚ ਪੂਰੀ ਤਰ੍ਹਾਂ ਰਲ-ਮਿਲ ਸਕਣ।''

ਇਹ ਵੀ ਪੜ੍ਹੋ- ਅੰਮ੍ਰਿਤਸਰ ’ਚ ਦਹਿਲਾ ਦੇਣ ਵਾਲੀ ਵਾਰਦਾਤ, ਆਟੋ ਚਾਲਕ ਦਾ ਬੇਰਹਿਮੀ ਨਾਲ ਕਤਲ

‘‘ਪਹਿਲੇ ਪੜਾਅ ਲਈ ਕਰੀਬ 3.25 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਜ਼ਰੂਰਤ ਪੈਣ ’ਤੇ ਇਸ ਰਕਮ ’ਚ ਵਾਧਾ ਵੀ ਕੀਤਾ ਜਾ ਸਕਦਾ ਹੈ। ਕੋਕਲੀਅਰ ਇੰਪਲਾਂਟ ਸਰਜਰੀ ਬੋਲ਼ੇ ਬੱਚਿਆਂ ਲਈ ਜੀਵਨ ਬਦਲਣ ਵਾਲੀ ਸਾਬਿਤ ਹੁੰਦੀ ਹੈ। ਜਿਨ੍ਹਾਂ ਬੱਚਿਆਂ ਦੀ ਸੁਣਨ ਦੀ ਸਮਰੱਥਾ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ, ਉਹ ਵੀ ਇਸ ਤਕਨੀਕ ਰਾਹੀਂ ਆਵਾਜ਼ਾਂ ਨੂੰ ਮਹਿਸੂਸ ਕਰ ਸਕਦੇ ਹਨ ਅਤੇ ਬੋਲਣਾ ਸਿੱਖ ਸਕਦੇ ਹਨ। ਉਨ੍ਹਾਂ ਦੱਸਿਆ ਕਿ ਲਾਭਪਾਤਰੀ ਬੱਚਿਆਂ ਦੀ ਚੋਣ ਪੂਰੀ ਤਰ੍ਹਾਂ ਮੈਡੀਕਲ ਮਾਪਦੰਡਾਂ ਦੇ ਆਧਾਰ ’ਤੇ ਕੀਤੀ ਜਾਵੇਗੀ। ਇਸ ਲਈ ਵਿਸ਼ੇਸ਼ ਮੈਡੀਕਲ ਬੋਰਡ ਬਣਾਏ ਗਏ ਹਨ, ਜੋ ਹਰ ਕੇਸ ਦੀ ਗੰਭੀਰਤਾ ਅਤੇ ਯੋਗਤਾ ਦੀ ਜਾਂਚ ਕਰਨਗੇ। ਇਸ ਕਦਮ ਨੂੰ ਸਿਹਤ ਖੇਤਰ ’ਚ ਇਕ ਅਹਿਮ ਪਹੁੰਚ ਮੰਨਿਆ ਜਾ ਰਿਹਾ ਹੈ।

‘‘ਸਰਕਾਰੀ ਮੈਡੀਕਲ ਕਾਲਜ ਦੇ ’ਚ ਅੱਠ ਸਫ਼ਲ ਸਰਜਰੀਆਂ ਕੀਤੀਆਂ ਜਾ ਚੁੱਕੀਆਂ ਹਨ। ਕੋਕਲੀਅਰ ਇੰਪਲਾਂਟ ਇਕ ਅਜਿਹੀ ਆਧੁਨਿਕ ਸਰਜਰੀ ਹੈ ਜਿਸ ਨਾਲ ਸੁਣਨ ਤੋਂ ਵਾਂਝੇ ਵਿਅਕਤੀਆਂ ਨੂੰ ਇਲੈਕਟ੍ਰਾਨਿਕ ਡਿਵਾਈਸ ਰਾਹੀਂ ਆਵਾਜ਼ਾਂ ਸੁਣਨ ਦੀ ਸਮਰੱਥਾ ਮਿਲਦੀ ਹੈ। ਇਹ ਤਕਨੀਕ ਖ਼ਾਸ ਤੌਰ ’ਤੇ ਛੋਟੇ ਬੱਚਿਆਂ ਲਈ ਜ਼ਿਆਦਾ ਪ੍ਰਭਾਵਸ਼ਾਲੀ ਮੰਨੀ ਜਾਂਦੀ ਹੈ।’’

ਇਹ ਵੀ ਪੜ੍ਹੋ- ਪੰਜਾਬ 'ਚ ਅੱਜ ਗੜੇਮਾਰੀ ਤੇ ਤੇਜ਼ ਤੂਫਾਨ ਦੀ ਸੰਭਾਵਨਾ, ਆਉਣ ਵਾਲੇ ਦਿਨਾਂ ਦੀ ਜਾਣੋ Weather Update

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News