ਐਨਕਾਊਂਟਰ ਤੋਂ 20 ਦਿਨ ਬਾਅਦ ਹੋਇਆ ਆਨੰਦਪਾਲ ਦਾ ਅੰਤਿਮ ਸੰਸਕਾਰ, ਇਲਾਕੇ ''ਚ ਤਣਾਅ ਜਾਰੀ

Friday, Jul 14, 2017 - 02:54 AM (IST)

ਐਨਕਾਊਂਟਰ ਤੋਂ 20 ਦਿਨ ਬਾਅਦ ਹੋਇਆ ਆਨੰਦਪਾਲ ਦਾ ਅੰਤਿਮ ਸੰਸਕਾਰ, ਇਲਾਕੇ ''ਚ ਤਣਾਅ ਜਾਰੀ

ਰਾਜਸਥਾਨ— 20 ਦਿਨ ਪਹਿਲਾਂ ਪੁਲਸ ਐਨਕਾਊਂਟਰ 'ਚ ਮਾਰੇ ਗਏ ਰਾਜਸਥਾਨ ਦੇ ਖਤਰਨਾਕ ਗੈਂਗਸਟਰ ਆਨੰਦਪਾਲ ਸਿੰਘ ਦਾ ਅੰਤਿਮ ਸੰਸਕਾਰ ਵੀਰਵਾਰ ਸ਼ਾਮ ਉਸ ਦੇ ਹੀ ਪਿੰਡ ਸਾਂਵਰਾਦ 'ਚ ਪਿੰਡ ਵਾਸੀਆਂ ਦੀ ਮੌਜੂਦਗੀ 'ਚ ਕੀਤਾ ਗਿਆ। ਉਸ ਦੇ ਅੰਤਿਮ ਸੰਸਕਾਰ ਲਈ ਪੁਲਸ ਨੇ ਕਰਫਿਊ 'ਚ 1 ਘੰਟੇ ਦੀ ਰਾਹਤ ਦਿੱਤੀ।
PunjabKesari
ਤੁਹਾਨੂੰ ਦੱਸ ਦਈਏ ਕਿ ਬੁੱਧਵਾਰ ਨੂੰ ਰਾਜਪੁਤ ਸਮਾਜ ਦੀ ਰੈਲੀ 'ਚ ਪ੍ਰਦਰਸ਼ਨ ਦੌਰਾਨ ਹਿੰਸਾ ਤੋਂ ਬਾਅਦ ਸਾਂਵਰਾਦ ਪਿੰਡ 'ਚ ਕਰਫਿਊ ਜਾਰੀ ਕਰ ਦਿੱਤਾ ਗਿਆ ਸੀ। ਪੁਲਸ ਨੇ ਹਿੰਸਾ ਤੋਂ ਬਾਅਦ 211 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਇਨ੍ਹ੍ਹਾਂ 'ਚ ਮੁੱਖ ਤੌਰ 'ਤੇ ਕਰਨੀ ਸੇਨਾ ਦੇ ਰੱਖਿਅਕ ਲੋਕੇਂਦਰ ਸਿੰਘ ਕਾਲਵੀ, ਰਾਜਿੰਦਰ ਸਿੰਘ ਗੁਢਾ ਅਤੇ ਸੁਖਦੇਵ ਸਿੰਘ ਗੋਗਾਮੇਡੀ ਸਣੇ ਕਈ ਮੁੱਖ ਨੇਤਾ ਸ਼ਾਮਲ ਹਨ।
ਜਾਣਕਾਰੀ ਮੁਤਾਬਕ ਬੁੱਧਵਾਰ ਸ਼ਾਮ ਹੋਈ ਹਿੰਸਾ 'ਚ ਪ੍ਰਦਰਸ਼ਨਕਾਰੀਆਂ ਨੇ ਸਾਂਵਰਾਦ ਰੇਲਵੇ ਸਟੇਸ਼ਨ 'ਤੇ ਅੱਗ ਲਗਾ ਕੇ ਪੁਲਸ ਕਰਮੀਆਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਸੀ, ਜਿਸ 'ਚ ਕਈ ਪੁਲਸ ਕਰਮਚਾਰੀ ਜ਼ਖਮੀ ਹੋ ਗਏ ਸੀ। ਉਨ੍ਹਾਂ ਨੇ ਸਾਂਵਰਾਦ ਰੇਲਵੇ ਸਟੇਸ਼ਨ 'ਤੇ 1 ਕਿਲੋਮੀਟਰ ਤਕ ਰੇਲ ਪਟੜੀਆਂ ਨੂੰ ਵੀ ਪੁੱਟ ਦਿੱਤਾ ਸੀ, ਜਿਸ ਕਾਰਨ ਕਰੀਬ ਇਕ ਦਰਜਨ ਰੇਲ ਗੱਡੀਆਂ ਦੇ ਰੂਟ ਬਦਲ ਦਿੱਤੇ ਗਏ। ਰੇਲਵੇ ਵਿਭਾਗ ਵੱਲੋਂ ਪਟੜੀ ਦੀ ਮੁਰੰਮਤ ਦਾ ਕੰਮ ਜਾਰੀ ਹੈ।
ਜ਼ਿਕਰਯੋਗ ਹੈ ਕਿ ਇਸ ਮਾਹੌਲ ਨੂੰ ਦੇਖਦੇ ਹੋਏ ਬੁੱਧਵਾਰ ਸ਼ਾਮ ਹਿੰਸਾ ਤੋਂ ਬਾਅਦ ਵੀਰਵਾਰ ਤਕ ਲਈ ਰਾਜਸਥਾਨ ਦੇ ਚਾਰ ਜ਼ਿਲਿਆਂ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਸੀ ਅਤੇ ਇਸ ਦੇ ਨਾਲ ਹੀ ਬਿਜਲੀ ਅਤੇ ਇਨਟਰਨੈੱਟ ਸੇਵਾਵਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ।


Related News